ਪ੍ਰੇਮ ਸੰਬੰਧਾਂ ਕਾਰਨ ਹੋਇਆ ਸੀ ਪ੍ਰਵਾਸੀ ਨੌਜਵਾਨ ਗੌਰਵ ਦਾ ਕਤਲ

08/21/2018 4:07:45 PM

ਜਲੰਧਰ (ਰਮਨ, ਮਾਹੀ)— ਵੀਰਵਾਰ ਦੇਰ ਰਾਤ ਰੰਧਾਵਾ ਮਸੰਦਾਂ ਸਥਿਤ ਅਜੀਤ ਦੇ ਡੇਰੇ 'ਚ ਬੇਰਹਿਮੀ ਨਾਲ ਹੋਏ ਪ੍ਰਵਾਸੀ ਮਜ਼ਦੂਰ ਗੌਰਵ ਦੇ ਕਤਲ ਮਾਮਲੇ 'ਚ ਪੁਲਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਸ ਨੇ ਉਕਤ ਮਾਮਲੇ 'ਚ ਇਕ ਨੌਜਵਾਨ ਨੂੰ ਰਾਊਂਡਅਪ ਕੀਤਾ ਹੈ। ਭਾਵੇਂ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਸੂਤਰਾਂ ਮੁਤਾਬਕ ਗੌਰਵ ਹੱਤਿਆ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਪਾਰਟੀ ਨੇ ਇਲਾਕੇ ਦੇ ਰਹਿੰਦੇ ਇਕ ਪ੍ਰਵਾਸੀ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ, ਜਿਸ ਨੇ ਪੁਲਸ ਨੂੰ ਸਾਰੀ ਸੱਚਾਈ ਦੱਸ ਦਿੱਤੀ ਹੈ। ਵਾਰਦਾਤ ਵਿਚ ਸ਼ਾਮਲ ਬਾਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਸ ਉਕਤ ਕੇਸ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕਰੇਗੀ।

ਸੂਤਰ ਦੱਸਦੇ ਹਨ ਕਿ ਰਾਊਂਡਅਪ ਕੀਤੇ ਨੌਜਵਾਨ ਨੇ ਪੁਲਸ ਸਾਹਮਣੇ ਖੁਲਾਸਾ ਕੀਤਾ ਹੈ ਕਿ ਪ੍ਰੇਮ ਸੰਬੰਧਾਂ ਕਾਰਨ ਕਤਲ ਕੀਤਾ ਗਿਆ ਸੀ। ਜਿਸ ਲੜਕੀ ਨਾਲ ਗੌਰਵ ਦਾ ਅਫੇਅਰ ਸੀ, ਉਸ ਦੇ ਰਿਸ਼ਤੇਦਾਰ ਅਤੇ ਕੁਝ ਦੋਸਤਾਂ ਨੂੰ ਇਸ ਦੀ ਭਿਣਕ ਪੈ ਗਈ। ਹੱਤਿਆ ਤੋਂ ਕੁਝ ਦਿਨ ਪਹਿਲਾਂ ਇਸੇ ਕਾਰਨ ਗੌਰਵ ਦਾ ਲੜਕਿਆਂ ਨਾਲ ਵਿਵਾਦ ਹੋਇਆ ਸੀ। ਉਸ ਤੋਂ ਬਾਅਦ ਲੜਕਿਆਂ ਨੇ ਗੌਰਵ ਅਤੇ ਲੜਕੀ ਨੂੰ ਫੜ ਲਿਆ ਸੀ, ਜਿਸ ਕਾਰਨ ਗਾਲੀ-ਗਲੋਚ ਵੀ ਹੋਇਆ ਸੀ। ਇਸ ਰੰਜਿਸ਼ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮਕਸੂਦਾਂ ਪੁਲਸ ਰਾਊਂਡਅਪ ਕੀਤੇ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਬਾਕੀ ਹਤਿਆਰਿਆਂ ਨੂੰ ਫੜਨ ਲਈ ਦੇਰ ਰਾਤ ਤੱਕ ਛਾਪੇਮਾਰੀ ਕਰ ਰਹੀ ਸੀ। ਪੁਲਸ ਅਨੁਸਾਰ ਜਲਦੀ ਹੀ ਬਾਕੀ ਹਤਿਆਰਿਆਂ ਨੂੰ ਕਾਬੂ ਕਰ ਲਵੇਗੀ ਤੇ ਜਲਦੀ ਹੀ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕਰੇਗੀ।
ਉਕਤ ਮਾਮਲੇ 'ਚ ਏ. ਐੈੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਹੱਤਿਆ ਮਾਮਲੇ ਨੂੰ ਪੁਲਸ ਜਲਦੀ ਹੀ ਹੱਲ ਕਰ ਲਵੇਗੀ। ਪੁਲਸ ਨੇ ਕੇਸ ਨੂੰ ਤਕਰੀਬਨ ਹੱਲ ਕਰ ਲਿਆ ਹੈ ਅਤੇ ਇਕ ਨੌਜਵਾਨ ਨੂੰ ਰਾਊਂਡਅਪ ਕੀਤਾ ਹੈ ਬਾਕੀਆਂ ਨੂੰ ਫੜਨਾ ਬਾਕੀ ਹੈ ਜਿਨ੍ਹਾਂ ਦੇ ਫੜੇ ਜਾਣ ਤੋਂ ਬਾਅਦ ਖੁਲਾਸਾ ਹੋਵੇਗਾ।

ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਰਸੂਲਪੁਰ ਅਤੇ ਰੰਧਾਵਾ ਮਸੰਦਾਂ ਵਿਚਾਲੇ ਪੈਂਦੇ ਅਜੀਤ ਸਿੰਘ ਰੰਧਾਵਾ ਦੇ ਡੇਰੇ ਵਿਚ ਕੰਮ ਕਰਦੇ ਗੌਰਵ ਕੁਮਾਰ (19) ਪੁੱਤਰ ਬੇਚਨ ਯਾਦਵ ਮੂਲ ਵਾਸੀ ਘਾਵਰਾ ਜ਼ਿਲਾ ਆਰੜੀਆ ਬਿਹਾਰ ਦੀ ਤਿੰਨ ਅਣਪਛਾਤੇ ਲੋਕ ਤੇਜ਼ਧਾਰ ਹਥਿਆਰਾਂ ਨਾਲ ਬੜੀ ਬੇਰਹਿਮੀ ਨਾਲ ਕਤਲ ਕਰਕੇ ਫਰਾਰ ਹੋ ਗਏ ਸਨ। ਘਟਨਾਂ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਕਸੂਦਾਂ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।


Related News