ਅੰਗੂਠਾ ਵੱਢ ਕੇ ਲਿਜਾਣ ਦੇ ਕੇਸ ''ਚ ਇਕ ਗ੍ਰਿਫਤਾਰ

Sunday, Jul 21, 2019 - 06:35 PM (IST)

ਅੰਗੂਠਾ ਵੱਢ ਕੇ ਲਿਜਾਣ ਦੇ ਕੇਸ ''ਚ ਇਕ ਗ੍ਰਿਫਤਾਰ

ਸੁਲਤਾਨਪੁਰ ਲੋਧੀ (ਸੋਢੀ)— ਦੋ ਮਹੀਨੇ ਪਹਿਲਾਂ ਮੁਹੱਲਾ ਰਿਸ਼ੀ ਨਗਰ ਸੁਲਤਾਨਪੁਰ ਲੋਧੀ ਵਿਖੇ ਸੂਰਜ ਧੀਰ ਪੁੱਤਰ ਤੀਰਥ ਰਾਮ ਨਿਵਾਸੀ ਦੀਵਾਨਾ (ਸੁਲਤਾਨਪੁਰ ਲੋਧੀ) ਦੀ ਤੇਜਧਾਰ ਹਥਿਆਰਾਂ ਨਾਲ ਆਪਣੇ ਸਾਥੀਆਂ ਸਮੇਤ ਕੁੱਟਮਾਰ ਕਰਨ ਅਤੇ ਸੂਰਜ ਧੀਰ ਦਾ ਅੰਗੂਠਾ ਵੱਢ ਕੇ ਨਾਲ ਲਿਜਾਣ ਦੇ ਕੇਸ 'ਚ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਅੱਜ ਐਤਵਾਰ ਨੂੰ ਬੇਵੀ ਪੁੱਤਰ ਜਸਵਿੰਦਰਪਾਲ ਸਿੰਘ ਵਾਸੀ ਸੱਦੂਵਾਲ ਹਾਲ ਵਾਸੀ ਮਹੁੱਲਾ ਕਾਜੀ ਬਾਗ ਸੁਲਤਾਨਪੁਰ ਲੋਧੀ ਨੂੰ ਗ੍ਰਿਫਤਾਰ ਕਰਨ ਦੀ ਖਬਰ ਮਿਲੀ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਮੁਲਜਮ ਬੇਵੀ ਅਤੇ ਉਸ ਦੇ ਸਾਥੀਆਂ ਵੱਲੋਂ ਮਿਤੀ 20 ਮਈ ਨੂੰ ਸੂਰਜ ਧੀਰ 'ਤੇ ਹਮਲਾ ਕਰਕੇ ਗੰਭੀਰ ਰੂਪ ਚ ਜਖਮੀ ਕੀਤਾ ਸੀ ਅਤੇ ਉਸ ਦਾ ਹੱਥ ਦਾ ਅੰਗੂਠਾ ਵੀ ਕੱਟ ਕੇ ਵਿਰੋਧੀ ਨਾਲ ਲੈ ਗਏ ਸਨ। 
ਇਸ ਮਾਮਲੇ ਚ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਇਲਾਕੇ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਧਰਨੇ ਵੀ ਲਗਾਏ ਗਏ ਸਨ। ਥਾਣਾ ਮੁਖੀ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸਤਿੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਣ ਸਿੰਘ ਬੱਲ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਆਰੰਭ ਕੀਤੀ ਗਈ ਹੈ, ਜਿਸ ਤਹਿਤ ਇੰਸਪੈਕਟ ਸਰਬਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਏ. ਐੱਸ. ਆਈ. ਅਮਰਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਲੋਹੀਆਂ ਚੁੰਗੀ ਨੇੜਿਓਂ ਬੱਸ ਦੀ ਉਡੀਕ 'ਚ ਖੜ੍ਹੇ ਬੇਵੀ ਪੁੱਤਰ ਜਸਵਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਜਿਸ ਨੂੰ  22 ਜੁਲਾਈ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਚ ਇਸਦੇ ਹੋਰ ਸਾਥੀਆਂ ਬਾਰੇ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।


author

shivani attri

Content Editor

Related News