ਚੋਣ ਜ਼ਾਬਤੇ ’ਚ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਨਿਗਮ ਦੇ 10 ਅਧਿਕਾਰੀਆਂ ਦੇ ਕੰਮਕਾਜ ’ਚ ਕੀਤਾ ‘ਵੱਡਾ ਫੇਰਬਦਲ’

Tuesday, Apr 16, 2024 - 04:34 PM (IST)

ਜਲੰਧਰ (ਪੁਨੀਤ)–ਲੋਕ ਸਭਾ ਚੋਣਾਂ ਕਾਰਨ ਤਬਾਦਲਿਆਂ ਆਦਿ ’ਤੇ ਰੋਕ ਚੱਲ ਰਹੀ ਹੈ, ਜਿਸ ਕਾਰਨ ਮੌਜੂਦਾ ਡਿਊਟੀ ਨਿਭਾਅ ਰਹੇ ਕਰਮਚਾਰੀਆਂ ਨੂੰ ਚੋਣਾਂ ਤਕ ਤਬਾਦਲਾ ਹੋਣ ਦਾ ਕੋਈ ਡਰ ਨਹੀਂ ਹੈ ਪਰ ਇਸੇ ਵਿਚਕਾਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਕੰਮਕਾਜ ਵਿਚ ਵੱਡੇ ਪੱਧਰ ’ਤੇ ਫੇਰਬਦਲ ਹੋਇਆ ਹੈ। ਨਗਰ ਨਿਗਮ ਦੇ ਆਈ. ਏ. ਐੱਸ. ਅਧਿਕਾਰੀ ਗੌਤਮ ਜੈਨ ਵੱਲੋਂ 10 ਦੇ ਲਗਭਗ ਨਿਗਮ ਅਧਿਕਾਰੀਆਂ ਦੇ ਕੰਮਾਂ ਵਿਚ ਫੇਰਬਦਲ ਕੀਤਾ ਗਿਆ, ਜਿਸ ਨੂੰ ਲੈ ਕੇ ਨਿਗਮ ਅਧਿਕਾਰੀਆਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਖੁੱਲ੍ਹ ਕੇ ਭਾਵੇਂ ਕੋਈ ਨਹੀਂ ਬੋਲ ਰਿਹਾ ਪਰ ਇਸ ਬਦਲਾਅ ਨੂੰ ਲੈ ਕੇ ਕਈਆਂ ਵਿਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਜਿਨ੍ਹਾਂ ਕਰਮਚਾਰੀਆਂ ਦੇ ਕੰਮਾਂ ਵਿਚ ਬਦਲਾਅ ਕੀਤਾ ਗਿਆ ਹੈ, ਉਨ੍ਹਾਂ ਵਿਚ ਏ. ਟੀ. ਪੀ. (ਅਸਿਸਟੈਂਟ ਟਾਊਨ ਪਲੈਨਰ) ਦਾ ਨਾਂ ਵੀ ਸ਼ਾਮਲ ਹੈ।

ਨਿਗਮ ਕਮਿਸ਼ਨਰ ਦੇ ਦਫ਼ਤਰੀ ਹੁਕਮ ਨੰਬਰ 3318 ਜ਼ਰੀਏ ਅਧਿਕਾਰੀਆਂ ਦਾ ਫੇਰਬਦਲ ਹੋਇਆ ਹੈ ਅਤੇ ਉਕਤ ਲਿਸਟ ਸੋਮਵਾਰ ਸਾਹਮਣੇ ਆਈ ਹੈ, ਜਦਕਿ ਹੁਕਮ ਛੁੱਟੀ ਤੋਂ ਪਹਿਲਾਂ ਜਾਰੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸੇ ਲੜੀ ਵਿਚ ਆਉਣ ਵਾਲੇ ਦਿਨਾਂ ਵਿਚ ਨਿਗਮ ਵਿਚ ਹਲਚਲ ਹੁੰਦੀ ਵੇਖਣ ਨੂੰ ਮਿਲੇਗੀ। ਦੱਬੀ ਜ਼ੁਬਾਨ ਵਿਚ ਕਈਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਚੋਣਾਂ ਦੌਰਾਨ ਇਸ ਤਰ੍ਹਾਂ ਵਿਭਾਗਾਂ ਵਿਚ ਫੇਰਬਦਲ ਕਰਨਾ ਕਿੰਨਾ ਸਹੀ ਹੈ। ਇਸੇ ਲੜੀ ਵਿਚ ਏ. ਟੀ. ਪੀ. (ਸਹਾਇਕ ਟਾਊਨ ਪਲਾਨਰ) ਰਾਜ ਕੁਮਾਰ ਆਪਣੇ ਕੰਮ ਤੋਂ ਇਲਾਵਾ ਸੈਕਟਰ 11-12 ਦਾ ਕੰਮ ਵੀ ਦੇਖਿਆ ਕਰਨਗੇ। ਇਸੇ ਤਰ੍ਹਾਂ ਨਾਲ ਹੈੱਡ ਡਰਾਫਟਸਮੈਨ ਮਦਨਜੀਤ ਿਸੰਘ ਬੇਦੀ ਨੂੰ ਸੈਕਟਰ 6-ਏ, 7-ਏ (ਰਜਿੰਦਰ ਸ਼ਰਮਾ ਦੀ ਛੁੱਟੀ ਦੌਰਾਨ), 12-ਏ ਦੇ ਏ. ਟੀ. ਪੀ. ਦਾ ਕੰਮ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਨੌਜਵਾਨ ਦਾ ਹੋਇਆ ਅੰਤਿਮ ਸੰਸਕਾਰ, ਭੁੱਬਾਂ ਮਾਰ ਰੋਇਆ ਪਰਿਵਾਰ

ਉਥੇ ਹੀ, ਹੈੱਡ ਡਰਾਫਟਸਮੈਨ ਸੁਖਦੇਵ ਵਸ਼ਿਸ਼ਟ ਵੱਲੋਂ ਸ਼ਿਕਾਇਤਾਂ, ਆਰ. ਟੀ. ਆਈ., ਲੋਕਪਾਲ ਅਤੇ ਕੋਰਟ ਕੇਸ ਦਾ ਕੰਮ ਦਿੱਤਾ ਗਿਆ ਹੈ। ਚੀਫ ਸੈਨੇਟਰੀ ਇੰਸ. ਹਿਤੇਸ਼ ਅਗਰਵਾਲ ਨੂੰ ਹੈਲਥ ਸ਼ਾਖਾ ਦੇ ਸੁਪਰਿੰਟੈਂਡੈਂਟ ਦਾ ਵਾਧੂ ਕਾਰਜ ਸੌਂਪਿਆ ਗਿਆ ਹੈ। ਇਸੇ ਤਰ੍ਹਾਂ ਨਾਲਸੁਪਰਡੈਂਟ ਰਜਨੀ ਬਾਲਾ ਨੂੰ ਵਾਧੂ ਹੈਲਥ ਸ਼ਾਖਾ ਦਾ ਕੰਮ ਦਿੱਤਾ ਗਿਆ ਹੈ। ਸੁਪਰਿੰਟੈਂਡੈਂਟ ਮਹੀਪ ਸਰੀਨ ਆਪਣੇ ਕੰਮਾਂ ਦੇ ਨਾਲ-ਨਾਲ ਅਸਲਾ ਸ਼ਾਖਾ ਦਾ ਕੰਮ ਦੇਖਿਆ ਕਰਨਗੇ, ਜਦਕਿ ਹਰਪ੍ਰੀਤ ਵਾਲੀਆ ਆਉਣ ਵਾਲੇ ਸਬੰਧੀ ਕੰਮ ਨੂੰ ਦੇਖਿਆ ਕਰਨਗੇ। ਇਸੇ ਰੈਂਕ ਦੇ ਰਾਜ ਕੁਮਾਰ ਦੇ ਕੰਮ ਵਿਚ ਵੀ ਵਾਧਾ ਹੋਇਆ ਹੈ, ਜਦਕਿ ਵਿੱਕੀ ਸਹੋਤਾ ਨੂੰ ਐਡਵਰਟਾਈਜ਼ਿੰਗ ਦਾ ਕੰਮ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨਾਲ ਅਮਿਤ ਸ਼ਰਮਾ ਨੂੰ ਹਫਤੇ ਿਵਚ 3 ਦਿਨ ਲੇਖਾ ਸ਼ਾਖਾ ਦਾ ਕੰਮ ਦੇਖਣ ਦੇ ਹੁਕਮ ਜਾਰੀ ਹੋਏ ਹਨ।

ਏ. ਟੀ. ਪੀ. ਸੁਖਦੇਵ ਤੋਂ ਫੀਲਡ ਦਾ ਕੰਮ ਲਿਆ ਵਾਪਸ
ਨਾਜਾਇਜ਼ ਨਿਰਮਾਣਾਂ ’ਤੇ ਕਾਰਵਾਈ ਕਰਨ ਵਾਲੇ ਏ. ਟੀ. ਪੀ. ਸੁਖਦੇਵ ਤੋਂ ਫੀਲਡ ਦਾ ਕੰਮ ਵਾਪਸ ਲੈ ਲਿਆ ਗਿਆ ਹੈ। ਪਿਛਲੇ ਿਦਨਾਂ ਦੌਰਾਨ ਨਾਜਾਇਜ਼ ਨਿਰਮਾਣਾਂ ਨੂੰ ਲੈ ਕੇ ਵੱਡੇ ਪੱਧਰ ’ਤੇ ਨੋਟਿਸ ਜਾਰੀ ਹੋਏ ਸਨ ਅਤੇ ਲੋਕਾਂ ਵਿਚ ਹਲਚਲ ਹੋਈ ਸੀ। ਇਸ ਅਹੁਦੇ ਦੇ ਅਧਿਕਾਰੀ ਤੋਂ ਫੀਲਡ ਦਾ ਕੰਮ ਵਾਪਸ ਲੈਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਕਿ ਕੀ ਕਿਸੇ ਸ਼ਿਕਾਇਤ ਦੇ ਆਧਾਰ ’ਤੇ ਇਹ ਕਾਰਵਾਈ ਹੋਈ ਹੈ ਜਾਂ ਰੁਟੀਨ ਵਿਚ ਕੀਤਾ ਗਿਆ ਫੇਰਬਦਲ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ ਲੰਡਾ ਗਿਰੋਹ ਦੇ 12 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਚੋਣ ਕਮਿਸ਼ਨ ਤੋਂ ਸ਼ਿਕਾਇਤ ਕਰਵਾਉਣ ਦੀ ਤਿਆਰੀ
ਨਿਗਮ ਵਿਚ ਹੋਏ ਵੱਡੇ ਪੱਧਰ ’ਤੇ ਫੇਰਬਦਲ ਨੂੰ ਲੈ ਕੇ ਕਈ ਨਿਗਮ ਅਧਿਕਾਰੀਆਂ ਵਿਚ ਘੁਸਰ-ਮੁਸਰ ਦੇਖਣ ਨੂੰ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਲੜੀ ਵਿਚ ਚੋਣ ਕਮਿਸ਼ਨ ਤੋਂ ਸ਼ਿਕਾਇਤ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਕਤ ਸ਼ਿਕਾਇਤ ਕਿਸੇ ਸਿਆਸੀ ਪਾਰਟੀ ਵੱਲੋਂ ਕੀਤੀ ਜਾਵੇਗੀ ਜਾਂ ਕੋਈ ਵਿਅਕਤੀ ਨਿੱਜੀ ਤੌਰ ’ਤੇ ਇਸਦੀ ਸ਼ਿਕਾਇਤ ਕਰੇਗਾ? ਹੁਣ ਵੇਖਣਾ ਹੋਵੇਗਾ ਕਿ ਇਸ ’ਤੇ ਕੀ ਘਟਨਾਕ੍ਰਮ ਹੁੰਦਾ ਹੈ। ਦੂਜੇ ਪਾਸੇ ਜਾਣਕਾਰਾਂ ਦਾ ਕਹਿਣਾ ਹੈ ਕਿ ਨਿਗਮ ਕਮਿਸ਼ਨਰ ਨੇ ਜੋ ਵੀ ਫੇਰਬਦਲ ਕੀਤਾ ਹੈ, ਉਹ ਸੋਚ ਸਮਝ ਕੇ ਕੀਤਾ ਹੋਵੇਗਾ। ਸੰਭਵ ਹੈ ਕਿ ਵਿਭਾਗਾਂ ਦਾ ਫੇਰਬਦਲ ਕਰਨ ’ਤੇ ਚੋਣ ਕਮਿਸ਼ਨ ਨੂੰ ਕੋਈ ਇਤਰਾਜ਼ ਨਾ ਹੋਵੇ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ: ਇਕ ਵਾਰ ਫਿਰ ਜ਼ਰੂਰਤ ਸਮੇਂ ਗਾਇਬ ਹੋਏ ਕ੍ਰਿਕਟਰ ਹਰਭਜਨ ਸਿੰਘ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News