ਮਗਨਰੇਗਾ ਸਕੀਮ ਤਹਿਤ ਜ਼ਿਲੇ ''ਚ 24.50 ਕਰੋੜ ਰੁਪਏ ਖਰਚ ਕੀਤੇ: ਏ. ਡੀ. ਸੀ.

04/11/2018 2:49:13 PM

ਕਪੂਰਥਲਾ (ਗੁਰਵਿੰਦਰ ਕੌਰ, ਮਲਹੋਤਰਾ)— ਏ. ਡੀ. ਸੀ. (ਵਿਕਾਸ) ਅਵਤਾਰ ਸਿੰਘ ਭੁੱਲਰ ਨੇ ਮੰਗਲਵਾਰ ਸਮੂਹ ਬੀ. ਡੀ. ਪੀ. ਓਜ਼, ਸਬੰਧਤ ਵਿਭਾਗਾਂ ਅਤੇ ਮਗਨਰੇਗਾ ਸਟਾਫ ਨਾਲ ਅਹਿਮ ਮੀਟਿੰਗ ਕੀਤੀ, ਜਿਸ ਦੌਰਾਨ ਮਗਨਰੇਗਾ ਸਕੀਮ ਅਧੀਨ ਸਾਲ 2017-18 ਦੀ ਵਿੱਤੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਸਾਲ 2018-19 ਦੌਰਾਨ ਮਗਨਰੇਗਾ ਸਕੀਮ ਅਧੀਨ ਕਰਵਾਏ ਜਾਣ ਵਾਲੇ ਕੰਮਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਏ. ਡੀ. ਸੀ. ਭੁੱਲਰ ਨੇ ਡਰੇਨੇਜ, ਭੂਮੀ ਰੱਖਿਆ, ਬਾਗਬਾਨੀ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਗਨਰੇਗਾ ਦੇ ਫੰਡਾਂ ਨਾਲ ਦੂਜੇ ਵਿਭਾਗਾਂ ਦੇ ਫੰਡਾਂ ਦੀ ਕਨਵਰਜੈਂਸ ਕਰਕੇ ਕੰਮ ਸ਼ੁਰੂ ਕਰਵਾਉਣ ਅਤੇ ਹਦਾਇਤ ਕੀਤੀ ਕਿ ਸਾਲ 2018-19 ਦੌਰਾਨ ਮਗਨਰੇਗਾ ਦੇ ਫੰਡਾਂ ਨਾਲ ਕਨਵਰਜੈਂਸ ਕਰਕੇ ਡਰੇਨਾਂ, ਬੰਨ੍ਹਾਂ, ਨਹਿਰਾਂ, ਪਾਰਕਾਂ, ਛੱਪੜਾਂ ਦੀ ਪਾਈਪ ਲਾਈਨ ਅਤੇ ਜੰਗਲਾਤ ਵਿਭਾਗ ਵੱਲੋਂ ਸੜਕਾਂ ਅਤੇ ਬੰਨ੍ਹਾਂ ਦੇ ਕਿਨਾਰਿਆਂ 'ਤੇ ਰੁੱਖ ਲਗਾਉਣ ਦੇ ਕਰਵਾਏ ਜਾਣ ਵਾਲੇ ਕੰਮਾਂ ਦੇ ਪ੍ਰਾਜੈਕਟ ਤਿਆਰ ਕਰਕੇ ਤੁਰੰਤ ਭੇਜੇ ਜਾਣ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਜ਼ਿਲਾ ਕਪੂਰਥਲਾ ਵੱਲੋਂ ਸਾਲ 2017-18 ਦੌਰਾਨ ਮਾਰਚ ਮਹੀਨੇ ਤੱਕ 24.50 ਕਰੋੜ ਰੁਪਏ ਦੇ ਫੰਡ ਖਰਚ ਕੀਤੇ ਗਏ ਹਨ, ਜਦਕਿ ਸਾਲ 2016-17 ਦੌਰਾਨ 17.08 ਕਰੋੜ ਰੁਪਏ ਦੇ ਫੰਡ ਖ਼ਰਚ ਕੀਤੇ ਗਏ ਸਨ। ਇਸ ਤਰ੍ਹਾਂ ਪਿਛਲੇ ਸਾਲ ਨਾਲੋਂ ਕੁਲ 7.42 ਕਰੋੜ ਰੁਪਏ ਦੀ ਪ੍ਰਗਤੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ 'ਚ ਵਿੱਤੀ ਬੀਤੇ ਵਰ੍ਹੇ ਦੌਰਾਨ 19221 ਪਰਿਵਾਰਾਂ ਨੂੰ ਕੰਮ ਦਿੱਤਾ ਗਿਆ ਅਤੇ 42 ਪਾਰਕ, 121 ਖੇਡ ਮੈਦਾਨ, 88 ਕੈਟਲ ਸ਼ੈੱਡ, 181 ਡੇਰੇ-ਢਾਣੀਆਂ ਦੇ ਰਸਤੇ ਪੱਕੇ ਕਰਨ, 35 ਫਾਰਮ ਪੌਂਡ ਅਤੇ 138 ਸੋਕੇਜ਼ ਪਿੱਟ ਦੇ ਕੰਮ ਕਰਵਾਏ ਗਏ ਹਨ। 
ਇਸ ਮੌਕੇ ਡੀ. ਡੀ. ਪੀ. ਓ. ਕਪੂਰਥਲਾ ਇਕਬਾਲਜੀਤ ਸਿੰਘ, ਉੱਪ ਕਾਰਜਕਾਰੀ ਅਫ਼ਸਰ ਜ਼ਿਲਾ ਪ੍ਰੀਸ਼ਦ ਗੁਰਦਰਸ਼ਨ ਲਾਲ ਕੁੰਡਲ, ਆਈ. ਟੀ. ਮੈਨੇਜਰ (ਨ) ਰਾਜੇਸ਼ ਰਾਏ, ਬੀ. ਡੀ. ਪੀ. ਓ. ਢਿੱਲਵਾਂ ਸੇਵਾ ਸਿੰਘ, ਬੀ. ਡੀ. ਪੀ. ਓ ਫਗਵਾੜਾ ਜਸਵੀਰ ਸਿੰਘ ਮਿਨਹਾਸ, ਬੀ. ਡੀ. ਪੀ. ਓ. ਨਡਾਲਾ ਸਤੀਸ਼ ਕੁਮਾਰ, ਬੀ. ਡੀ. ਪੀ. ਓ. ਸੁਲਤਾਨਪੁਰ ਲੋਧੀ ਪ੍ਰਗਟ ਸਿੰਘ, ਬੀ. ਡੀ. ਪੀ. ਓ. ਕਪੂਰਥਲਾ ਕੁਲਦੀਪ ਕੌਰ, ਐੱਸ. ਡੀ. ਓ. ਡਰੇਨੇਜ ਕੰਵਲਜੀਤ, ਐੱਸ. ਡੀ. ਓ. ਭੂਮੀ ਰੱਖਿਆ ਵਿਭਾਗ ਰਵਿੰਦਰ ਸਿੰਘ, ਬਲਾਕ ਰੇਂਜ ਜੰਗਲਾਤ ਅਫਸਰ ਸੁਲਤਾਨਪੁਰ ਲੋਧੀ ਕੁਲਦੀਪ, ਸਹਾਇਕ ਬਾਗਬਾਨੀ ਅਫਸਰ ਮਨਪ੍ਰੀਤ ਕੌਰ ਤੋਂ ਇਲਾਵਾ ਬਲਾਕਾਂ ਦੇ ਮਗਨਰੇਗਾ ਸਟਾਫ ਹਾਜ਼ਰ ਸੀ।


Related News