ਲਵਲੀ ਆਟੋਜ਼ ਗੋਲੀਕਾਂਡ: 14 ਦਿਨ ਬੀਤਣ ''ਤੇ ਵੀ ਪੁਲਸ ਨਹੀਂ ਦਿਖਾ ਸਕੀ ਗਨ ਹਾਊਸ ਦੇ ਮਾਲਕ ਦੀ ਗ੍ਰਿਫਤਾਰੀ

05/15/2019 4:54:35 PM

ਜਲੰਧਰ (ਜ.ਬ.)— ਕਰੀਬ 14 ਦਿਨਾਂ ਬਾਅਦ ਵੀ ਥਾਣਾ ਨੰ. 4 ਦੀ ਪੁਲਸ ਕਪੂਰਥਲਾ ਦੇ ਗਨ ਹਾਊਸ ਦੇ ਮਾਲਕ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹਾਲਾਂਕਿ ਪੁਲਸ ਦਾ ਕਹਿਣਾ ਸੀ ਕਿ ਉਹ ਟੀਚੇ ਦੇ ਬਿਲਕੁਲ ਕਰੀਬ ਹੈ ਅਤੇ ਜਲਦ ਹੀ ਚਾਚਾ ਗਨ ਹਾਊਸ ਦੇ ਮਾਲਕ ਅਤੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਲਾਂਕਿ ਪੁਲਸ ਨੇ ਪਤਾ ਲਗਾ ਲਿਆ ਸੀ ਕਿ ਰਿਵਾਲਵਰ ਕਪੂਰਥਲਾ ਦੇ ਉਕਤ ਗਨ ਹਾਊਸ ਤੋਂ ਬਾਹਰ ਨਿਕਲੀ ਸੀ ਅਤੇ ਬੀਤੀ 6 ਮਈ ਨੂੰ ਮਨਪ੍ਰੀਤ ਉਰਫ ਵਿੱਕੀ ਨੇ ਨਕੋਦਰ ਚੌਕ ਸਥਿਤ ਲਵਲੀ ਆਟੋ ਦੀ ਦੂਜੀ ਮੰਜ਼ਿਲ ਦੀ ਕੰਟੀਨ 'ਚ ਲੜਕੀ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਅਤੇ ਖੁਦ ਨੂੰ ਵੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀ। ਗਨ ਹਾਊਸ ਦੀ ਮਿਲੀਭੁਗਤ ਨਾਲ ਮਨਪ੍ਰੀਤ ਨੇ ਰਿਵਾਲਵਰ ਲਈ ਸੀ। ਰਾਜਨੀਤਿਕ ਦਬਾਅ ਅਤੇ ਪੁਲਸ ਨਾਲ ਸੈਟਿੰਗ ਕਾਰਨ ਪੁਲਸ ਗਨ ਹਾਊਸ ਮਾਲਕ ਦੀ ਗ੍ਰਿਫਤਾਰੀ ਨਹੀਂ ਦਿਖਾ ਸਕੀ।

ਸੂਤਰ ਦੱਸਦੇ ਹਨ ਕਿ ਚਾਚਾ ਗਨ ਹਾਊਸ ਮਾਲਕ ਵੱਲੋਂ ਪੁਲਸ 'ਤੇ ਦਬਾਅ ਬਣਾਇਆ ਗਿਆ ਹੈ। ਗਨ ਹਾਊਸ ਮਾਲਕ ਦੀਆਂ ਉੱਚ ਅਧਿਕਾਰੀਆਂ ਨਾਲ ਨਜ਼ਦੀਕੀਆਂ ਦੇ ਲਿਹਾਜ਼ ਨਾਲ ਪੁਲਸ ਵੱਲੋਂ ਮਾਮਲੇ 'ਚ ਢਿੱਲ ਵਰਤੀ ਜਾ ਰਹੀ ਹੈ। ਅੰਦਰਖਾਤੇ ਪੁਲਸ ਨੂੰ ਪੂਰੀ ਜਾਣਕਾਰੀ ਹੈ ਕਿ ਗਨ ਹਾਊਸ ਮਾਲਕ ਕਿਥੇ ਹੈ। ਪੁਲਸ ਇਲੈਕਸ਼ਨਾਂ 'ਚ ਰੁੱਝੀ ਹੋਣ ਕਾਰਨ ਸਮਾਂ ਨਹੀਂ ਕੱਢ ਰਹੀ। ਪੁਲਸ ਨੇ ਦੱਸਿਆ ਕਿ ਜਲੰਧਰ ਪੁਲਸ ਦੀਆਂ ਟੀਮਾਂ ਨੇ ਕਪੂਰਥਲਾ ਦੇ ਗਨ ਹਾਊਸ 'ਚ ਛਾਪੇਮਾਰੀ ਕੀਤੀ ਪਰ ਉਸ ਤੋਂ ਪਹਿਲਾਂ ਹੀ ਗਨ ਹਾਊਸ ਸਟਾਫ ਅਤੇ ਮਾਲਕ ਉਥੋਂ ਭੱਜ ਗਏ। ਪੁਲਸ ਨੂੰ ਪਤਾ ਲੱਗਾ ਹੈ ਕਿ ਚਾਚਾ ਗਨ ਹਾਊਸ 'ਚ ਕਪੂਰਥਲਾ ਦੀ ਮਨਜੀਤ ਕੌਰ ਦੇ ਨਾਂ 'ਤੇ ਅਸਲਾ ਜਮ੍ਹਾ ਸੀ ਪਰ ਇਹ ਅਸਲਾ ਮਨਪ੍ਰੀਤ ਕੋਲ ਕਿਵੇਂ ਪਹੁੰਚਿਆ, ਦਾ ਪਤਾ ਲਗਾ ਰਹੀ ਹੈ। ਉਥੇ ਥਾਣਾ ਮੁਖੀ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਜਲਦੀ ਹੀ ਗਨ ਹਾਊਸ ਮਾਲਕ ਨੂੰ ਗ੍ਰਿਫਤਾਰ ਕਰ ਲਵੇਗੀ।

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਜੋਤੀ ਚੌਕ ਜਲੰਧਰ ਇਕ ਗਨ ਹਾਊਸ 'ਚ ਗੋਲੀ ਚੱਲੀ ਸੀ। ਪੁਲਸ ਨੇ ਗਨ ਹਾਊਸ ਮਾਲਕ 'ਤੇ ਮਾਮਲਾ ਦਰਜ ਕੀਤਾ ਸੀ ਪਰ ਪੁਲਸ ਗਨ ਹਾਊਸ ਦੇ ਮਾਲਕ ਨੂੰ ਪਰਚਾ ਦਰਜ ਕਰਨ ਦੇ ਬਾਵਜੂਦ ਫੜ ਨਾ ਸਕੀ। ਅਦਾਲਤ 'ਚ ਚਲਾਨ ਪੇਸ਼ ਕਰਨ ਤੋਂ ਪਹਿਲਾਂ ਹੀ ਪਾਰਟੀਆਂ 'ਚ ਰਾਜ਼ੀਨਾਮਾ ਹੋ ਗਿਆ ਸੀ।


shivani attri

Content Editor

Related News