ਲਵਲੀ ਆਟੋਜ਼ ਗੋਲੀਕਾਂਡ: ਗ੍ਰਿਫਤਾਰ ਕੀਤੇ ਗਏ ਪਿਓ-ਪੁੱਤ 4 ਦਿਨ ਦੇ ਪੁਲਸ ਰਿਮਾਂਡ ''ਤੇ

03/02/2020 12:15:22 PM

ਜਲੰਧਰ (ਜ. ਬ.)— ਲਵਲੀ ਆਟੋ ਗੋਲੀਕਾਂਡ ਮਾਮਲੇ 'ਚ ਨਾਜਾਇਜ਼ ਤੌਰ 'ਤੇ ਮਨਚਲੇ ਆਸ਼ਿਕ ਨੂੰ ਅਸਲਾ ਵੇਚਣ ਵਾਲੇ ਮਾਮਲੇ 'ਚ ਭਗੌੜਾ ਚੱਲ ਰਹੇ ਚਾਚਾ ਗੰਨ ਹਾਊਸ ਦੇ ਮਾਲਕ ਸਵਰਨਜੀਤ ਸਿੰਘ ਉਰਫ ਸਵਰਨਾ ਚਾਚਾ ਪੁੱਤਰ ਪੂਰਨ ਸਿੰਘ ਅਤੇ ਉਸ ਦੇ ਬੇਟੇ ਬਿਕਰਮਜੀਤ ਸਿੰਘ ਵਾਸੀ ਮੁਹੱਲਾ ਇਸਲਾਮਗੰਜ ਦੀ ਥਾਣਾ ਨੰ. 4 ਦੀ ਪੁਲਸ ਨੇ ਗ੍ਰਿਫਤਾਰੀ ਦਿਖਾ ਦਿੱਤੀ ਹੈ। ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਨੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਪ੍ਰੈੱਸ ਕਾਫਰੰਸ ਦੌਰਾਨ ਏ. ਡੀ. ਸੀ. ਪੀ. ਕ੍ਰਾਈਮ ਗੁਰਮੀਤ ਸਿੰਘ, ਬਿਮਲਕਾਂਤ ਏ. ਸੀ. ਪੀ. ਹੈੱਡਕੁਆਰਟਰ ਅਤੇ ਥਾਣਾ ਨੰ. 4 ਦੇ ਮੁਖੀ ਰਛਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਗ੍ਰਿਫਤਾਰ ਪਿਉ-ਪੁੱਤ ਨੇ ਹੀ ਮਨਚਲੇ ਆਸ਼ਿਕ ਮਨਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਨੂੰ ਰਿਵਾਲਵਰ ਵੇਚਿਆ ਸੀ। ਉਸ ਰਿਵਾਲਵਰ ਨਾਲ ਹੀ ਮਈ 2019 'ਚ ਨੌਜਵਾਨ ਨੇ ਲਵਲੀ ਆਟੋ 'ਚ ਦਾਖਲ ਹੋ ਕੇ ਦਿਨ-ਦਿਹਾੜੇ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਵੀ ਸੁਸਾਈਡ ਕਰ ਲਿਆ ਸੀ। ਇਸ ਸਬੰਧ 'ਚ ਥਾਣਾ ਨੰ. 4 ਦੀ ਪੁਲਸ ਨੇ ਜਾਂਚ ਤੋਂ ਬਾਅਦ ਚਾਚਾ ਗੰਨ ਹਾਊਸ ਦੇ ਪਿਉ-ਪੁੱਤ 'ਤੇ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਨੂੰ ਪੁਲਸ ਨੇ ਭਗੌੜਾ ਕਰਾਰ ਵੀ ਕਰ ਦਿੱਤਾ ਸੀ। ਬੀਤੇ ਦਿਨੀਂ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੋਵਾਂ ਨੂੰ ਦਿਓਲ ਨਗਰ ਤੋਂ ਗ੍ਰਿਫਤਾਰ ਕੀਤਾ ਹੈ।

ਚਾਚਾ ਗੰਨ ਹਾਊਸ ਦਾ ਅਸਲੀ ਮਾਲਕ 3 ਸਾਲਾਂ ਤੋਂ ਰਹਿ ਰਿਹੈ ਵਿਦੇਸ਼
ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਪਿਉ-ਪੁੱਤ ਜੋ ਚਾਚਾ ਗੰਨ ਹਾਊਸ ਦੇ ਨਾਂ ਨਾਲ ਦੋ ਬ੍ਰਾਂਚਾਂ ਚਲਾ ਰਹੇ ਸੀ, ਉਸ ਦਾ ਅਸਲੀ ਮਾਲਕ ਇਨ੍ਹਾਂ ਦਾ ਰਿਸ਼ਤੇਦਾਰ ਸੰਦੀਪ ਸਿੰਘ ਹੈ, ਜੋ 3 ਸਾਲ ਤੋਂ ਵਿਦੇਸ਼ ਗਿਆ ਹੋਇਆ ਹੈ। ਗੰਨ ਹਾਊਸ 'ਚ ਕੰਮ ਕਰਦੇ ਦੋਵੇਂ ਦੋਸ਼ੀ ਸਰਵਨਜੀਤ ਅਤੇ ਬਿਕਰਮਜੀਤ ਸਿੰਘ ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਅਸਲਾ ਲਾਇਸੈਂਸ ਧਾਰਕਾਂ ਦਾ ਅਸਲਾ ਜਮ੍ਹਾ ਕਰਕੇ ਉਨ੍ਹਾਂ ਨੂੰ ਰਸੀਦ 'ਤੇ ਸੰਦੀਪ ਸਿੰਘ ਦੇ ਨਾਂ ਦੇ ਹਸਤਾਖਰ ਕਰਦੇ ਸਨ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਚਾਚਾ ਗੰਨ ਹਾਊਸ ਦਾ ਅਸਲੀ ਮਾਲਕ ਸੰਦੀਪ ਹੈ। ਇਹ ਦੋਵੇਂ ਨੌਕਰੀ ਕਰਦੇ ਸਨ, ਜਿਸ ਦੇ ਆਧਾਰ 'ਤੇ ਦੋਵਾਂ ਨੂੰ ਮੁਕੱਦਮੇ 'ਚ ਨਾਮਜ਼ਦ ਕੀਤਾ ਗਿਆ ਸੀ।

PunjabKesari

ਫਰਾਰ ਪਿਉ-ਪੁੱਤ ਆਪਣੇ ਰਿਸ਼ਤੇਦਾਰ ਦੇ ਘਰ 'ਚ ਲੁਕੇ ਸਨ
ਸੂਤਰ ਦੱਸਦੇ ਹੈ ਥਾਣਾ ਨੰ. 4 ਦੀ ਪੁਲਸ ਨੇ ਚਾਚਾ ਗੰਨ ਹਾਊਸ ਦੇ ਮਾਲਕ ਪਿਉ-ਪੁੱਤ ਬਿਕਰਮਜੀਤ ਸਿੰਘ ਅਤੇ ਸਰਵਨਜੀਤ ਸਿੰਘ ਦੋਵਾਂ ਦੀ ਗ੍ਰਿਫਤਾਰੀ ਦਿਓਲ ਨਗਰ ਤੋਂ ਦਿਖਾਈ ਹੈ ਪਰ ਉਹ ਜੈਨਾ ਨਗਰ ਸਥਿਤ ਆਪਣੇ ਰਿਸ਼ਤੇਦਾਰ ਦੇ ਘਰ 'ਚ ਲੁਕ ਕੇ ਰਹਿੰਦੇ ਸਨ, ਜਿੱਥੇ ਇਨ੍ਹਾਂ ਦੀ ਇਨੋਵਾ ਗੱਡੀ ਅਕਸਰ ਖੜ੍ਹੀ ਨਜ਼ਰ ਆਉਂਦੀ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਉਕਤ ਦੋਵੇਂ ਪਿਉ-ਪੁੱਤ ਨੂੰ ਕਾਫੀ ਦਿਨਾਂ ਤੋਂ ਉਕਤ ਇਲਾਕੇ 'ਚ ਹੀ ਦੇਖਿਆ ਜਾ ਰਿਹਾ ਹੈ। ਸੂਤਰ ਦੱਸਦੇ ਹੈ ਕਿ ਜਿਸ ਰਿਸ਼ਤੇਦਾਰ ਦੇ ਘਰ ਇਹ ਦੋਵੇਂ ਰਹਿ ਰਹੇ ਸਨ, ਉਸ ਦੇ ਘਰ ਸਾਹਮਣੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਤੋਂ ਖੁਲਾਸਾ ਹੋਵੇਗਾ ਕਿ ਉਹ ਕਿੰਨੇ ਦਿਨਾਂ ਤੋਂ ਉਥੇ ਰਹਿੰਦੇ ਸਨ।

ਫਰਾਰ ਪਿਉ-ਪੁੱਤ ਨੂੰ ਜੇਕਰ ਉਸ ਦੇ ਰਿਸ਼ਤੇਦਾਰ ਨੇ ਪਨਾਹ ਦਿੱਤੀ ਹੋਵੇਗੀ ਤਾਂ ਉਨ੍ਹਾਂ ਖਿਲਾਫ ਹੋਵੇਗੀ ਕਾਰਵਾਈ : ਗੁਰਮੀਤ ਸਿੰਘ
ਉਕਤ ਸਾਰੇ ਮਾਮਲੇ 'ਚ ਏ. ਡੀ. ਸੀ. ਪੀ. ਕ੍ਰਾਈਮ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਿਉ-ਪੁੱਤ ਨੂੰ ਦਿਓਲ ਨਗਰ ਤੋਂ ਗ੍ਰਿਫਤਾਰ ਕੀਤਾ ਹੈ। ਜੇਕਰ ਦੋਵੇਂ ਪਿਉ-ਪੁੱਤ ਜੈਨਾ ਨਗਰ ਸਥਿਤ ਆਪਣੇ ਰਿਸ਼ਤੇਦਾਰ ਦੇ ਘਰ 'ਚ ਰਹਿ ਰਹੇ ਸਨ ਤਾਂ ਪਨਾਹ ਦੇਣ ਵਾਲੇ ਰਿਸ਼ਤੇਦਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਦੋਵਾਂ ਦਾ 4 ਦਿਨ ਦਾ ਪੁਲਸ ਰਿਮਾਂਡ ਲਿਆ ਹੈ, ਜਿਸ 'ਚ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਪਤਾ ਲਾਇਆ ਜਾਵੇਗਾ ਕਿ ਪਿਉ-ਪੁੱਤ ਨੇ ਕਿੰਨੇ ਰੁਪਏ 'ਚ ਮਨਚਲੇ ਆਸ਼ਿਕ ਨੂੰ ਅਸਲਾ ਵੇਚਿਆ ਸੀ। ਉਕਤ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


shivani attri

Content Editor

Related News