ਗਾਂਧੀ ਜਯੰਤੀ ''ਤੇ ਵੀ ਨਹੀਂ ਰੁਕੀ ਸ਼ਰਾਬ ਦੀ ਵਿਕਰੀ, ਸੁਸਤ ਕਾਰਵਾਈ ਨੂੰ ਲੈ ਕੇ ਘਿਰਿਆ ਐਕਸਾਈਜ਼ ਵਿਭਾਗ

Tuesday, Oct 03, 2023 - 12:50 PM (IST)

ਗਾਂਧੀ ਜਯੰਤੀ ''ਤੇ ਵੀ ਨਹੀਂ ਰੁਕੀ ਸ਼ਰਾਬ ਦੀ ਵਿਕਰੀ, ਸੁਸਤ ਕਾਰਵਾਈ ਨੂੰ ਲੈ ਕੇ ਘਿਰਿਆ ਐਕਸਾਈਜ਼ ਵਿਭਾਗ

ਜਲੰਧਰ (ਪੁਨੀਤ) : ਮਹਾਤਮਾ ਗਾਂਧੀ ਨੇ ਸ਼ਰਾਬ ਦੇ ਸੇਵਨ ਦਾ ਹਮੇਸ਼ਾ ਵਿਰੋਧ ਕੀਤਾ ਸੀ, ਜਿਸ ਕਾਰਨ ਗਾਂਧੀ ਜਯੰਤੀ ’ਤੇ ਦੇਸ਼ ਭਰ 'ਚ ‘ਡਰਾਈ-ਡੇ’ ਐਲਾਨਿਆ ਹੋਇਆ ਹੈ। ਨਿਯਮਾਂ ਦੇ ਮੁਤਾਬਕ 2 ਅਕਤੂਬਰ ਨੂੰ ਠੇਕਿਆਂ, ਹੋਟਲਾਂ, ਬੀਅਰ ਬਾਰਾਂ, ਵਿਦੇਸ਼ੀ ਅਤੇ ਦੇਸੀ ਸ਼ਰਾਬ ਦੀਆਂ ਦੁਕਾਨਾਂ ਤੇ ਥੋਕ ਡੀਲਰਾਂ ਸਮੇਤ ਸਾਰੀਆਂ ਲਾਇਸੈਂਸ ਪ੍ਰਾਪਤ ਥਾਵਾਂ ’ਤੇ ਸ਼ਰਾਬ ਵੇਚਣ ’ਤੇ ਪਾਬੰਦੀ ਹੁੰਦੀ ਹੈ। ਇਸ ਰੋਕ ਦੇ ਬਾਵਜੂਦ ਮਹਾਨਗਰ ਜਲੰਧਰ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿਚ ਧੜੱਲੇ ਨਾਲ ਸ਼ਰਾਬ ਦੀ ਵਿਕਰੀ ਹੋਈ, ਜੋ ਕਿ ਐਕਸਾਈਜ਼ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਹੈ।

ਦੂਜੇ ਪਾਸੇ ਮਹੱਤਵਪੂਰਨ ਦਿਨਾਂ ਵਿਚ ਹੋਣ ਵਾਲੇ ਕਈ ਹੋਰ ‘ਡਰਾਈ-ਡੇਜ਼’ ’ਤੇ ਸ਼ਾਮ 5 ਵਜੇ ਤੋਂ ਬਾਅਦ ਠੇਕੇ ਖੋਲ੍ਹ ਦਿੱਤੇ ਜਾਂਦੇ ਹਨ ਪਰ ਗਾਂਧੀ ਜੀ ਵੱਲੋਂ ਸ਼ਰਾਬ ਦਾ ਵਿਰੋਧ ਜਤਾਉਣ ਕਾਰਨ 2 ਅਕਤੂਬਰ ਨੂੰ ਦਿਨ-ਰਾਤ ਲਈ ‘ਡਰਾਈ-ਡੇ’ ਰੱਖਿਆ ਜਾਂਦਾ ਹੈ। ਗਾਂਧੀ ਜਯੰਤੀ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦੇਸ਼ ਭਰ ਵਿਚ ‘ਡਰਾਈ-ਡੇ’ ਹੋਣ ਦੇ ਬਾਵਜੂਦ ਮਹਾਨਗਰ ਜਲੰਧਰ ਵਿਚ ਸ਼ਰਾਬ ਦੀ ਖੂਬ   ਵਿਕਰੀ ਹੋਈ। ਸ਼ਰਾਬ ਠੇਕੇਦਾਰ ਐਕਸਾਈਜ਼ ਵਿਭਾਗ ਨੂੰ ‘ਠੇਂਗਾ’ ਦਿਖਾਉਂਦੇ ਨਜ਼ਰ ਆਏ।

ਇਹ ਵੀ ਪੜ੍ਹੋ : ਮਾਪਿਆਂ ਦੇ ਸਾਹਮਣੇ ਮੌਤ ਦੇ ਮੂੰਹ ਵਿਚ ਗਈ 4 ਸਾਲਾ ਬੱਚੀ, ਮਿੰਟਾਂ ’ਚ ਵਾਪਰ ਗਿਆ ਭਾਣਾ

ਅੱਜ 154ਵੀਂ ਜਯੰਤੀ ’ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਮਹਾਨਗਰ ਦੇ ਵੱਖ-ਵੱਖ ਇਲਾਕਿਆਂ ਵਿਚ ਸ਼ਰਧਾਂਜਲੀ ਦਿੱਤੀ ਗਈ। ਇਕ ਪਾਸੇ ਬਾਪੂ ਦੇ ਦੱਸੇ ਹੋਏ ਰਾਹ ’ਤੇ ਚੱਲਣ ਦੀ ਗੱਲ ਨੂੰ ਦੁਹਰਾਇਆ ਜਾ ਰਿਹਾ ਸੀ ਤੇ ਦੂਜੇ ਪਾਸੇ ਨਿਯਮਾਂ ਦਾ ਉਲੰਘਣ ਕਰਦੇ ਹੋਏ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਸੀ। ਸੂਬੇ ਵਿਚ ਐਕਸਾਈਜ਼ ਵਿਭਾਗ ਦੇ ਕੁੱਲ 3 ਜ਼ੋਨ ਹਨ, ਜਿਨ੍ਹਾਂ ਵਿਚ ਜਲੰਧਰ ਜ਼ੋਨ ਵੀ ਸ਼ਾਮਲ ਹੈ। ਇਸੇ ਲੜੀ ਵਿਚ ਜੀ. ਐੱਸ. ਟੀ. ਭਵਨ ਵਿਚ ਐਕਸਾਈਜ਼ ਦਾ ਜ਼ੋਨ ਆਫਿਸ ਹੈ। ਇਸ ਜ਼ੋਨ ਆਫਿਸ ਵਿਚ ਡਿਪਟੀ ਕਮਿਸ਼ਨਰ (ਡੀ. ਸੀ. ਐਕਸਾਈਜ਼) ਦਾ ਦਫਤਰ ਵੀ ਮੌਜੂਦ ਹੈ। ਜ਼ੋਨ ਦਾ ਮੁੱਖ ਦਫਤਰ ਜਲੰਧਰ ਵਿਚ ਹੋਣ ਕਰ ਕੇ ਅਧਿਕਾਰੀਆਂ ਦੀ ਲੰਮੀ-ਚੌੜੀ ਫੌਜ ਹੈ ਪਰ ਇਸਦੇ ਬਾਵਜੂਦ ਐਕਸਾਈਜ਼ ਵਿਭਾਗ ਸ਼ਰਾਬ ਦੀ ਵਿਕਰੀ ਨਹੀਂ ਰੋਕ ਸਕਿਆ।

ਸਥਾਨਕ ਐਕਸਾਈਜ਼ ਅਧਿਕਾਰੀ ਇਕ ਦਿਨ ਲਈ ਵੀ ਸ਼ਰਾਬਬੰਦੀ (ਡਰਾਈ-ਡੇ) ਨੂੰ ਲਾਗੂ ਨਹੀਂ ਕਰਵਾ ਸਕੇ। ਸ਼ਹਿਰ ਵਿਚ ਜਗ੍ਹਾ-ਜਗ੍ਹਾ ਸ਼ਰਾਬ ਦੀ ਵਿਕਰੀ ਹੁੰਦੀ ਦੇਖੀ ਗਈ। ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਲਾਡੋਵਾਲੀ ਰੋਡ ’ਤੇ ਸਥਿਤ ਸ਼ਰਾਬ ਦੇ ਠੇਕੇ ’ਤੇ ਸ਼ਰਾਬ ਵਿਕ ਰਹੀ ਸੀ। ਲਾਡੋਵਾਲੀ ਰੋਡ ਚੌਕ ਵਿਚ ਡੀ. ਸੀ. ਆਫਿਸ ਨੂੰ ਜਾਂਦੀ ਰੋਡ ’ਤੇ ਨੁੱਕਰ ਵਾਲੇ ਸ਼ਰਾਬ ਦੇ ਠੇਕੇ ’ਤੇ ਕਈ ਲੋਕ ਖਰੀਦਦਾਰੀ ਕਰਦੇ ਦਿਖਾਈ ਦਿੱਤੇ। ਇਸੇ ਤਰ੍ਹਾਂ ਨਾਲ ਮਿਲਾਪ ਚੌਂਕ ਸਥਿਤ ਠੇਕੇ ’ਤੇ ਰਾਤ ਨੂੰ ਭਾਰੀ ਭੀੜ ਨਜ਼ਰ ਆਈ।

ਇਸ ਤੋਂ ਇਲਾਵਾ ਕ੍ਰਿਸ਼ਨਾ ਨਗਰ (ਬਸਤੀ ਮਿੱਠੂ), ਦਮੋਰੀਆ ਪੁਲ ਤੋਂ ਲੰਮਾ ਪਿੰਡ ਨੂੰ ਜਾਂਦੇ ਰੋਡ ’ਤੇ ਚਿਕਨ ਸ਼ਾਪ ਨੇੜੇ ਸ਼ਰਾਬ ਦੇ ਠੇਕੇ ’ਤੇ ਲੁਕਵੇਂ ਢੰਗ ਨਾਲ ਸ਼ਰਾਬ ਦੀ ਵਿਕਰੀ ਹੁੰਦੀ ਦਿਖਾਈ ਦਿੱਤੀ। ਇਸੇ ਤਰ੍ਹਾਂ ਨਾਲ ਸਟੇਸ਼ਨ ਦੇ ਨੇੜੇ ਅਤੇ ਬੱਸ ਅੱਡੇ ਨੇੜੇ ਵੀ ਸ਼ਰਾਬ ਮਿਲਣ ਵਿਚ ਕੋਈ ਦਿੱਕਤ ਪੇਸ਼ ਨਹੀਂ ਆਈ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ’ਤੇ ਕਾਰਵਾਈ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਜਲੰਧਰ ’ਚ ਕਤਲ ਕੀਤੀਆਂ ਤਿੰਨ ਸਕੀਆਂ ਭੈਣਾਂ ਦੇ ਮਾਮਲੇ ’ਚ ਸਨਸਨੀਖੇਜ਼ ਖੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਪਾਬੰਦੀ ਕਾਰਨ ਖਰੀਦਣੀ ਪਈ 'ਮਹਿੰਗੀ ਸ਼ਰਾਬ'
2 ਅਕਤੂਬਰ ਭਾਵ ਗਾਂਧੀ ਜਯੰਤੀ ਦੇ ਮੌਕੇ ਪੱਕੇ ਤੌਰ ’ਤੇ ‘ਡਰਾਈ-ਡੇ’ ਐਲਾਨਿਆ ਹੋਇਆ ਹੈ, ਜਿਸ ਕਾਰਨ ਕਈ ਲੋਕ ਇਕ ਦਿਨ ਪਹਿਲਾਂ ਹੀ ਸ਼ਰਾਬ ਦਾ ਇੰਤਜ਼ਾਮ ਕਰ ਲੈਂਦੇ ਹਨ ਪਰ ਜਿਹੜੇ ਲੋਕਾਂ ਕੋਲ ਸ਼ਰਾਬ ਉਪਲੱਬਧ ਨਹੀਂ ਹੁੰਦੀ, ਉਨ੍ਹਾਂ ਨੂੰ ਠੇਕਿਆਂ ਤੋਂ ਸ਼ਰਾਬ ਲੈਣੀ ਪੈਂਦੀ ਹੈ। ਇਸੇ ਗੱਲ ਦਾ ਫਾਇਦਾ ਉਠਾ ਕੇ ਠੇਕਿਆਂ ਦੇ ਕਰਿੰਦੇ ਮਹਿੰਗੀ ਸ਼ਰਾਬ ਵੇਚਦੇ ਹਨ। ਕਈ ਠੇਕਿਆਂ ’ਤੇ ਤਾਂ ਬਹਿਸਬਾਜ਼ੀ ਵੀ ਨਜ਼ਰ ਆਉਂਦੀ ਹੈ ਪਰ ਮਨਮਰਜ਼ੀ ਠੇਕਿਆਂ ਦੇ ਕਰਿੰਦਿਆਂ ਦੀ ਚੱਲਦੀ ਹੈ, ਨਹੀਂ ਤਾਂ ਉਹ ਸ਼ਰਾਬ ਦੇਣ ਤੋਂ ਮਨ੍ਹਾ ਕਰ ਦਿੰਦੇ ਹਨ। ਦੇਖਣ 'ਚ ਆਉਂਦਾ ਹੈ ਕਿ ਮਹਿੰਗੀ ਸ਼ਰਾਬ ’ਤੇ ਪ੍ਰਤੀ ਬੋਤਲ 100 ਰੁਪਏ ਵੱਧ ਵਸੂਲ ਕਰ ਲਏ ਜਾਂਦੇ ਹਨ। ਉਥੇ ਹੀ, ਬੀਅਰ 20-30 ਰੁਪਏ ਮਹਿੰਗੀ ਵਿਕਦੀ ਹੈ।

ਇਹ ਵੀ ਪੜ੍ਹੋ : ਭੈਣ-ਭਰਾ ਨਾਲ ਵਾਪਰਿਆ ਦਰਦਨਾਕ ਭਾਣਾ, ਦੋਵਾਂ ਦੀ ਹੋਈ ਮੌਤ, ਪਰਿਵਾਰ 'ਚ ਪਸਰਿਆ ਸੋਗ

ਵਿਭਾਗ ਸਖ਼ਤੀ ਅਪਣਾਉਂਦਾ ਤਾਂ ਨਹੀਂ ਹੋ ਸਕਦੀ ਸੀ ਵਿਕਰੀ
ਐਕਸਾਈਜ਼ ਵਿਭਾਗ ਵੱਲੋਂ ਨਿਯਮਾਂ ਦਾ ਉਲੰਘਣ ਕਰਨ ਵਾਲੇ ਕਈ ਠੇਕਿਆਂ ’ਤੇ ਕਾਰਵਾਈ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਐਕਸਾਈਜ਼ ਵਿਭਾਗ ਨੇ ਪਹਿਲਾਂ ਹੀ ਸਖ਼ਤੀ ਅਪਣਾਈ ਹੁੰਦੀ ਤਾਂ ਨਿਯਮਾਂ ਦੇ ਉਲਟ ਜਾ ਕੇ ਸ਼ਰਾਬ ਦੀ ਵਿਕਰੀ ਨਹੀਂ ਹੋ ਸਕਦੀ ਸੀ।

ਐਕਸਾਈਜ਼ ਵਿਭਾਗ ਵੱਲੋਂ ਫੀਲਡ ਵਿਚ ਅਧਿਕਾਰੀਆਂ ਦੀ ਸਖ਼ਤੀ ਨਾਲ ਤਾਇਨਾਤੀ ਕੀਤੀ ਹੁੰਦੀ ਤਾਂ ਠੇਕੇਦਾਰ ਨਿਯਮ ਤੋੜ ਕੇ ਸ਼ਰਾਬ ਨਾ ਵੇਚਦੇ ਕਿਉਂਕਿ ਵਿਭਾਗ ਕੋਲ ਠੇਕਿਆਂ ਨੂੰ ਕਈ ਦਿਨਾਂ ਲਈ ਸਸਪੈਂਡ ਕਰਨ ਦੇ ਅਧਿਕਾਰ ਹੁੰਦੇ ਹਨ। ਦੂਜੇ ਪਾਸੇ ਵਿਭਾਗ ਚਾਹੇ ਤਾਂ ਠੇਕੇ ਨੂੰ ਮੋਟਾ ਜੁਰਮਾਨਾ ਵੀ ਲਾ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News