ਬਿਜਲੀ ਚੋਰਾਂ ਦੀ ਸ਼ਾਮਤ, ਮੀਟਰ ਨਾਲ ਛੇੜਛਾੜ ਦੇ 27 ਤੇ ਕੁੰਡੀ ਦੇ 35 ਕੇਸਾਂ ’ਚ ਕੀਤਾ ਲੱਖਾਂ ਰੁਪਏ ਜੁਰਮਾਨਾ

05/16/2022 6:00:08 PM

ਜਲੰਧਰ (ਪੁਨੀਤ)-ਬਿਜਲੀ ਦੀ ਵਧ ਰਹੀ ਮੰਗ ’ਚ ਚੋਰੀ ਅਹਿਮ ਕਾਰਨ ਬਣ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਨਿਯਮਾਂ ਦੀ ਪਾਲਣਾ ਕਰਨ ਵਾਲਾ ਖਪਤਕਾਰ ਇਲੈਕਟ੍ਰਾਨਿਕ ਉਪਕਰਨਾਂ ਦੀ ਲੋੜ ਦੇ ਮੁਤਾਬਕ ਵਰਤੋਂ ਕਰਦਾ ਹੈ, ਜਦਕਿ ਇਸ ਦੇ ਉਲਟ ਬਿਜਲੀ ਚੋਰੀ ਕਰਨ ਵਾਲੇ ਵਿਅਕਤੀ ਧੜੱਲੇ ਨਾਲ ਬਿਜਲੀ ਦੀ ਬਰਬਾਦੀ ਕਰਦੇ ਹਨ, ਜਿਸ ਨਾਲ ਮੰਗ ਜ਼ਿਆਦਾ ਵਧ ਰਹੀ ਹੈ। ਵਿਭਾਗੀ ਅੰਕੜਿਆਂ ਮੁਤਾਬਕ ਇਸ ਵਾਰ ਪੈ ਰਹੀ ਭਿਆਨਕ ਗਰਮੀ ਕਾਰਨ ਬਿਜਲੀ ਚੋਰੀ ਦੇ ਕੇਸਾਂ ’ਚ ਕਈ ਗੁਣਾ ਵਾਧਾ ਦਰਜ ਹੋਇਆ ਹੈ, ਜਿਸ ਕਾਰਨ ਵਿਭਾਗ ਨੇ ਬਿਜਲੀ ਚੋਰੀ ਰੋਕਣ ’ਤੇ ਫੋਕਸ ਕੀਤਾ ਹੋਇਆ ਹੈ। ਐਨਫੋਰਸਮੈਂਟ ਵਿਭਾਗ ਦੇ ਨਾਲ-ਨਾਲ ਡਿਸਟ੍ਰੀਬਿਊਸ਼ਨ ਸਰਕਲ ਵੱਲੋਂ ਟੀਮਾਂ ਬਣਾ ਕੇ ਵੱਖ-ਵੱਖ ਇਲਾਕਿਆਂ ’ਚ ਰੇਡ ਕੀਤੀ ਜਾ ਰਹੀ ਹੈ। ਇਸੇ ਲੜੀ ’ਚ ਨਾਰਥ ਜ਼ੋਨ ਜਲੰਧਰ ਅਧੀਨ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਜਲੰਧਰ ਤੇ ਹੁਸ਼ਿਆਰਪੁਰ ਸਰਕਲ ਦੀਆਂ ਟੀਮਾਂ ਨੇ ਵੱਖ-ਵੱਖ ਜੁਗਾੜ ਲਾ ਕੇ ਬਿਜਲੀ ਚੋਰੀ ਕਰਨ ਦੇ 85 ਤੋਂ ਵੱਧ ਕੇਸ ਫੜੇ ਹਨ, ਜਿਨ੍ਹਾਂ ਨੂੰ 32.42 ਲੱਖ ਜੁਰਮਾਨਾ ਕੀਤਾ ਜਾ ਰਿਹਾ ਹੈ।

ਛੁੱਟੀ ਦੇ ਬਾਵਜੂਦ ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ’ਚ ਮੀਟਰ ਨਾਲ ਛੇੜਛਾੜ ਦੇ 27, ਜਦਕਿ ਸਿੱਧੀ ਕੁੰਡੀ ਲਾਉਣ ਦੇ 35 ਕੇਸ ਫੜੇ ਗਏ ਹਨ। ਉਥੇ ਹੀ ਓਵਰਲੋਡ ਸਪਲਾਈ ਚਲਾਉਣ ਵਾਲੇ 23 ਕੇਸ ਫੜੇ ਹਨ। ਇਨ੍ਹਾਂ ’ਚ ਕਈ ਖਪਤਕਾਰ ਅਜਿਹੇ ਵੀ ਸ਼ਾਮਲ ਹਨ, ਜਿਨ੍ਹਾਂ ਦਾ ਲੋਡ 1 ਕਿਲੋਵਾਟ ਹੋਣ ਦੇ ਬਾਵਜੂਦ ਉਹ ਏ. ਸੀ. ਦੀ ਵਰਤੋਂ ਕਰ ਰਹੇ ਹਨ। ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਦਾ ਜੁਰਮਾਨਾ 28.97 ਲੱਖ ਦੇ ਕਰੀਬ ਬਣਦਾ ਹੈ, ਜਦਕਿ ਓਵਰਲੋਡ ਸਪਲਾਈ ਵਾਲਿਆਂ ਨੂੰ 3.45 ਲੱਖ ਰੁਪਏ ਜੁਰਮਾਨਾ ਕੀਤਾ ਜਾਣਾ ਅਨੁਮਾਨਿਤ ਹੈ। ਅਧਿਕਾਰੀਆਂ ਨੇ ਕਿਹਾ ਕਿ ਛੁੱਟੀ ਦੌਰਾਨ ਹੋਈ ਕਾਰਵਾਈ ਦੌਰਾਨ ਫੜੇ ਗਏ ਉਕਤ ਕੇਸਾਂ ’ਚ ਜੁਰਮਾਨੇ ਦੀ ਸਹੀ ਰਾਸ਼ੀ ਨਹੀਂ ਬਣ ਸਕੀ ਪਰ ਇਹ ਰਾਸ਼ੀ 32.42 ਲੱਖ ਤੋਂ ਵੱਧ ਰਹੇਗੀ। ਸੋਮਵਾਰ ਨੂੰ ਦਫਤਰ ਖੁੱਲ੍ਹਣ ਤੋਂ ਬਾਅਦ ਸਹੀ ਜੁਰਮਾਨਾ ਰਾਸ਼ੀ ਦਾ ਪਤਾ ਲੱਗੇਗਾ।

PunjabKesari

ਸੀ. ਐੱਮ. ਆਫਿਸ ਦੀ ਨਿਗਰਾਨੀ ਵਾਲੇ ਵ੍ਹਟਸਐਪ ’ਤੇ ਕਰੋ ਸ਼ਿਕਾਇਤ
ਬਿਜਲੀ ਚੋਰੀ ਨੂੰ ਲੈ ਕੇ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿਉਂਕਿ ਬਿਜਲੀ ਸਮੱਸਿਆ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਜਿਹੜੇ ਲੋਕ ਬਿਜਲੀ ਚੋਰੀ ਕਰਦੇ ਹਨ, ਉਹ ਦੂਜੇ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਬਿਜਲੀ ਚੋਰੀ ਦੀ ਸੂਚਨਾ ਦੇਣ ਲਈ 096461-75770 ਨੰਬਰ ’ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੰਬਰ ’ਤੇ ਆਉਣ ਵਾਲੀਆਂ ਸ਼ਿਕਾਇਤਾਂ ’ਤੇ ਸੀ. ਐੱਮ. ਆਫਿਸ ਤੋਂ ਵੀ ਨਜ਼ਰ ਰੱਖੀ ਜਾ ਰਹੀ ਹੈ। ਖਪਤਕਾਰ ਆਪਣੇ ਆਸ-ਪਾਸ ਹੋਣ ਵਾਲੀ ਬਿਜਲੀ ਚੋਰੀ ਦੀ ਵੀਡੀਓ ਜਾਂ ਫੋਟੋ ਖਿੱਚ ਕੇ ਭੇਜ ਸਕਦੇ ਹਨ। ਜਿਹੜੇ ਖਪਤਕਾਰ ਫੋਨ ’ਤੇ ਸੂਚਨਾ ਦੇਣਾ ਚਾਹੁੰਦੇ ਹਨ, ਉਹ ਪਾਵਰਕਾਮ ਦੇ ਕੰਟਰੋਲ ਰੂਮ ਨੰਬਰ 96461-16301 ’ਤੇ ਫੋਨ ਕਰ ਕੇ ਜਾਣਕਾਰੀ ਦੇ ਸਕਦੇ ਹਨ। ਇਸ ਸੂਚਨਾ ਨੂੰ ਤੁਰੰਤ ਅੈਨਫੋਰਸਮੈਂਟ ਵਿਭਾਗ ਨੂੰ ਫਾਰਵਰਡ ਕਰ ਦਿੱਤਾ ਜਾਂਦਾ ਹੈ ਅਤੇ ਤੁਰੰਤ ਪ੍ਰਭਾਵ ਨਾਲ ਉਸ ’ਤੇ ਕਾਰਵਾਈ ਹੋ ਜਾਂਦੀ ਹੈ।

ਬਿਜਲੀ ਚੋਰਾਂ ’ਤੇ ਦਰਜ ਕਰਵਾਈ FIR : ਇੰਜੀਨੀਅਰ ਰਜਤ
ਨਾਰਥ ਜ਼ੋਨ ਐਨਫੋਰਸਮੈਂਟ ਦੇ ਡਿਪਟੀ ਚੀਫ ਇੰਜੀਨੀਅਰ ਰਜਤ ਸ਼ਰਮਾ ਨੇ ਦੱਸਿਆ ਕਿ ਬਿਜਲੀ ਚੋਰੀ ਦੇ ਕੇਸਾਂ ਨੂੰ ਫੜਨ ਲਈ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਦੂਜੇ ਕੰਮ ਨੂੰ ਪੈਂਡਿੰਗ ਰੱਖ ਕੇ ਛਾਪੇਮਾਰੀ ਨੂੰ ਮਹੱਤਵ ਦੇ ਰਹੀਆਂ ਹਨ। ਇਸ ਲੜੀ ’ਚ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਦੇ ਨਾਲ-ਨਾਲ ਦਿਹਾਤੀ ਇਲਾਕਿਆਂ ’ਤੇ ਵੀ ਫੋਕਸ ਕੀਤਾ ਜਾ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਵਿਭਾਗ ਦੇ ਹੱਥ ਵੱਡੇ ਪੱਧਰ ’ਤੇ ਸਫ਼ਲਤਾ ਲੱਗੀ ਸੀ। ਉਨ੍ਹਾਂ ਕਿਹਾ ਕਿ ਚੋਰੀ ਦੇ ਅਜਿਹੇ ਕੇਸਾਂ ’ਚ ਬਿਜਲੀ ਐਕਟ 2003 ਦੀ ਧਾਰਾ 135 ਤਹਿਤ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ, ਜਿਸ ਵਿਚ 3 ਸਾਲ ਦੀ ਸਜ਼ਾ ਦੀ ਵਿਵਸਥਾ ਹੈ।


Manoj

Content Editor

Related News