ਲੇਡੀਜ਼ ਜਿਮਖਾਨਾ ਕਲੱਬ ਦੇ ਖੁੱਲ੍ਹਣ ਅਤੇ ਟੀਮ ਬਹਾਲ ਹੋਣ ਦੇ ਬਣਨ ਲੱਗੇ ਆਸਾਰ

04/18/2022 6:25:49 PM

ਜਲੰਧਰ (ਖੁਰਾਣਾ)-ਪਿਛਲੇ ਹਫ਼ਤੇ 12 ਅਪ੍ਰੈਲ ਨੂੰ ਜਲੰਧਰ ਲੇਡੀਜ਼ ਜਿਮਖਾਨਾ ਕਲੱਬ ਨੂੰ 3 ਮਹੀਨੇ ਲਈ ਬੰਦ ਅਤੇ ਮੌਜੂਦਾ ਐਗਜ਼ੀਕਿਊਟਿਵ ਨੂੰ ਹੀ ਭੰਗ ਕਰ ਦਿੱਤਾ ਗਿਆ ਸੀ, ਜਿਸ ਨਾਲ ਸ਼ਹਿਰ ਦੀਆਂ ਉਨ੍ਹਾਂ ਲਗਭਗ 600 ਔਰਤਾਂ ’ਚ ਨਿਰਾਸ਼ਾ ਪੈਦਾ ਹੋ ਗਈ ਸੀ, ਜੋ ਲੇਡੀਜ਼ ਜਿਮਖਾਨਾ ਕਲੱਬ ਦੀ ਮੈਂਬਰਾਨ ਹਨ ਅਤੇ ਹਰ ਹਫਤੇ ਸੋਮਵਾਰ ਨੂੰ ਕਲੱਬ ਦੀਆਂ ਮੀਟਿੰਗਾਂ ’ਚ ਹਾਜ਼ਰ ਵੀ ਹੁੰਦੀਆਂ ਹਨ। ਜ਼ਿਕਰਯੋਗ ਹੈ ਕਿ 24 ਫਰਵਰੀ ਦੇ ਇਕ ਸਮਾਰੋਹ ਦੌਰਾਨ ਕੁਝ ਮੈਂਬਰਾਂ ਦੇ ਰੀਮਾਰਕਸ ਨੂੰ ਲੈ ਕੇ ਵਿਵਾਦ ਉੱਠਿਆ ਸੀ, ਜਿਸ ਨੂੰ ਦੋਵਾਂ ਹੀ ਧਿਰਾਂ ਨੇ ਈਗੋ ਦਾ ਸਵਾਲ ਬਣਾ ਲਿਆ ਅਤੇ ਮਾਮਲਾ ਸਿਵਲ ਜੱਜ ਦੀ ਅਦਾਲਤ ਅਤੇ ਸੈਸ਼ਨ ਕੋਰਟ ਤੋਂ ਹੁੰਦੇ ਹੋਏ ਪੰਜਾਬ ਐਂਡ ਹਰਿਆਣਾ ਹਾਈਕੋਰਟ ਤਕ ਪਹੁੰਚ ਗਿਆ।

ਹੁਣ ਪਤਾ ਲੱਗਾ ਹੈ ਕਿ ਦੋਵੇਂ ਹੀ ਧਿਰਾਂ ਲੇਡੀਜ਼ ਜਿਮਖਾਨਾ ਕਲੱਬ ’ਚ ਪਿਛਲੇ ਸਮੇਂ ਦੌਰਾਨ ਉੱਠੇ ਵਿਵਾਦ ਨੂੰ ਸ਼ਾਂਤ ਕਰਨ ਲਈ ਯਤਨ ਕਰ ਰਹੀਆਂ ਹਨ ਅਤੇ ਸੁਲ੍ਹਾ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਤਾ ਲੱਗਾ ਹੈ ਕਿ 13 ਅਪ੍ਰੈਲ ਨੂੰ ਕਲੱਬ ਦੀ ਮੌਜੂਦਾ ਐਗਜ਼ੀਕਿਊਟਿਵ ਨੇ ਕਲੱਬ ਪ੍ਰਧਾਨ ਨੂੰ ਇਕ ਚਿੱਠੀ ਲਿਖ ਕੇ ਏਕਤਾ ਪ੍ਰਦਰਸ਼ਿਤ ਕੀਤੀ ਹੈ ਅਤੇ ਕਲੱਬ ਨੂੰ ਖੋਲ੍ਹਣ ਦੀ ਮੰਗ ਵੀ ਰੱਖੀ ਹੈ।
ਇਸ ਚਿੱਠੀ ’ਤੇ ਜਿੱਥੇ ਸਰੁਚੀ ਕੱਕੜ ਦੇ ਦਸਤਖ਼ਤ ਹਨ, ਉਥੇ ਹੀ ਨੀਨਾ ਚੌਹਾਨ, ਵੰਦਨਾ ਕਾਲੀਆ, ਪੂਨਮ ਅਰੋੜਾ, ਸੰਗੀਤਾ ਮਹਿੰਦਰੂ ਅਤੇ ਲਲਿਤਾ ਗੁਪਤਾ ਤੋਂ ਇਲਾਵਾ ਐਗਜ਼ੀਕਿਊਟਿਵ ਮੈਂਬਰ ਅੰਸ਼ੂ ਚੋਪੜਾ, ਅਨੁਜਾ ਸ਼ਰਮਾ, ਪੂਜਾ ਪਸਰੀਚਾ, ਸਾਂਵਰੀ ਢੰਡ, ਰੀਟਾ ਕੌਰ ਅਤੇ ਪੂਜਾ ਚੋਪੜਾ ਨੇ ਵੀ ਦਸਤਖ਼ਤ ਕੀਤੇ ਹਨ। ਇਸ ਚਿੱਠੀ ’ਚ ਜਿੱਥੇ ਸਰੁਚੀ ਕੱਕੜ ਵਿਰੁੱਧ ਐਗਜ਼ੀਕਿਊਟਿਵ ਵੱਲੋਂ ਪਹਿਲਾਂ ਬੇਭਰੋਸਗੀ ਪ੍ਰਗਟ ਕਰਨ ਬਾਰੇ ਸਪੱਸ਼ਟੀਕਰਨ ਦਿੱਤਾ ਗਿਆ ਹੈ, ਉਥੇ ਹੀ ਇਹ ਭਰੋਸਾ ਵੀ ਦਿੱਤਾ ਗਿਆ ਹੈ ਕਿ ਉਹ ਟੀਮ ਵਰਕ ਦੇ ਰੂਪ ’ਚ ਕੰਮ ਕਰਨਗੀਆਂ, ਉਨ੍ਹਾਂ ਨੂੰ ਇਕ ਮੌਕਾ ਦਿੱਤਾ ਜਾਵੇ ਅਤੇ ਕਲੱਬ ਨੂੰ ਖੋਲ੍ਹਿਆ ਜਾਵੇ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਪਨਗਰ ਵਿਖੇ ਭਾਖ਼ੜਾ ਨਹਿਰ ’ਚ ਡਿੱਗੀ ਕਾਰ, ਬੱਚੇ ਸਣੇ 5 ਲੋਕਾਂ ਦੀ ਮੌਤ

ਮਾਯਰ ਨੂੰ ਜਾਰੀ ਚਿੱਠੀ ਵਾਪਸ ਹੋਵੇ, ਤਾਂ ਹੀ ਸਮਝੌਤਾ ਸੰਭਵ
ਇਸੇ ਵਿਚਕਾਰ ਪਤਾ ਲੱਗਾ ਹੈ ਕਿ ਲੇਡੀਜ਼ ਜਿਮਖਾਨਾ ਕਲੱਬ ਦੀ ਜੁਆਇੰਟ ਸੈਕਟਰੀ ਮਨਿੰਦਰ ਧੀਮਾਨ ਨੇ ਪਿਛਲੇ ਦਿਨੀਂ  ਮਨੋਰਮਾ ਮਾਯਰ ਨਾਲ ਮੁਲਾਕਾਤ ਕਰ ਕੇ ਸਮਝੌਤੇ ਦੀ ਪੇਸ਼ਕਸ਼ ਰੱਖੀ ਸੀ, ਜਿਸ ਤਹਿਤ ਅਦਾਲਤੀ ਕੇਸ ਵਾਪਸ ਲੈਣ ਦੀ ਗੱਲ ਚੱਲੀ। ਮਾਯਰ ਦਾ ਇਕ ਹੀ ਜਵਾਬ ਹੈ ਕਿ ਇਕ ਮਹੀਨੇ ਲਈ ਉਨ੍ਹਾਂ ’ਤੇ ਪਾਬੰਦੀ ਸਬੰਧੀ ਚਿੱਠੀ ਨੂੰ ਗ੍ਰੇਸਫੁਲੀ ਵਾਪਸ ਲਿਆ ਜਾਵੇ। ਪਤਾ ਤਾਂ ਇਹ ਵੀ ਲੱਗਾ ਹੈ ਕਿ ਅਜਿਹੀ ਚਿੱਠੀ ਦੀ ਸ਼ਬਦਾਵਲੀ ਤਕ ਤਿਆਰ ਕੀਤੀ ਜਾ ਚੁੱਕੀ ਹੈ।

ਗੱਲਬਾਤ ਸਿਰੇ ਨਾ ਚੜ੍ਹੀ ਤਾਂ 21 ਨੂੰ ਵਕੀਲਾਂ ਵਿਚਕਾਰ ਹੋਵੇਗੀ ਬਹਿਸ
ਛੁੱਟੀਆਂ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈਕੋਰਟ 18 ਅਪ੍ਰੈਲ ਨੂੰ ਖੁੱਲ੍ਹਣ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਮਾਯਰ ਵੱਲੋਂ ਦਾਇਰ ਪਟੀਸ਼ਨ ਦੀ ਲਿਸਟਿੰਗ ਹੋਵੇਗੀ ਪਰ 21 ਅਪ੍ਰੈਲ ਨੂੰ ਜਲੰਧਰ ਦੀ ਐਡੀਸ਼ਨਲ ਡਿਸਟ੍ਰਿਕਟ ਜੱਜ ਦੀ ਅਦਾਲਤ ’ਚ ਲੇਡੀਜ਼ ਜਿਮਖਾਨਾ ਕਲੱਬ ਬਾਰੇ ਕੇਸ ’ਤੇ ਸੁਣਵਾਈ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਜੇਕਰ 21 ਤਕ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਸਿਰੇ ਨਾ ਚੜ੍ਹਿਆ ਤਾਂ ਉਸ ਦਿਨ ਅਦਾਲਤ ਕੰਪਲੈਕਸ ’ਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਕਾਰ ਬਹਿਸ ਹੋਵੇਗੀ। ਜ਼ਿਕਰਯੋਗ ਹੈ ਕਿ ਸ਼੍ਰੀਮਤੀ ਮਾਯਰ ਨੇ ਆਪਣੇ ਵਿਰੁੱਧ ਫੈਸਲੇ ਨੂੰ ਸਿਵਲ ਕੋਰਟ ’ਚ ਚੁਣੌਤੀ ਦੇ ਕੇ ਸਟੇਅ ਹਾਸਲ ਕਰ ਲਿਆ ਸੀ ਪਰ ਲੇਡੀਜ਼ ਜਿਮਖਾਨਾ ਕਲੱਬ ਨੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ’ਚ ਅਪੀਲ ਦਾਇਰ ਕਰ ਕੇ ਉਸ ਆਰਡਰ ’ਤੇ ਆਪ੍ਰੇਸ਼ਨ ਰੁਕਵਾ ਦਿੱਤਾ ਸੀ, ਜਿਸ ’ਤੇ ਹੁਣ ਅਗਲੀ ਸੁਣਵਾਈ ਹੋਣੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਹੈਰਾਨ ਕਰਦੀ ਘਟਨਾ, ਕੁੜੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਵੀਡੀਓ, ਜਦ ਖੁੱਲ੍ਹਾ ਭੇਤ ਤਾਂ ਉੱਡੇ ਸਭ ਦੇ ਹੋਸ਼

ਕਲੱਬ ਦੇ ਨਵੇਂ ਬਣੇ ਮੈਂਬਰਾਂ ’ਚ ਨਿਰਾਸ਼ਾ
ਐਂਟਰਟੇਨਮੈਂਟ ਅਤੇ ਐਕਟੀਵਿਟੀ ਦੇ ਖੇਤਰ ’ਚ ਲੇਡੀਜ਼ ਜਿਮਖਾਨਾ ਕਲੱਬ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਕੰਮ ਕਰ ਰਿਹਾ ਹੈ ਪਰ ਕਲੱਬ ਵਿਚਕਾਰ ਇੰਨਾ ਵੱਡਾ ਵਿਵਾਦ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ, ਜਿਸ ਤਹਿਤ ਪੂਰੇ ਕਲੱਬ ਨੂੰ ਹੀ 3 ਮਹੀਨੇ ਲਈ ਬੰਦ ਕਰ ਦਿੱਤਾ ਗਿਆ ਅਤੇ ਵੋਟਾਂ ਰਾਹੀਂ ਚੁਣ ਕੇ ਆਈ ਟੀਮ ਨੂੰ ਆਪਣੀਆਂ ਕੁਰਸੀਆਂ ਤੋਂ ਹੱਥ ਧੋਣਾ ਪਿਆ। ਲੇਡੀਜ਼ ਜਿਮਖਾਨਾ ਕਲੱਬ ਦੇ ਲਗਾਤਾਰ ਪ੍ਰਸਾਰ ਨੂੰ ਦੇਖਦੇ ਹੋਏ ਅਜੇ ਕੁਝ ਹਫਤੇ ਪਹਿਲਾਂ ਹੀ ਸ਼ਹਿਰ ਦੀਆਂ ਕਈ ਕੁਲੀਨ ਵਰਗ ਦੀਆਂ ਔਰਤਾਂ ਨੇ ਲੇਡੀਜ਼ ਜਿਮਖਾਨਾ ਦੀ ਮੈਂਬਰਸ਼ਿਪ ਹਾਸਲ ਕੀਤੀ ਸੀ ਅਤੇ ਇਸ ਦੇ ਲਈ 30-40 ਹਜ਼ਾਰ ਰੁਪਏ ਵੀ ਖਰਚ ਕੀਤੇ ਸਨ। ਹੁਣ ਕਲੱਬ 3 ਮਹੀਨੇ ਲਈ ਬੰਦ ਹੋਣ ਅਤੇ ਵਿਵਾਦ ਜਨਤਕ ਹੋਣ ਨਾਲ ਨਵੀਆਂ ਬਣੀਆਂ ਮੈਂਬਰਾਨ ’ਚ ਨਿਰਾਸ਼ਾ ਫੈਲੀ ਹੋਈ ਹੈ। ਜ਼ਿਆਦਾਤਰ ਦਾ ਇਹੀ ਕਹਿਣਾ ਹੈ ਕਿ ਮਤਭੇਦ ਸਾਰੀਆਂ ਸੰਸਥਾਵਾਂ ’ਚ ਹੁੰਦੇ ਹਨ, ਇਸ ਲਈ ਇੰਨਾ ਸਖ਼ਤ ਫ਼ੈਸਲਾ ਨਹੀਂ ਲਿਆ ਜਾਣਾ ਚਾਹੀਦਾ ਸੀ।

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News