ਜਲੰਧਰ ''ਚ ਕੋਰੋਨਾ ਦੇ ਸੁਪਰ ਵੇਰੀਐਂਟ ਦੀ ਦਸਤਕ ਦੇ ਬਾਵਜੂਦ ‘ਚੌਕੰਨਾ ਨਹੀਂ ਪ੍ਰਸ਼ਾਸਨ’
Monday, Jan 02, 2023 - 12:32 PM (IST)

ਜਲੰਧਰ (ਪੁਨੀਤ)- ਕੋਰੋਨਾ ਨੇ ਇਕ ਵਾਰ ਫਿਰ ਤੋਂ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਕੇਂਦਰ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ਾਂ ਵਿਚ ਬਦਲਾਅ ਕਰਕੇ ਨਵੀਆਂ ਸੋਧੀਆਂ ਕੋਵਿਡ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਬਾਵਜੂਦ ਲੋਕ ਗੰਭੀਰਤਾ ਨਹੀਂ ਵਿਖਾ ਰਹੇ ਜੋਕਿ ਖ਼ਤਰੇ ਨੂੰ ਦਾਅਵਤ ਦੇਣ ਤੋਂ ਘੱਟ ਨਹੀਂ ਕਿਹਾ ਜਾ ਸਕਦਾ। ਕੋਰੋਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਨੇ 6 ਦੇਸ਼ਾਂ ਦੇ ਯਾਤਰੀਆਂ ਲਈ ਆਰ. ਟੀ. ਪੀ. ਸੀ. ਆਰ. ਨੈਗੇਟਿਵ ਜਾਂਚ ਰਿਪੋਰਟ ਜ਼ਰੂਰੀ ਕਰ ਦਿੱਤੀ ਹੈ, ਜੋਕਿ ਖ਼ਤਰੇ ਨੂੰ ਜ਼ਾਹਰ ਕਰਦਾ ਹੈ। ਇਸ ਵਿਚ ਖਤਰੇ ਦੀ ਗੱਲ ਇਹ ਹੈ ਕਿ ਕੋਰੋਨਾ ਦੇ ਸੁਪਰ ਵੇਰੀਐਂਟ ਨੇ ਭਾਰਤ ਵਿਚ ਦਸਤਕ ਦੇ ਦਿੱਤੀ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਚੌਕੰਨਾ ਨਜ਼ਰ ਨਹੀਂ ਆ ਰਿਹਾ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਤੇ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ, ਜਨਵਰੀ ਦਾ ਮਹੀਨਾ ਪਿਛਲੇ ਸਾਲ ਦੇ ਮੁਕਾਬਲੇ ਰਹੇਗਾ ਠੰਡਾ
ਸ਼ਹਿਰ ਦੇ ਮਸ਼ਹੂਰ ਸੰਡੇ ਬਾਜ਼ਾਰ ਵਿਚ ਭੀੜ-ਭਾੜ ਵਿਚ ਲੋਕ ਮਾਸਕ ਤੋਂ ਬਿਨਾਂ ਨਜ਼ਰ ਆ ਰਹੇ ਹਨ, ਜੋਕਿ ਗੰਭੀਰਤਾ ਦਾ ਵਿਸ਼ਾ ਹੈ। ਸਿਹਤ ਮਾਹਿਰਾਂ ਮੁਤਾਬਕ ਓਮੀਕ੍ਰੋਨ ਦੇ ਨਵੇਂ ਸਬ- ਵੇਰੀਐਂਟ ਐਕਸ. ਬੀ. ਬੀ.-1.5 ਨੇ ਭਾਰਤ ਵਿਚ ਦਸਤਕ ਦੇ ਦਿੱਤੀ ਹੈ। ਇਸ ਨੂੰ ਸੁਪਰ ਵੇਰੀਐਂਟ ਕਿਹਾ ਜਾ ਰਿਹਾ ਹੈ। ਗੁਜਰਾਤ ਵਿਚ ਇਸ ਦਾ ਪਹਿਲਾ ਕੇਸ ਸਾਹਮਣੇ ਆ ਚੁੱਕਾ ਹੈ। ਇਹ ਵੇਰੀਐਂਟ 120 ਗੁਣਾ ਜ਼ਿਆਦਾ ਖ਼ਤਰਨਾਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵਾਂ ਵੇਰੀਐਂਟ ਟੈਨਸ਼ਨ ਵਧਾਉਣ ਵਾਲਾ ਹੈ ਅਤੇ ਇਸ ਤੋਂ ਸਾਰਿਆਂ ਨੂੰ ਚੌਕੰਨਾ ਰਹਿਣ ਦੀ ਲੋੜ ਹੈ, ਨਹੀਂ ਤਾਂ ਇਹ ਆਪਣੀ ਲਪੇਟ ਵਿਚ ਲੈ ਸਕਦਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਦਾ ਜਸ਼ਨ ਮਨਾ ਕੇ ਚਾਈਂ-ਚਾਈਂ ਕਾਲਜ ਜਾ ਰਹੇ ਸਨ ਵਿਦਿਆਰਥੀ, ਵਾਪਰੀ ਅਣਹੋਣੀ ਨੇ 4 ਘਰਾਂ 'ਚ ਪੁਆਏ ਵੈਣ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਭੀੜ-ਭਾੜ ਤੋਂ ਗੁਰੇਜ਼ ਕਰਨ ਦੇ ਨਾਲ-ਨਾਲ ਮਾਸਕ ਪਹਿਨਣ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। ਸ਼ਨੀਵਾਰ ਨੂੰ ਦੇਸ਼ ਵਿਚ ਕੋਰੋਨਾ ਦੇ 243 ਨਵੇਂ ਮਾਮਲੇ ਦਰਜ ਹੋਏ ਹਨ। ਪੰਜਾਬ ਵਿਚ ਵੀ ਕਈ ਕੇਸ ਸੁਣਨ ਵਿਚ ਮਿਲ ਰਹੇ ਹਨ। ਵੇਖਣ ਵਿਚ ਆਇਆ ਹੈ ਕਿ ਲੋਕ ਬਾਜ਼ਾਰਾਂ ਵਿਚ ਚੌਕਸੀ ਨਹੀਂ ਅਪਣਾ ਰਹੇ। ਖਾਣ-ਪੀਣ ਦਾ ਸਾਮਾਨ ਵੇਚਣ ਵਾਲਿਆਂ ਵੱਲੋਂ ਵੀ ਮਾਸਕ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਗਲੱਵਜ਼ ਆਦਿ ਵੀ ਨਹੀਂ ਵਰਤੇ ਜਾ ਰਹੇ। ਆਪਸ ਵਿਚ ਦੂਰੀ ਬਣਾ ਕੇ ਰੱਖਣਾ ਤਾਂ ਲੋਕ ਭੁੱਲ ਹੀ ਚੁੱਕੇ ਹਨ। ਭੀੜ ਨੂੰ ਕੰਟਰੋਲ ਕਰਨ ਲਈ ਕਿਸੇ ਤਰ੍ਹਾਂ ਦਾ ਕੋਈ ਯਤਨ ਨਹੀਂ ਹੋ ਰਿਹਾ। ਜਾਣਕਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਪ੍ਰਤੀ ਗੰਭੀਰਤਾ ਦਿਖਾਉਣੀ ਹੋਵੇਗੀ। ਲੋੜ ਹੈ ਕਿ ਇਸ ਪ੍ਰਤੀ ਸਮਾਂ ਰਹਿੰਦੇ ਧਿਆਨ ਦਿੱਤਾ ਜਾਵੇ ਤਾਂ ਕਿ ਇਸ ਨਾਮੁਰਾਦ ਵਾਇਰਸ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ : ਨਵੇਂ ਸਾਲ ਮੌਕੇ ਦੋ ਘਰਾਂ 'ਚ ਵਿਛੇ ਸੱਥਰ, ਜਲੰਧਰ ਵਿਖੇ ਵਾਪਰੇ ਰੂਹ ਕੰਬਾਊ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ