ਕਿਸਾਨ ਸੰਘਰਸ਼ ਕਮੇਟੀ ਨੇ ਮੰਗਾਂ ਨੂੰ ਲੈ ਕੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

06/24/2018 4:32:14 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕਿਸਾਨ ਸੰਘਰਸ਼ ਕਮੇਟੀ ਹੁਸ਼ਿਆਰਪੁਰ ਜ਼ੋਨ ਦੀ ਇਕ ਅਹਿਮ ਮੀਟਿੰਗ ਗੁਰਦਵਾਰਾ ਸਾਹਿਬ ਰੜਾ ਪਿੰਡ ਵਿਖੇ ਜ਼ੋਨਲ ਪ੍ਰਧਾਨ ਕੁਲਦੀਪ ਸਿੰਘ ਟਾਹਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਅਤੇ ਸਵਿੰਦਰ ਸਿੰਘ ਠੱਠੀ ਖਾਰਾ ਵਿਸੇਸ਼ ਤੌਰ 'ਤੇ ਸ਼ਾਮਲ ਹੋਏ। ਮੀਟਿੰਗ ਉਪਰੰਤ ਕਿਸਾਨਾਂ ਨੇ ਕਿਸਾਨ ਵਿਰੋਧੀ ਪੰਜਾਬ ਸਰਕਾਰ ਦਾ ਬਿਆਸ ਦਰਿਆ ਪੁਲ ਨਜ਼ਦੀਕ ਟ੍ਰੈਫਿਕ ਜਾਮ ਕਰਕੇ ਪੁਤਲਾ ਵੀ ਫੂਕਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੰਡ ਇਲਾਕੇ ਦੇ ਬੰਜਰ ਤੋੜ ਕਿਸਾਨ ਪਿਛਲੇ ਲਗਭਗ 60 ਸਾਲ ਤੋਂ ਬੇਆਬਾਦ ਜ਼ਮੀਨਾਂ ਨੂੰ ਆਬਾਦ ਕਰਕੇ ਖੇਤੀ ਕਰ ਰਹੇ ਹਨ ਪਰ 2013 'ਚ ਜਬਰੀ ਗਿਰਦਾਵਰੀਆਂ ਤੋੜ ਕੇ ਸਰਕਾਰ ਨੇ ਇਨ੍ਹਾਂ ਕਿਸਾਨਾਂ ਦਾ ਉਜਾੜਾ ਕਰਨਾ ਚਾਹੁੰਦੀ ਹੈ ਜੋ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ । 
ਮੀਟਿੰਗ ਦੌਰਾਨ ਬੁਲਾਰਿਆਂ ਨੇ ਮੰਡ ਖੇਤਰ ਦੇ ਬੰਜਰ ਤੋੜ ਕਿਸਾਨਾਂ ਨੂੰ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦੇਣ ਦੀ ਵੀ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਬੰਜਰ ਤੋੜ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਨਹੀਂ ਦਿੰਦੀ ਤਾਂ ਕਿਸਾਨ ਹਰ ਤਰਾਂ ਦਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਾਰਕਾਰ ਦੀ ਹੋਵੇਗੀ। ਇਸ ਦੌਰਾਨ ਕਿਸਾਨ ਆਗੂ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬੀਬੀ ਮਨਜੀਤ ਕੌਰ ਖਾਲਸਾ ਅਤੇ ਬਲਦੇਵ ਸਿੰਘ ਰੜਾ ਮੰਡ ਦੇ ਸਦੀਵੀ ਵਿਛੋੜਾ ਦੇਣ ਕਾਰਨ ਉਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਤੋਂ ਉਪਰੰਤ ਸਮੂਹ ਕਿਸਾਨਾਂ ਨੇ ਰੜਾ ਪਿੰਡ ਦੇ ਬਿਆਸ ਪੁਲ 'ਤੇ ਧਰਨਾ ਲਗਾਉਂਦੇ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਜਥੇਬੰਦੀ ਨੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਲਈ ਵੀ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਸਿੰਘ, ਸੁਖਜਿੰਦਰ ਸੋਨੀ, ਕਸ਼ਮੀਰ ਸਿੰਘ ਫੱਤਾਕੁੱਲਾ, ਹਰਬੰਸ ਸਿੰਘ ਰੜਾ ਮੰਡ, ਨਿਸ਼ਾਨ ਮੰਡ, ਗੋਪੀ ਖਾਨਪੁਰ ਆਦਿ ਮੌਜੂਦ ਸਨ।


Related News