ਗਰਭਵਤੀ ਦੀ ਕੁੱਟਮਾਰ ਕਰਕੇ ਕੱਢਿਆ ਘਰੋਂ ਬਾਹਰ, ਪੀੜਤਾ ਨੇ ਐੱਸ. ਪੀ. ਫਗਵਾੜਾ ਨੂੰ ਦਿੱਤੀ ਦਰਖ਼ਾਸਤ

07/06/2023 12:24:29 PM

ਫਗਵਾੜਾ (ਜਲੋਟਾ)–ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਕਰਦਿਆਂ ਤੰਗ-ਪ੍ਰੇਸ਼ਾਨ ਕਰਨ ਅਤੇ ਗਰਭਵਤੀ ਹਾਲਾਤ ’ਚ ਕੁੱਟਮਾਰ ਕਰਕੇ ਜ਼ਖ਼ਮੀ ਹਾਲਤ ’ਚ ਘਰੋਂ ਕੱਢਣ ਦੇ ਮਾਮਲੇ ’ਚ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਪਿੰਡ ਅਕਾਲਗੜ੍ਹ ਤਹਿਸੀਲ ਫਗਵਾੜਾ ਦੀ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ ਦੀ ਹਾਜ਼ਰੀ ’ਚ ਐੱਸ. ਪੀ. ਫਗਵਾੜਾ ਗੁਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀੜਤਾ ਕਮਲ ਪੁਤਰੀ ਕਾਲਾ ਵਾਸੀ ਪਿੰਡ ਅਕਾਲਗੜ੍ਹ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੇ ਐੱਸ .ਪੀ. ਗੁਰਪ੍ਰੀਤ ਸਿੰਘ ਨੂੰ ਲਿਖਤੀ ਦਰਖ਼ਾਸਤ ਦਿੰਦਿਆਂ ਦੱਸਿਆ ਕਿ ਉਹ ਦਿਹਾੜੀਦਾਰ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਪਿੰਡ ਨੀਲੋ ਪੱਤੀ ਬਿਲਗਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਸੀ। ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਹੈ ਜੋ ਨਸ਼ਾ ਕਰਕੇ ਲੜਾਈ-ਝਗੜਾ ਕਰਦਾ ਸੀ ਅਤੇ ਖ਼ਰਚੇ ਤੋਂ ਵੀ ਤੰਗ ਰੱਖਦਾ ਸੀ।

ਜਦੋਂ ਉਸ ਨੇ ਇਸ ਬਾਰੇ ਸੱਸ ਸਹੁਰੇ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਦਾਜ ਨਾ ਲਿਆਉਣ ਦੇ ਤਾਹਨੇ-ਮਿਹਣੇ ਦੇਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਖ਼ਰਚਾ ਆਪਣੇ ਪੇਕਿਆਂ ਤੋਂ ਮੰਗਵਾ ਲੈ ਸਾਡੇ ਕੋਲ ਪੈਸੇ ਨਹੀਂ ਹਨ। ਉਸ ਦੇ ਪੋਣੇ ਦੋ ਸਾਲ ਦਾ ਇਕ ਬੇਟਾ ਹੈ, ਜਿਸ ਦੀ ਡਿਲਿਵਰੀ ਦਾ ਖ਼ਰਚਾ ਵੀ ਪੇਕੇ ਪਰਿਵਾਰ ਨੇ ਹੀ ਕੀਤਾ ਸੀ ਕਿਉਂਕਿ ਸਹੁਰਾ ਪਰਿਵਾਰ ਦਾਜ ਨਾ ਲਿਆਉਣ ਕਰਕੇ ਖ਼ਰਚਾ ਕਰਨ ਨੂੰ ਰਾਜ਼ੀ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਦੀ ਨਨਾਣ ਦੀ ਘਰ ਵਿਚ ਜ਼ਰੂਰਤ ਤੋਂ ਵੱਧ ਦਖ਼ਲ ਅੰਦਾਜ਼ੀ ਹੈ, ਜੋ ਉਸ ਨਾਲ ਝਗੜਾ ਕਰਦੀ ਅਤੇ ਪਤੀ ਅਤੇ ਸਹੁਰੇ ਨੂੰ ਭੜਕਾ ਕੇ ਕੁਟਵਾਉਂਦੀ ਸੀ। ਬੀਤੀ 21 ਜੂਨ ਦੀ ਰਾਤ ਉਸ ਦਾ ਖ਼ਰਚੇ ਨੂੰ ਲੈ ਕੇ ਪਤੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਸਹੁਰੇ ਪਰਿਵਾਰ ਵੱਲੋਂ ਉਸ ਦੇ ਪੰਜ ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਕਾਫ਼ੀ ਕੁੱਟਮਾਰ ਕੀਤੀ ਗਈ। ਜਦੋਂ ਉਸ ਦੇ ਮਾਤਾ-ਪਿਤਾ ਤੇ ਪਰਿਵਾਰਕ ਮੈਂਬਰ ਸਹੁਰੇ ਪਰਿਵਾਰ ਨਾਲ ਗੱਲਬਾਤ ਕਰਨ ਆਏ ਤਾਂ ਸਹੁਰੇ ਪਰਿਵਾਰ ਨੇ ਉਸ ਨੂੰ ਜ਼ਬਰਦਸਤੀ ਮਾਤਾ-ਪਿਤਾ ਨਾਲ ਭੇਜ ਦਿੱਤਾ। ਉਸ ਨੇ ਫਗਵਾੜਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਹੋ ਕੇ ਆਪਣਾ ਇਲਾਜ ਕਰਵਾਇਆ। ਸਹੁਰੇ ਪਰਿਵਾਰ ਵਲੋਂ ਹੋਈ ਕੁੱਟਮਾਰ ਸਬੰਧੀ ਉਸ ਨੇ ਬਿਲਗਾ ਦੀ ਪੁਲਸ ਪਾਰਟੀ ਨੂੰ ਵੀ ਆਪਣਾ ਬਿਆਨ ਲਿਖਾ ਦਿੱਤਾ ਹੈ। ਐੱਸ. ਪੀ. ਫਗਵਾੜਾ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਅਤੇ ਦਰਖ਼ਾਸਤ ਦੀ ਪੜਤਾਲ ਲਈ ਥਾਣਾ ਸਦਰ ਪੁਲਸ ਨੂੰ ਨਿਰਦੇਸ਼ ਦਿੱਤੇ ਹਨ।


shivani attri

Content Editor

Related News