ਕਾਜ਼ੀ ਮੁਹੱਲੇ ''ਚ ਬਣ ਰਹੀ ਸੜਕ ਦੀ ਕੁਆਲਿਟੀ ਚੈੱਕ ਕੀਤੀ ਜਾਵੇ

01/09/2020 4:58:04 PM

ਜਲੰਧਰ (ਖੁਰਾਣਾ)— ਇਨ੍ਹੀਂ ਦਿਨੀਂ ਸ਼ਹਿਰ ਦੇ ਅੰਦਰੂਨੀ ਹਿੱਸੇ 'ਚ ਸਥਿਤ ਕਿਲਾ ਮੁਹੱਲਾ ਅਤੇ ਕਾਜ਼ੀ ਮੁਹੱਲੇ ਦੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਅਤੇ ਕਈ ਸਾਲ ਬਾਅਦ ਬਣਨ ਜਾ ਰਹੀਆਂ ਇਹ ਸੜਕਾਂ ਸੀਮੈਂਟ ਨਾਲ ਬਣਾਈਆਂ ਜਾ ਰਹੀਆਂ ਹਨ। ਇਸ ਦੌਰਾਨ ਕਾਜ਼ੀ ਮੁਹੱਲਾ ਵਾਸੀਆਂ ਨੇ ਮੇਅਰ ਜਗਦੀਸ਼ ਰਾਜਾ ਅਤੇ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਕੋਲੋਂ ਮੰਗ ਕੀਤੀ ਹੈ ਕਿ ਨਵੀਆਂ ਬਣ ਰਹੀਆਂ ਸੜਕਾਂ ਦੀ ਕੁਆਲਿਟੀ ਨੂੰ ਚੈੱਕ ਕਰਵਾਇਆ ਜਾਵੇ ਅਤੇ ਇਸ ਦੇ ਸੈਂਪਲ ਭਰ ਕੇ ਮਟੀਰੀਅਲ ਦੀ ਜਾਂਚ ਕਰਵਾਈ ਜਾਵੇ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸਬੰਧਿਤ ਠੇਕੇਦਾਰ ਵਲੋਂ ਕੁੱਝ ਦਿਨ ਪਹਿਲਾਂ ਬਣਾਈ ਗਈ ਸੜਕ ਮੀਂਹ ਕਾਰਣ ਖਰਾਬ ਹੋਣੀ ਸ਼ੁਰੂ ਹੋ ਗਈ ਹੈ ਅਤੇ ਸੜਕ ਦੀ ਉੱਪਰਲੀ ਪਰਤ ਤੋਂ ਬੱਜਰੀ ਤੱਕ ਦਿਸਣ ਲੱਗੀ ਹੈ।

ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਕ ਥਾਂ 'ਤੇ ਜਦੋਂ ਸੀਮੈਂਟ ਨਾਲ ਸੜਕ ਬਣਾਈ ਗਈ ਤਾਂ ਉੱਥੇ ਸੀਵਰੇਜ ਬਲਾਕ ਹੋਣ ਕਾਰਣ ਸਾਰਾ ਪਾਣੀ ਸੜਕ 'ਤੇ ਆ ਗਿਆ, ਜਿਸ ਕਾਰਣ ਸੜਕ ਦਾ ਕੁੱਝ ਹਿੱਸਾ ਖਰਾਬ ਹੋਇਆ, ਜਿਸ ਨੂੰ ਦੁਬਾਰਾ ਬਣਾਇਆ ਜਾਵੇਗਾ ਪਰ ਬਾਕੀ ਸੜਕ ਠੀਕ ਹੈ। ਦੂਜੇ ਪਾਸੇ ਮੁਹੱਲਾ ਵਾਸੀ ਅਜੇ ਵੀ ਇਸ ਗੱਲ 'ਤੇ ਅੜੇ ਹਨ ਕਿ ਉਸ ਥਾਂ ਤੋਂ ਅੱਗੇ ਜਾ ਕੇ ਬਣਾਈਆਂ ਜਾ ਰਹੀਆਂ ਗਲੀਆਂ ਦਾ ਮਟੀਰੀਅਲ ਵੀ ਸਹੀ ਨਹੀਂ ਹੈ ਅਤੇ ਉੱਥੇ ਵੀ ਸੜਕ ਤੋਂ ਬੱਜਰੀ ਨਿਕਲਣੀ ਸ਼ੁਰੂ ਹੋ ਗਈ ਹੈ।

ਮੀਂਹ ਨੇ ਬਚੀਆਂ ਖੁਚੀਆਂ ਸੜਕਾਂ ਨੂੰ ਵੀ ਧੋ ਦਿੱਤਾ
ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ 'ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਨੇ ਬਚੀਆਂ ਖੁਚੀਆਂ ਸੜਕਾਂ ਨੂੰ ਵੀ ਧੋ ਦਿੱਤਾ ਹੈ। ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਪਹਿਲਾਂ ਹੀ ਟੁੱਟੀਆਂ ਹੋਈਆਂ ਹਨ ਪਰ ਹੁਣ ਮੀਂਹ ਦੇ ਪਾਣੀ ਕਾਰਣ ਸੜਕਾਂ ਦੇ ਟੋਏ ਹੋਰ ਡੂੰਘੇ ਹੋ ਗਏ ਹਨ। ਨਿਗਮ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਸਹੂਲਤ ਲਈ ਸੜਕਾਂ 'ਤੇ ਠੰਡੀ ਲੁੱਕ ਦੇ ਪੈਚ ਲਗਵਾਏ ਪਰ ਪੈਸਿਆਂ ਦੀ ਘਾਟ ਕਾਰਣ ਅਜਿਹਾ ਸੰਭਵ ਨਹੀਂ ਨਜ਼ਰ ਆ ਰਿਹਾ। ਹੋ ਸਕਦਾ ਹੈ ਕਿ ਅਗਲੇ 2-3 ਮਹੀਨਿਆਂ ਤੱਕ ਲੋਕਾਂ ਨੂੰ ਅਜਿਹੀਆਂ ਹੀ ਟੁੱਟੀਆਂ ਸੜਕਾਂ 'ਤੇ ਹੀ ਚੱਲਣਾ ਪਵੇ।


shivani attri

Content Editor

Related News