ਬੀਮੇ ਦੇ ਪੈਸੇ ਲੈਣ ਲਈ 8 ਸਾਲ ਖੱਜਲ-ਖੁਆਰ ਹੋਈ ਵਿਧਵਾ

11/15/2019 1:09:33 PM

ਕਪੂਰਥਲਾ (ਵੈੱਬ ਡੈਸਕ) : ਸਥਾਈ ਲੋਕ ਅਦਾਲਤ (ਪੀ.ਐੱਲ.ਏ.) ਨੇ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਲਿਮੀਟਡ ਨੂੰ ਪ੍ਰਵਾਸੀ ਭਾਰਤੀ ਬੀਮਾ ਯੋਜਨਾ ਤਹਿਤ ਲਾਭ ਪ੍ਰਦਾਨ ਕਰਨ ਵਿਚ ਦੇਰੀ ਲਈ ਕਪੂਰਥਲਾ ਦੀ ਇਕ ਮਹਿਲਾ ਜਸੰਵਤ ਕੌਰ ਨੂੰ 30 ਦਿਨਾਂ ਦੇ ਅੰਦਰ-ਅੰਦਰ 5 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਫਰਮ ਨਾ ਸਿਰਫ 9 ਫੀਸਦੀ ਵਿਆਜ਼ ਦੇ ਨਾਲ ਮੁਆਵਜ਼ਾ ਅਦਾ ਕਰੇਗੀ ਸਗੋਂ ਮੁਕੱਦਮੇਬਾਜ਼ੀ ਵਿਚ ਖਰਚ ਹੋਏ 25,000 ਰੁਪਏ ਵੀ ਅਦਾ ਕਰੇਗੀ।

ਪੀ.ਐੱਲ.ਏ. ਨੂੰ ਸੌਂਪੇ ਗਈ ਐਪਲੀਕੇਸ਼ਨ ਵਿਚ ਮਹਿਲਾ, ਜਿਸ ਨੂੰ ਪਾਲਿਸੀ ਵਿਚ ਨਾਮਜ਼ਦ ਕੀਤਾ ਗਿਆ ਹੈ, ਨੇ ਜ਼ਿਕਰ ਕੀਤਾ ਹੈ ਕਿ ਉਸ ਦੇ ਪਤੀ ਸੁਰਜੀਤ ਸਿੰਘ ਨੇ 2006 ਵਿਚ ਕੰਪਨੀ ਤੋਂ ਇਹ ਪਾਲਿਸੀ ਖਰੀਦੀ ਸੀ ਜੋ ਮੌਤ ਅਤੇ ਪੂਰੀ ਤਰ੍ਹਾਂ ਅਪਾਹਜ ਹੋਣ ਦੇ ਮਾਮਲੇ ਵਿਚ 50,0000 ਰੁਪਏ ਦੇਵੇਗੀ। ਹਾਲਾਂਕਿ ਓਮਾਨ ਵਿਚ ਉਸ ਦੇ ਪਤੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ, ਬੀਮਾ ਕੰਪਨੀ ਨੇ ਇਹ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ। ਖਬਰਾਂ ਅਨੁਸਾਰ ਸੁਰਜੀਤ ਵੱਲੋਂ ਵਿਦੇਸ਼ ਜਾਣ ਤੋਂ ਪਹਿਲਾਂ ਖਰੀਦੀ ਗਈ ਬੀਮਾ ਪਾਲਿਸੀ ਦੋ ਸਾਲਾਂ ਲਈ 31 ਅਕਤੂਬਰ 2007 ਤੋਂ 30 ਅਕਤੂਬਰ 2009 ਲਈ ਯੋਗ ਸੀ ਅਤੇ 13 ਸਤੰਬਰ 2009 ਨੂੰ ਇਕ ਸੜਕ ਹਾਦਸੇ ਵਿਚ ਸੁਰਜੀਤ ਦੀ ਮੌਤ ਹੋ ਗਈ। ਇਸ ਲਈ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਤੋਂ ਬਾਅਦ ਰਾਇਲ ਓਮਾਨ ਪੁਲਸ ਵੱਲੋਂ ਜ਼ਾਰੀ ਕੀਤੇ ਗਏ ਮੌਤ ਦੇ ਸਰਟੀਫਿਕੇਟ ਦੀ ਕਾਪੀ ਦੇ ਨਾਲ ਜਸਵੰਤ ਕੌਰ ਨੇ ਕੰਪਨੀ ਦੇ ਅਧਿਕਾਰੀਆਂ ਕੋਲ ਪਹੁੰਚ ਕੀਤੀ, ਜਿਸ ਨੇ ਨਾ ਸਿਰਫ ਬੀਮੇ ਕੀਤੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ, ਸਗੋਂ ਦਸਤਾਵੇਜ਼ਾਂ ਨੂੰ ਵੀ ਰੱਦ ਕਰ ਦਿੱਤਾ। ਇਸ ਤੋਂ ਬਾਅਦ ਬਿਨੈਕਾਰ ਨੇ ਕੰਪਨੀ ਨੂੰ ਕਾਨੂੰਨੀ ਨੋਟਿਸ ਦਿੱਤਾ ਪਰ ਕੋਈ ਫਾਇਦਾ ਨਹੀਂ ਹੋਇਆ। 

13 ਨਵੰਬਰ 2011 ਨੂੰ ਜਸਵੰਤ ਕੌਰ ਨੇ ਫਿਰ ਤੋਂ ਇਕ ਹੋਰ ਕਾਨੂੰਨੀ ਨੋਟਿਸ ਭੇਜਿਆ ਅਤੇ ਮਾਮਲੇ ਦੇ ਹੱਲ ਲਈ ਪੀ.ਐੱਲ.ਏ. ਨਾਲ ਸੰਪਰਕ ਕੀਤਾ। ਸਾਰੇ ਮਾਮਲੇ ਨੂੰ ਜਾਣਨ ਤੋਂ ਬਾਅਦ ਪੀ.ਐੱਲ.ਏ. ਨੇ ਕੰਪਨੀ ਵੱਲੋਂ ਦਾਅਵੇ ਨੂੰ ਖਾਰਜ ਕਰਨ ਤੋਂ 7 ਸਾਲ 10 ਮਹੀਨੇ ਬਾਅਦ ਬੀਮਾ ਫਰਮ ਨੂੰ ਜਸਵੰਤ ਕੌਰ ਦੇ ਮਾਮਲੇ ਨੂੰ ਫਿਰ ਤੋਂ ਖੋਲਣ ਅਤੇ 30 ਦਿਨਾਂ ਦੇ ਅੰਦਰ-ਅੰਦਰ ਇਸ ਦਾ ਨਿਪਟਾਰਾ ਕਰਨ ਲਈ ਕਿਹਾ ਹੈ।


cherry

Content Editor

Related News