ਭਾਰਤੀ ਰੇਲਵੇ ਬੋਧੀ ਸ਼ਰਧਾਲੂਆਂ ਲਈ ਚਲਾਏਗਾ ਵਿਸ਼ੇਸ਼ ਟਰੇਨ

10/18/2018 10:18:19 AM

ਕਪੂਰਥਲਾ (ਵਾਲੀਆ, ਮੱਲ੍ਹੀ) – ਭਾਰਤੀ ਰੇਲਵੇ ਵਲੋਂ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਵਿਸ਼ੇਸ਼ ਬੋਧ ਟਰੇਨ ਚਲਾਈ ਜਾਏਗੀ, ਜੋ ਬੋਧੀ ਸ਼ਰਧਾਲੂਆਂ ਨੂੰ ਬੋਧ ਧਰਮ ਨਾਲ ਸਬੰਧਤ ਵੱਖ-ਵੱਖ ਥਾਵਾਂ ਬੋਧਗਯਾ, ਬੁੱਧ ਵਿਹਾਰ, ਸਰਨਾਥ ਅਤੇ ਖੁਸ਼ੀ ਨਗਰ ਵਿਖੇ ਲਿਜਾਏਗੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਬੋਰਡ ਦੇ ਮੈਂਬਰ ਰਾਜੇਸ਼ ਅਗਰਵਾਲ ਨੇ ਬੁੱਧਵਾਰ ਰੇਲ ਕੋਚ ਫੈਕਟਰੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਟਰੇਨ 'ਚ ਜਾਪਾਨ, ਚੀਨ, ਥਾਈਲੈਂਡ, ਸ਼੍ਰੀਲੰਕਾ ਅਤੇ ਬੋਧ ਧਰਮ ਨਾਲ ਸਬੰਧਤ ਹੋਰਨਾਂ ਦੇਸ਼ਾਂ ਦੇ ਸ਼ਰਧਾਲੂ ਸਫਰ ਕਰਨਗੇ। ਇਸ ਟਰੇਨ ਨੂੰ ਇਸ ਸਾਲ ਦਸੰਬਰ ਦੇ ਅੰਤ ਤੱਕ ਚਲਾ ਦਿੱਤਾ ਜਾਏਗਾ।

ਉਨ੍ਹਾਂ ਕਿਹਾ ਕਿ ਇਸ ਟਰੇਨ ਲਈ ਬਣਾਏ ਗਏ ਵਿਸ਼ੇਸ਼ ਕੋਚਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਆਰ. ਸੀ. ਐੱਫ. ਵਲੋਂ ਰਵਾਨਾ ਕਰ ਦਿੱਤਾ ਜਾਏਗਾ ਅਤੇ ਟਰੇਨ ਦਸੰਬਰ ਦੇ ਅੰਤ ਤੱਕ ਚੱਲ ਪਏਗੀ। ਇੰਡੀਅਨ ਰੇਲਵੇਜ਼ ਕੈਟਰਿੰਗ ਐਂਡ ਟੂਰਿਸਟ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਵਲੋਂ ਇਸ ਟਰੇਨ ਦਾ ਪ੍ਰਬੰਧ ਸੰਭਾਲਿਆ ਜਾਏਗਾ ਅਤੇ ਕਿਰਾਇਆ ਉਸ ਵਲੋਂ ਹੀ ਨਿਰਧਾਰਿਤ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਆਈ. ਆਰ. ਸੀ. ਟੀ. ਸੀ. ਵਲੋਂ ਕੌਮਾਂਤਰੀ ਸੈਲਾਨੀਆਂ ਲਈ ਮਹਾਰਾਜਾ ਟਰੇਨ ਪਹਿਲਾਂ ਹੀ ਚਲਾਈ ਜਾ ਰਹੀ ਹੈ। ਹੁਣ ਇਸ ਨਵੀਂ ਟਰੇਨ ਦੇ 12 ਕੋਚ ਹੋਣਗੇ ਅਤੇ ਇਹ ਬੋਧ ਧਰਮ ਨਾਲ ਜੁੜੇ ਸ਼ਰਧਾਲੂਆਂ ਨੂੰ ਉਨ੍ਹਾਂ ਨਾਲ ਸਬੰਧਤ ਇਤਿਹਾਸਕ ਥਾਵਾਂ 'ਤੇ ਲਿਜਾਏਗੀ।

ਬੋਧ ਸ਼ਰਧਾਲੂਆਂ ਲਈ ਚਲਾਈ ਜਾਣ ਵਾਲੀ ਇਸ ਟਰੇਨ ਦੇ ਕੋਚਾਂ ਦੀ ਖੂਬੀ ਦੱਸਦੇ ਹੋਏ ਆਰ. ਸੀ. ਐੱਫ. ਦੇ ਜਨਰਲ ਮੈਨੇਜਰ ਸੱਤਿਆ ਪ੍ਰਕਾਸ਼ ਤ੍ਰਿਵੇਦੀ ਨੇ ਕਿਹਾ ਕਿ ਕੋਚਾਂ ਦੇ ਅੰਦਰੂਨੀ ਹਿੱਸੇ 'ਚ ਵਿਲੱਖਣ ਕਿਸਮ ਦੇ ਸੁਧਾਰ ਕੀਤੇ ਗਏ ਹਨ। ਪਾਣੀ ਦੀ ਸਮਰੱਥਾ 1370 ਲਿਟਰ ਤੋਂ ਵਧਾ ਕੇ 2740 ਲਿਟਰ ਕਰ ਦਿੱਤੀ ਗਈ ਹੈ। ਫਸਟ ਏ. ਸੀ. ਕੋਚਾਂ ਵਿਚ ਹਰ ਮੁਸਾਫਿਰ ਲਈ ਡਿਜੀਟਲ ਲਾਕਰ ਦਾ ਪ੍ਰਬੰਧ ਕੀਤਾ ਗਿਆ ਹੈ। ਕੋਚਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਸ਼ਾਕਾਹਾਰੀ ਅਤੇ ਮਾਸਾਹਾਰੀ ਮੁਸਾਫਿਰਾਂ ਲਈ ਵੱਖਰੀ ਪੈਂਟਰੀ ਕਾਰ ਦਾ ਪ੍ਰਬੰਧ ਕੀਤਾ ਗਿਆ ਹੈ। ਟਾਇਲਟ 'ਚ ਯੂਰੀਨਲ ਲਾਏ ਗਏ ਹਨ। ਮਾਰਬਲ ਦੀ ਫਿਨਸ਼ਿੰਗ ਦਿੱਤੀ ਗਈ ਹੈ। ਆਧੁਨਿਕ ਕਿਸਮ ਦੀਆਂ ਬਾਇਓ ਟਾਇਲਟਾਂ ਬਣਾਈਆਂ ਗਈਆਂ ਹਨ, ਜੋ ਵੈਕਿਊਮ ਆਧਾਰਿਤ ਹਨ।

ਉਨ੍ਹਾਂ ਦੱਸਿਆ ਕਿ ਪਹਿਲੇ ਰੈਕ 'ਚ 4 ਕੋਚ ਅਜਿਹੇ ਹਨ, ਜਿਨ੍ਹਾਂ 'ਚੋਂ ਇਕ ਏ. ਸੀ. ਫਸਟ, 2 ਏ. ਸੀ. ਸੈਕਿੰਡ ਕਲਾਸ ਦੇ ਹਨ ਤੇ ਇਕ ਏ. ਸੀ. ਤਿੰਨ ਟੀਅਰ ਹੈ। ਇਸ ਤੋਂ ਇਲਾਵਾ ਸਟਾਫ ਮੈਂਬਰਾਂ ਲਈ 2 ਕੋਚ ਹਨ। ਜਦੋਂ ਉਨ੍ਹਾਂ ਕੋਲੋਂ ਇਹ ਪੁੱਛਿਆ ਗਿਆ ਕਿ ਨਵੀਂ ਦਿੱਲੀ-ਚੰਡੀਗੜ੍ਹ ਤੇਜਸ ਐਕਸਪ੍ਰੈੱਸ ਟਰੇਨ ਚੱਲਣ 'ਚ ਦੇਰੀ ਕਿਉਂ ਹੋ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈਸਲਾ 2-3 ਦਿਨਾਂ ਅੰਦਰ ਲੈ ਲਿਆ ਜਾਏਗਾ। ਉਨ੍ਹਾਂ ਆਰ. ਸੀ. ਐੱਫ. ਦੇ ਇੰਜੀਨੀਅਰਾਂ ਅਤੇ ਮੁਲਾਜ਼ਮਾਂ ਨੂੰ ਬੋਧ ਸਰਕਟ ਕੋਚ ਸਿਰਫ ਇਕ ਮਹੀਨੇ ਅੰਦਰ ਬਣਾ ਕੇ ਦੇਣ ਲਈ ਵਧਾਈ ਦਿੱਤੀ।


Related News