ਪੁਲਸ ਮੇਰੀ ਸ਼ਿਕਾਇਤ ''ਤੇ ਕਾਰਵਾਈ ਨਹੀਂ, ਇਕਪਾਸੜ ਕਰ ਰਹੀ ਹੈ ਕਾਰਵਾਈ: ਡਾ. ਕਮਲ ਗੁਪਤਾ

6/26/2020 6:19:04 PM

ਜਲੰਧਰ (ਵਰੁਣ)— ਕਮਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ (ਓ. ਟੀ.) ਦੀ ਕੰਧ ਤੋੜਨ ਦੀ ਸ਼ਿਕਾਇਤ ਦੇਣ ਦੇ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁਲਸ ਨੂੰ ਸ਼ਿਕਾਇਤ ਦੇਣ ਵਾਲੀ ਕਮਲ ਹਸਪਤਾਲ ਦੀ ਮਾਲਕਣ ਡਾ. ਕਮਲ ਗੁਪਤਾ ਨੇ ਦੋਸ਼ ਲਗਾਏ ਕਿ ਪੁਲਸ ਵੀ ਇਕਪਾਸੜ ਗੱਲ ਕਰ ਰਹੀ ਹੈ ਅਤੇ ਉਨ੍ਹਾਂ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਹੀ ਨਹੀਂ ਕਰ ਰਹੀ।

ਡਾ. ਕਮਲ ਗੁਪਤਾ ਨੇ ਕਿਹਾ ਕਿ ਬੀਤੇ ਐਤਵਾਰ ਨੂੰ ਉਨ੍ਹਾਂ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਇੰਨੇ ਦਿਨਾਂ ਤੋਂ ਬਾਅਦ ਵੀ ਨਾ ਤਾਂ ਐੱਫ. ਆਈ. ਆਰ. ਲਈ ਉਨ੍ਹਾਂ ਦੇ ਬਿਆਨ ਲਏ ਗਏ ਅਤੇ ਨਾ ਹੀ ਸਹੀ ਤਰੀਕੇ ਨਾਲ ਜਾਂਚ ਕੀਤੀ ਗਈ। ਡਾ. ਕਮਲ ਨੇ ਕਿਹਾ ਕਿ ਜੇ ਉਹ ਪੁਲਸ ਕੋਲ ਆ ਜਾਂਦੇ ਹਨ ਤਾਂ ਪੁਲਸ ਟਾਲਮਟੋਲ ਕਰਕੇ ਭੇਜ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕੋਰਟ ਕੇਸ ਦੌਰਾਨ ਡਾ. ਸਤਪਾਲ ਗੁਪਤਾ ਨੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਹੋਏ ਕੰਧ ਤੋੜੀ ਅਤੇ ਗਾਲੀ-ਗਲੋਚ ਵੀ ਕੀਤੀ ਪਰ ਪੁਲਸ ਇਸ ਨੂੰ ਪ੍ਰਾਪਰਟੀ ਝਗੜਾ ਦੱਸਦੇ ਹੋਏ ਕੋਈ ਕਾਰਵਾਈ ਨਹੀਂ ਕਰ ਰਹੀ। ਡਾ. ਗੁਪਤਾ ਨੇ ਕਿਹਾ ਕਿ ਪੁਲਸ ਇਕਤਰਫਾ ਗੱਲ ਕਰ ਰਹੀ ਹੈ, ਜਿਸ ਤੋਂ ਸਾਫ ਹੈ ਕਿ ਪੁਲਸ ਇਸ ਸਮੇਂ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਸ਼ਿਕਾਇਤ 'ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: ਜਲੰਧਰ ਦੇ ਇਹ ਇਲਾਕੇ ਰਹਿਣਗੇ ਸੀਲ, ਕੰਟੇਨਮੈਂਟ ਜ਼ੋਨ ਦੀ ਨਵੀਂ ਲਿਸਟ ਹੋਈ ਜਾਰੀ

ਇਸ ਬਾਰੇ ਜਦੋਂ ਏ. ਸੀ. ਪੀ. ਨਾਰਥ ਡਾ. ਮੁਕੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਾ. ਕਮਲ ਗੁਪਤਾ ਅਤੇ ਉਨ੍ਹਾਂ ਦੇ ਪਤੀ ਡਾ. ਸਤਪਾਲ ਗੁਪਤਾ ਨਾਲ ਆਹਮਣੇ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਡਾ. ਸਤਪਾਲ ਗੁਪਤਾ ਨੂੰ ਦੁਬਾਰਾ ਪੁੱਛਗਿੱਛ ਲਈ ਤਲਬ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਕਮਲ ਹਸਪਤਾਲ ਦੀ ਮਾਲਕਣ ਡਾ. ਕਮਲ ਗੁਪਤਾ ਨੇ ਏ. ਸੀ. ਪੀ. ਨਾਰਥ ਨੂੰ ਸ਼ਿਕਾਇਤ ਦੇ ਕੇ ਆਪਣੇ ਪਤੀ ਡਾ. ਸਤਪਾਲ ਗੁਪਤਾ 'ਤੇ ਬੀਤੇ ਐਤਵਾਰ ਹਸਪਤਾਲ ਦੇ ਓ. ਟੀ. ਦੀ ਕੰਧ ਤੋੜਨ ਦੇ ਦੋਸ਼ ਲਗਾਏ ਸੀ। ਡਾ. ਕਮਲ ਗੁਪਤਾ ਦਾ ਦੋਸ਼ ਸੀ ਕਿ ਵਿਰੋਧ ਕਰਨ 'ਤੇ ਉਨ੍ਹਾਂ ਨਾਲ ਗਾਲੀ-ਗਲੋਚ ਵੀ ਕੀਤੀ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਡਾ. ਕਮਲ ਗੁਪਤਾ ਨੇ ਇਹ ਵੀ ਦੋਸ਼ ਲਗਾਏ ਸਨ ਕਿ ਇਸ ਤੋਂ ਪਹਿਲਾਂ ਵੀ ਡਾ. ਸਤਪਾਲ ਗੁਪਤਾ ਵਿਵਾਦ ਕਰਨ ਆਏ ਸਨ ਅਤੇ ਪਹਿਲਾਂ ਵੀ ਬਿਨਾਂ ਕਿਸੇ ਇਜਾਜ਼ਤ ਦੇ ਹਸਪਤਾਲ 'ਚ ਭੰਨ-ਤੋੜ ਕੀਤੀ ਸੀ ਜਦੋਂ ਕਿ ਉਨ੍ਹਾਂ ਦੇ ਸਟਾਫ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਜਦੋਂ ਡਾ. ਸਤਪਾਲ ਗੁਪਤਾ ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਮਾਮਲੇ ਨੂੰ ਪਰਿਵਾਰਕ ਮਾਮਲਾ ਦੱਸਿਆ।
ਇਹ ਵੀ ਪੜ੍ਹੋ: ਕੋਵਿਡ-19: ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ


shivani attri

Content Editor shivani attri