ਜੁਆਇੰਟ ਐਕਸ਼ਨ ਕਮੇਟੀ ਗੈਰ-ਜ਼ਿੰਮੇਵਾਰਾਨਾ ਅਤੇ ਗਲਤ ਸਲੂਕ ਵਿਰੁੱਧ ਫੂਕੇਗੀ ਵਿਧਾਇਕ ਸ਼ੀਤਲ ਅੰਗੁਰਾਲ ਦਾ ਪੁਤਲਾ

07/24/2022 1:08:27 PM

ਜਲੰਧਰ (ਚੋਪੜਾ)– ਬੀਤੇ ਦਿਨੀਂ ਵੈਸਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਕੇ ਉਥੇ ਫੈਲੇ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਦੀ ਪੋਲ ਖੋਲ੍ਹਣ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਕੀਤੇ ਗਲਤ ਸਲੂਕ ਦੇ ਵਿਰੋਧ ਵਿਚ ਕਰਮਚਾਰੀਆਂ ਦੀ ਜੁਆਇੰਟ ਐਕਸ਼ਨ ਕਮੇਟੀ 25 ਜੁਲਾਈ ਨੂੰ ਪੁਤਲਾ ਫੂਕ ਪ੍ਰਦਰਸ਼ਨ ਕਰੇਗੀ।

ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਅਤੇ ਜਨਰਲ ਸਕੱਤਰ ਤਜਿੰਦਰ ਸਿੰਘ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਧਾਇਕ ਅੰਗੁਰਾਲ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਵਿਚ ਚੈਕਿੰਗ ਦੇ ਬਹਾਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਗੈਰ-ਜ਼ਿੰਮੇਵਾਰਾਨਾ ਅਤੇ ਗਲਤ ਸਲੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਧਾਇਕ ਅੰਗੁਰਾਲ ਵੱਲੋਂ ਕਰਮਚਾਰੀਆਂ ’ਤੇ ਬਿਨਾਂ ਕਿਸੇ ਸਬੂਤ ਦੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਗਿਆ ਹੈ, ਜਿਸ ਦੇ ਸਬੰਧ ਵਿਚ ਡੀ. ਸੀ. ਆਫਿਸ ਇੰਪਲਾਈਜ਼ ਯੂਨੀਅਨ ਨੇ 25 ਜੁਲਾਈ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ ਕਰਦਿਆਂ ਜੁਆਇੰਟ ਐਕਸ਼ਨ ਤੋਂ ਵੀ ਸਮਰਥਨ ਦੀ ਮੰਗ ਕੀਤੀ ਹੈ। ਕਮੇਟੀ ਦੇ ਸਾਰੇ ਅਹੁਦੇਦਾਰ ਸੋਮਵਾਰ ਨੂੰ ਸਹਿਕਾਰਤਾ ਭਵਨ ਵਿਚ ਇਕੱਠੇ ਹੋਣਗੇ ਅਤੇ ਵਿਧਾਇਕ ਅੰਗੁਰਾਲ ਦੇ ਪੁਤਲੇ ਨੂੰ ਲੈ ਕੇ ਬਾਈਕ ਰੈਲੀ ਕਰਨਗੇ। ਉਪਰੰਤ ਡੀ. ਸੀ. ਆਫਿਸ ਦੇ ਬਾਹਰ ਵਿਧਾਇਕ ਅੰਗੁਰਾਲ ਦਾ ਪੁਤਲਾ ਫੂਕਿਆ ਜਾਵੇਗਾ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਐੱਸ. ਸੀ/ਬੀ. ਸੀ. ਸਣੇ ਇਨ੍ਹਾਂ ਖ਼ਪਤਕਾਰਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ

ਸੁਖਜੀਤ ਸਿੰਘ ਅਤੇ ਤਜਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਪੂਰੇ ਆਪ੍ਰੇਸ਼ਨ ਵਿਚ ਸ਼ਾਮਲ ਜ਼ਿੰਮੇਵਾਰ ਵਿਅਕਤੀਆਂ, ਸਰਕਾਰੀ ਕੰਮ ਵਿਚ ਅੜਿੱਕਾ ਪਾਉਣ ਅਤੇ ਸਰਕਾਰੀ ਕਰਮਚਾਰੀਆਂ ਨੂੰ ਧਮਕੀ ਦੇਣ ਵਾਲੇ ਲੋਕਾਂ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਐੱਫ਼. ਆਈ. ਆਰ. ਦਰਜ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਵਿਧਾਇਕ ਦਾ ਗੈਰ-ਜ਼ਰੂਰੀ ਦਖਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਕਮੇਟੀ ਇਸ ਮਾਮਲੇ ਵਿਚ ਆਪਣਾ ਸੰਘਰਸ਼ ਹੋਰ ਤੇਜ਼ ਕਰੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News