ਜੰਮੂ-ਕਸ਼ਮੀਰ ਦੇ ਵਿਜੇਪੁਰ ਦੇ ਸਰਹੱਦੀ ਖੇਤਰ ’ਚ ਵੰਡੀ ਗਈ 704ਵੇਂ ਟਰੱਕ ਦੀ ਰਾਹਤ ਸਮੱਗਰੀ
Sunday, Apr 02, 2023 - 03:40 PM (IST)
ਜੰਮੂ-ਕਸ਼ਮੀਰ/ਜਲੰਧਰ- ਭਾਰਤ-ਪਾਕਿ ਸਰਹੱਦ ’ਤੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਕਾਰਨ ਦੁਖ਼ੀ ਲੋਕਾਂ ਦਾ ਦਰਦ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ’ਚ ਸਹਿਯੋਗ ਦੇਣ ਲਈ ਜਿੱਥੇ ਨਵੇਂ ਦਾਨਵੀਰ ਸੱਜਣ ਜੁੜਦੇ ਜਾ ਰਹੇ ਹਨ, ਉੱਥੇ ਪਹਿਲਾਂ ਤੋਂ ਜੁੜੇ ਲੋਕ ਹੋਰ ਵੀ ਵੱਧ ਸਹਿਯੋਗ ਦੇ ਰਹੇ ਹਨ। ਪਹਿਲਾਂ ਤੋਂ ਹੀ 7 ਟਰੱਕ ਰਾਹਤ ਸਮੱਗਰੀ ਦੇ ਭੇਟ ਕਰ ਚੁੱਕੇ ‘ਵੈਸਟਰਨ ਲਿਵਿੰਗ’ ਲੁਧਿਆਣਾ ਦੇ ਸ਼੍ਰੀ ਹਿਮਾਂਸ਼ੂ ਕਵਾਤਰਾ ਨੇ ਬੀਤੇ ਦਿਨੀਂ ਇਕ ਹੋਰ ਰਾਹਤ ਸਮੱਗਰੀ ਦਾ ਟਰੱਕ ਸ਼੍ਰੀ ਵਿਜੇ ਕੁਮਾਰ ਚੋਪੜਾ ਨੂੰ ਭੇਟ ਕੀਤਾ ਗਿਆ ਸੀ ਜੋਕਿ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਸਾਂਬਾ ਦੇ ਵਿਜੇਪੁਰ ਸੈਕਟਰ ਦੇ ਸਰਹੱਦੀ ਖੇਤਰ ’ਚ ਆਯੋਜਿਤ ਇਕ ਸਮਾਰੋਹ ’ਚ ਵੰਡਿਆ ਗਿਆ ਜਿਸ ’ਚ 200 ਪਰਿਵਾਰਾਂ ਲਈ ਰਜਾਈਆਂ ਸਨ।
704ਵੇਂ ਟਰੱਕ ਦੀ ਵੰਡ ਦੇ ਮੌਕੇ ’ਤੇ ਸਾਬਕਾ ਮੰਤਰੀ ਦੇਵੇਂਦਰ ਮਨਿਆਲ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਜੰਮੂ-ਕਸ਼ਮੀਰ ਦੀ ਮਦਦ ਕਰਨਾ ਸ਼ਲਾਘਾਯੋਗ ਹੈ। ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਪੂਰੇ ਵਿਸ਼ਵ ’ਚ ਕਿਸੇ ਵੀ ਗੈਰ-ਸਰਕਾਰੀ ਸੰਸਥਾ ਨੇ ਲੋੜਵੰਦ ਲੋਕਾਂ ਦੀ ਇੰਨੀ ਮਦਦ ਨਹੀਂ ਕੀਤੀ ਹੈ ਜਿੰਨੀ ਕਿ ਪੰਜਾਬ ਕੇਸਰੀ ਕਰ ਰਿਹਾ ਹੈ। ਸੁਭਾਸ਼ ਭਗਤ, ਮੋਹਿੰਦਰ ਪਾਲ ਬਿੱਕਾ, ਡਿੰਪਲ ਸੂਰੀ ਅਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਦੇਵੇਂਦਰ ਮਨਿਆਲ, ਸਰਬਜੀਤ ਜੌਹਲ, ਦਰਸ਼ਨ ਭਗਤ, ਗੀਤਾ ਭਗਤ, ਸ਼ਿਵ ਚੌਧਰੀ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਹਾਜ਼ਰ ਸਨ।