ਸਮਾਰਟ ਸਿਟੀ ਦਾ ਚਾਰਜ ਫਿਰ ਨਿਗਮ ਕਮਿਸ਼ਨਰ ਲਾਕੜਾ ਕੋਲ ਆਇਆ

Tuesday, Jan 07, 2020 - 03:34 PM (IST)

ਸਮਾਰਟ ਸਿਟੀ ਦਾ ਚਾਰਜ ਫਿਰ ਨਿਗਮ ਕਮਿਸ਼ਨਰ ਲਾਕੜਾ ਕੋਲ ਆਇਆ

ਜਲੰਧਰ (ਖੁਰਾਣਾ)— ਆਉਣ ਵਾਲੇ ਦਿਨਾਂ ਵਿਚ ਸਮਾਰਟ ਸਿਟੀ ਦੇ ਕਈ ਪ੍ਰਾਜੈਕਟਾਂ ਦੀਆਂ ਪ੍ਰਕਿਰਿਆਵਾਂ ਸ਼ੁਰੂ ਹੋਣ ਜਾ ਰਹੀਆਂ ਹਨ ਪਰ ਸਮਾਰਟ ਸਿਟੀ ਕੰਪਨੀ ਦੀ ਨਵੀਂ ਸੀ. ਈ. ਓ. ਡਾ. ਸ਼ੇਨਾ ਅਗਰਵਾਲ 15 ਦਿਨਾਂ ਦੀ ਛੁੱਟੀ 'ਤੇ ਚਲੀ ਗਈ ਹੈ ਕਿਉਂਕਿ ਉਨ੍ਹਾਂ ਨੂੰ ਵਿਸ਼ਾਖਾਪਟਨਮ ਵਿਚ ਟ੍ਰੇਨਿੰਗ ਲਈ ਸੱਦਿਆ ਗਿਆ ਹੈ। ਅਜਿਹੇ ਵਿਚ ਜਲੰਧਰ ਸਮਾਰਟ ਸਿਟੀ ਦੇ ਸੀ. ਈ. ਓ. ਦਾ ਚਾਰਜ ਫਿਰ ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਕੋਲ ਆ ਗਿਆ ਹੈ। ਡਾ. ਸ਼ੇਨਾ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਵੀ ਇਹ ਚਾਰਜ ਸ਼੍ਰੀ ਲਾਕੜਾ ਕੋਲ ਹੀ ਸੀ।

ਇਸ ਦੌਰਾਨ ਪਤਾ ਲੱਗਾ ਹੈ ਕਿ ਸ਼ਹਿਰ 'ਚ ਬਣਨ ਵਾਲੀਆਂ ਸਮਾਰਟ ਰੋਡਜ਼, ਸਟ੍ਰਾਮ ਵਾਟਰ ਸੀਵਰ ਅਤੇ ਬਲਰਟਨ ਪਾਰਕ 'ਚ ਸਟੇਡੀਅਮ ਅਤੇ ਮਲਟੀਪਰਪਜ਼ ਹਾਲ ਦੇ ਟੈਂਡਰ ਲਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜਦੋਂਕਿ ਸੈਨੇਟਰੀ ਨੈਪਕਿਨ ਡਿਸਪੋਜ਼ਲ ਮਸ਼ੀਨਾਂ ਬਾਰੇ ਕੰਪਨੀ ਨੂੰ 3 ਟੈਂਡਰ ਮਿਲੇ ਹਨ। ਬਲਰਟਨ ਪਾਰਕ ਸਪੋਰਟਸ ਹੱਬ ਦੀ ਗੱਲ ਕਰੀਏ ਤਾਂ ਫਿਲਹਾਲ ਦੋ ਕੰਪਨੀਆਂ ਨੇ ਇਸ ਦੇ ਨਿਰਮਾਣ 'ਚ ਦਿਲਚਸਪੀ ਵਿਖਾਈ ਹੈ, ਜਿਨ੍ਹਾਂ 'ਚੋਂ ਇਕ ਕੰਪਨੀ ਦੁਬਈ ਅਤੇ ਦੂਜੀ ਗੁਜਰਾਤ ਦੀ ਹੈ।


author

shivani attri

Content Editor

Related News