2019 ''ਚ ਦਿਹਾਤੀ ਪੁਲਸ ਨੇ 36 ਕਿਲੋ ਹੈਰੋਇਨ ਸਣੇ ਭਾਰੀ ਮਾਤਰਾ ''ਚ ਨਸ਼ਾ ਫੜਿਆ

12/31/2019 1:26:33 PM

ਜਲੰਧਰ (ਮਹੇਸ਼)— ਸਾਲ 2019 'ਚ ਜ਼ਿਲਾ ਦਿਹਾਤੀ ਪੁਲਸ ਨੂੰ ਨਸ਼ਾ ਅਤੇ ਸਮੱਗਲਰਾਂ ਨੂੰ ਫੜਨ 'ਚ ਪਿਛਲੇ ਸਾਰੇ ਰਿਕਾਰਡਾਂ ਨੂੰ ਮਾਤ ਦਿੰਦੇ ਹੋਏ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਸ ਦਾ ਪੂਰਾ ਸਿਹਰਾ ਪਿਛਲੇ 17 ਮਹੀਨਿਆਂ (13 ਜੁਲਾਈ 2018) ਤੋਂ ਜ਼ਿਲੇ ਦੇ ਐੱਸ. ਐੱਸ. ਪੀ. ਦੇ ਰੂਪ 'ਚ ਸੇਵਾਵਾਂ ਨਿਭਾ ਰਹੇ ਨਵਜੋਤ ਸਿੰਘ ਮਾਹਲ ਅਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ। ਜ਼ਿਲਾ ਪੁਲਸ ਮੁਖੀ ਮਾਹਲ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਦਿਹਾਤ ਪੁਲਸ ਨੇ 1 ਜਨਵਰੀ 2019 ਤੋਂ ਲੈ ਕੇ 29 ਦਸੰਬਰ 2019 ਤੱਕ ਐੱਨ. ਡੀ. ਪੀ. ਐੱਸ. ਐਕਟ ਦੇ ਕੁਲ 955 ਕੇਸ ਦਰਜ ਕੀਤੇ ਅਤੇ 15 ਅਫਰੀਕਨ ਵਿਅਕਤੀਆਂ ਸਮੇਤ 1199 ਨਸ਼ਾ ਸਮੱਗਲਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਿਆ, ਜਿਨ੍ਹਾਂ 'ਚ 1105 ਮਰਦ ਅਤੇ 94 ਔਰਤਾਂ ਸ਼ਾਮਲ ਹਨ। ਕੁਲ 36 ਕਿਲੋ 459 ਗ੍ਰਾਮ ਹੈਰੋਇਨ ਅਤੇ 66 ਕਿਲੋ ਅਫੀਮ ਤੋਂ ਇਲਾਵਾ 2428 ਕਿਲੋ ਚੂਰਾ-ਪੋਸਤ, 1 ਕਿਲੋ 37 ਗ੍ਰਾਮ ਨਸ਼ੇ ਵਾਲਾ ਪਾਊਡਰ, 66 ਕਿਲੋ ਗਾਂਜਾ, 35 ਕਿਲੋ 850 ਗ੍ਰਾਮ ਚਰਸ, 8937 ਨਸ਼ੇ ਵਾਲੇ ਇੰਜੈਕਸ਼ਨ, 224871 ਨਸ਼ੇ ਵਾਲੀਆਂ ਗੋਲੀਆਂ, 69658 ਕੈਪਸੂਲ, 498 ਸ਼ੀਸ਼ੀਆਂ ਸਿਰਪ, ਸਾਢੇ ਤਿੰਨ ਕਿਲੋ ਗਰੀਨ ਲੀਫ ਅਤੇ 80 ਗ੍ਰਾਮ ਆਈਸ ਬਰਾਮਦ ਕੀਤੀ ਗਈ ਹੈ। ਕੁਲ 12 ਕੇਸਾਂ 'ਚ ਨਾਮਜ਼ਦ ਕੀਤੇ ਗਏ 12 ਅਫਰੀਕਨ ਮਰਦਾਂ ਅਤੇ 3 ਮਹਿਲਾ ਸਮੱਗਲਰਾਂ ਤੋਂ ਕੁਲ 10 ਕਿਲੋ 625 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਦਿਹਾਤ ਪੁਲਸ ਵਲੋਂ ਫੜੇ ਗਏ ਨਸ਼ੇ ਦੀ ਕੀਮਤ ਅਰਬਾਂ 'ਚ ਦੱਸੀ ਜਾ ਰਹੀ ਹੈ, ਜੋ ਕਿ ਸਾਲ 2019 'ਚ ਪਹਿਲੀ ਵਾਰ ਸੰਭਵ ਹੋਇਆ ਹੈ।

9 ਗੈਂਗਸਟਰ ਗਰੁੱਪਾਂ ਦੇ 40 ਮੈਂਬਰ ਫੜੇ
9 ਖਤਰਨਾਕ ਗੈਂਗਸਟਰ ਗਰੁੱਪਾਂ ਦੇ 40 ਮੈਂਬਰਾਂ ਨੂੰ ਫੜਿਆ ਗਿਆ ਅਤੇ 34 ਮਾਮਲਿਆਂ ਨੂੰ ਹੱਲ ਕੀਤਾ ਗਿਆ, ਜਿਨ੍ਹਾਂ 'ਚ 8 ਲੁੱਟਾਂ ਅਤੇ ਇਕ ਸੁਪਾਰੀ ਦੀ ਘਟਨਾ ਸ਼ਾਮਲ ਸੀ। ਫੜੇ ਗਏ ਸਾਰੇ ਦੋਸ਼ੀ ਜੇਲ 'ਚ ਬੰਦ ਹਨ।

302 ਦੇ 2 ਕੇਸ ਕੀਤੇ ਟਰੇਸ
ਪੂਰੇ ਸਾਲ 'ਚ ਕਤਲ ਦੀ ਧਾਰਾ 302 ਦੇ 2 ਕੇਸ ਟਰੇਸ ਕੀਤੇ ਗਏ। 295-ਏ ਦੇ 1,382 ਅਤੇ 379-ਬੀ ਦੇ 39, 457/380 ਦੇ 7, 458/460 ਦੇ 3, 379/380 ਦੇ 5, 411 ਦੇ 59, 392/394 ਦੇ 6, 420 ਦਾ 1 ਅਤੇ 399/402 ਦੇ 2 ਕੇਸ ਹੱਲ ਕੀਤੇ ਗਏ।

PunjabKesari

ਅਸਲੇ ਦੇ 50 ਕੇਸ ਦਰਜ ਕੀਤੇ
ਅਸਲੇ ਦੇ 50 ਕੇਸ ਦਰਜ ਕੀਤੇ ਗਏ ਅਤੇ 101 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਰਿਕਵਰੀ 'ਚ 32 ਬੋਰ ਦੇ 38 ਪਿਸਟਲ, 9 ਐੱਮ. ਐੱਮ. ਦੇ 2 ਪਿਸਟਲ, 315 ਬੋਰ ਦੇ 13 ਪਿਸਟਲ, 12 ਬੋਰ ਦੇ 8 ਪਿਸਟਲ, 30 ਬੋਰ ਦਾ 1 ਪਿਸਟਲ, ਏਅਰ ਪਿਸਟਲ 3, 315 ਬੋਰ ਦੇ 5 ਰਿਵਾਲਵਰ, 32 ਬੋਰ ਦੇ 5 ਰਿਵਾਲਵਰ, ਰਾਈਫਲ 12 ਬੋਰ 1 ਅਤੇ 425 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਗੈਰ-ਕਾਨੂੰਨੀ ਸ਼ਰਾਬ ਦੇ 149 ਸਮੱਗਲਰ ਫੜੇ
ਗੈਰ-ਕਾਨੂੰਨੀ ਸ਼ਰਾਬ ਦੀ ਸਮੱਗਲਿੰਗ ਕਰਨ ਦੇ ਮਾਮਲੇ 'ਚ 149 ਦੋਸ਼ੀਆਂ ਨੂੰ ਫੜਿਆ ਗਿਆ ਅਤੇ 93 ਕੇਸ ਆਬਾਕਾਰੀ ਐਕਟ ਦੇ ਤਹਿਤ ਦਰਜ ਕੀਤੇ ਗਏ। ਸਮੱਗਲਰਾਂ ਤੋਂ ਭਾਰੀ ਮਾਤਰਾ 'ਚ ਪੰਜਾਬ ਅਤੇ ਬਾਹਰੀ ਸੂਬਿਆਂ ਦੀ ਸ਼ਰਾਬ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਆਪਣੀ ਭੱਠੀ ਲਾ ਕੇ ਦੇਸੀ ਸ਼ਰਾਬ ਕੱਢਣ ਵਾਲੇ ਸਮੱਗਲਰਾਂ ਨੂੰ ਵੀ ਬੇਨਕਾਬ ਕੀਤਾ ਗਿਆ। ਉਨ੍ਹਾਂ ਤੋਂ ਲਾਹਣ ਵੀ ਬਰਾਮਦ ਕੀਤੀ ਗਈ।

389 ਭਗੌੜੇ ਫੜ ਕੇ ਭੇਜੇ ਜੇਲ
ਵੱਖ-ਵੱਖ ਅਪਰਾਧਿਕ ਮਾਮਲਿਆਂ 'ਚ ਮਾਣਯੋਗ ਅਦਾਲਤ ਵੱਲੋਂ ਸਾਲਾਂ ਤੋਂ ਭਗੌੜੇ ਕਰਾਰ ਦਿੱਤੇ ਗਏ 389 ਦੋਸ਼ੀਆਂ ਨੂੰ ਵੀ ਕਾਬੂ ਕਰਨ 'ਚ ਦਿਹਾਤ ਪੁਲਸ ਨੂੰ ਸਫਲਤਾ ਮਿਲੀ, ਜਿਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਦਿਹਾਤ ਥਾਣਾ ਪੁਲਸ ਨੂੰ ਭਗੌੜੇ ਕਾਬੂ ਕਰਨ ਲਈ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਹੋਏ ਸਨ।

ਨਸ਼ਾ ਸਮੱਗਲਰ ਅਤੇ ਗੈਂਗਸਟਰ ਮੁੱਖ ਫੋਕਸ ਰਹੇ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸਾਲ 2019 'ਚ ਉਨ੍ਹਾਂ ਦਾ ਫੋਕਸ ਗੈਂਗਸਟਰ ਅਤੇ ਨਸ਼ਾ ਸਮੱਗਲਰ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੂਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ, ਜਿਸ ਕਾਰਨ ਦਿਹਾਤੀ ਪੁਲਸ ਨੂੰ ਉਸ ਦੀ ਸੋਚ ਤੋਂ ਕਿਤੇ ਵੱਧ ਸਫਲਤਾ ਵੀ ਮਿਲੀ। ਉਨ੍ਹਾਂ ਕਿਹਾ ਕਿ ਸਾਰੇ ਉੱਚ ਅਧਿਕਾਰੀਆਂ ਅਤੇ ਥਾਣਾ ਮੁਖੀਆਂ ਨੇ ਪੂਰੀ ਤਨਦੇਹੀ ਨਾਲ ਕੰਮ ਕੀਤਾ, ਜਿਸ ਲਈ ਉਹ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਖਤਰਨਾਕ ਮੁਲਜ਼ਮਾਂ ਅਤੇ ਵੱਡੇ-ਵੱਡੇ ਨਸ਼ਾ ਕਾਰੋਬਾਰੀਆਂ ਤੱਕ ਪਹੁੰਚਣ 'ਚ ਪੁਲਸ ਦਾ ਲੋਕਾਂ ਨੇ ਵੀ ਬਹੁਤ ਸਹਿਯੋਗ ਕੀਤਾ, ਜਿਸ ਲਈ ਉਹ ਉਨ੍ਹਾਂ ਦੇ ਅਹਿਸਾਨਮੰਦ ਹਨ। ਉਨ੍ਹਾਂ ਕਿਹਾ ਕਿ ਸਾਲ 2020 'ਚ ਵੀ ਉਹ ਆਪਣੇ ਇਸ ਮਿਸ਼ਨ ਨੂੰ ਜਾਰੀ ਰੱਖਣਗੇ।


shivani attri

Content Editor

Related News