ਕਾਂਗਰਸ ਦਾ ਪਿੱਛਾ ਨਹੀਂ ਛੱਡੇਗਾ ਨਿਗਮ ਦਾ ਐੱਲ. ਈ. ਡੀ., ਸਵੀਪਿੰਗ ਮਸ਼ੀਨ ਅਤੇ ਪੈਚਵਰਕ ਘਪਲਾ

08/29/2021 12:08:31 PM

ਜਲੰਧਰ (ਖੁਰਾਣਾ)– ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ ਸਿਰਫ਼ 5-6 ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਉਸ ਦੇ ਕੁਝ ਹੀ ਮਹੀਨਿਆਂ ਬਾਅਦ ਨਿਗਮ ਚੋਣਾਂ ਵੀ ਹੋਣੀਆਂ ਹਨ। ਇੰਨਾ ਘੱਟ ਸਮਾਂ ਹੋਣ ਦੇ ਬਾਵਜੂਦ ਜਲੰਧਰ ਵਿਚ ਕਾਂਗਰਸ ਦੀ ਹਾਲਤ ਜ਼ਿਆਦਾ ਵਧੀਆ ਨਹੀਂ ਹੈ। ਸ਼ਹਿਰ ਦੇ ਕਾਂਗਰਸੀਆਂ ਦੀ ਆਪਸੀ ਧੜੇਬੰਦੀ ਅਤੇ ਜਲੰਧਰ ਨਗਰ ਨਿਗਮ ਦੀ ਬਹੁਤ ਢਿੱਲੀ ਅਤੇ ਘਟੀਆ ਕਾਰਜਸ਼ੈਲੀ ਦੋਵਾਂ ਚੋਣਾਂ ਵਿਚ ਮੁੱਖ ਮੁੱਦਾ ਬਣਦੀ ਦਿਖਾਈ ਦੇ ਰਹੀ ਹੈ। ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਸੱਤਾ ਧਿਰ ਕਾਂਗਰਸ ਦੇ ਉਮੀਦਵਾਰਾਂ ਨੂੰ ਜਲੰਧਰ ਨਿਗਮ ਦੇ ਐੱਲ. ਈ. ਡੀ., ਸਵੀਪਿੰਗ ਮਸ਼ੀਨ ਅਤੇ ਪੈਚਵਰਕ ਘਪਲੇ ਨਾਲ ਨੁਕਸਾਨ ਪਹੁੰਚ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਹੀ ਕਾਂਗਰਸ ਜਦੋਂ ਕੁਝ ਸਾਲ ਪਹਿਲਾਂ ਵਿਰੋਧੀ ਧਿਰ ਵਿਚ ਸੀ ਤਾਂ ਇਸ ਪਾਰਟੀ ਦੇ ਆਗੂਆਂ ਨੇ ਅਕਾਲੀ-ਭਾਜਪਾ ਵਿਰੁੱਧ ਐੱਲ. ਈ. ਡੀ., ਸਵੀਪਿੰਗ ਮਸ਼ੀਨ ਅਤੇ ਪੈਚਵਰਕ ਘਪਲੇ ਨੂੰ ਲੈ ਕੇ ਤਾਬੜਤੋੜ ਦੋਸ਼ ਲਾਏ ਸਨ, ਜਿਸ ਕਾਰਨ ਅਕਾਲੀ-ਭਾਜਪਾ ਨੂੰ ਸੱਤਾ ਤੋਂ ਹੱਥ ਧੋਣਾ ਪਿਆ ਸੀ।

ਇਹ ਵੀ ਪੜ੍ਹੋ: ਜਲੰਧਰ: ਹਿਮਾਚਲ ਜਾਣ ਵਾਲਿਆਂ ਦੀ ਵਧੀ ਗਿਣਤੀ, ਕੋਰੋਨਾ ਰਿਪੋਰਟ ਨੂੰ ਲੈ ਕੇ ਪੁਲਸ ਨੇ ਵੀ ਵਧਾਈ ਸਖ਼ਤੀ

PunjabKesari

ਖ਼ੁਦ ਕਾਂਗਰਸੀ ਹੀ ਤਿੰਨਾਂ ਪ੍ਰਾਜੈਕਟਾਂ ਨੂੰ ਦੱਸ ਰਹੇ ਸਕੈਂਡਲ
ਜਲੰਧਰ ਨਿਗਮ ਵਿਚ ਵਿਰੋਧੀ ਧਿਰ ਤਾਂ ਨਾਮਾਤਰ ਹੈ, ਉਹ ਵੀ ਕਦੇ-ਕਦਾਈਂ ਜਾਗਦੀ ਹੈ। ਸੱਤਾ ਧਿਰ ਕਾਂਗਰਸ ਦੇ ਆਗੂ ਹੀ ਇਨ੍ਹੀਂ ਦਿਨੀਂ ਨਗਰ ਨਿਗਮ ਦੇ ਐੱਲ. ਈ. ਡੀ., ਸਵੀਪਿੰਗ ਮਸ਼ੀਨ ਤੇ ਪੈਚਵਰਕ ਘਪਲੇ ਨੂੰ ਉਠਾਉਣ ਵਿਚ ਲੱਗੇ ਹੋਏ ਹਨ। ਐੱਲ. ਈ. ਡੀ. ਪ੍ਰਾਜੈਕਟ ਭਾਵੇਂ 50 ਕਰੋੜ ਦਾ ਹੈ ਪਰ ਕੰਪਨੀ ਦੇ ਸਟਾਫ਼ ਕੋਲ ਪੌੜੀ ਤੱਕ ਨਹੀਂ ਹੈ ਅਤੇ ਸਿਰਫ਼ ਲਾਈਟਾਂ ਹੀ ਬਦਲੀਆਂ ਜਾ ਰਹੀਆਂ ਹਨ, ਤਾਰਾਂ ਨਹੀਂ। ਜ਼ਿਆਦਾਤਰ ਕਾਂਗਰਸੀ ਕੌਂਸਲਰ ਇਸ ਪ੍ਰਾਜੈਕਟ ਦੀ ਆਲੋਚਨਾ ਕਰ ਰਹੇ ਹਨ। ਸਵੀਪਿੰਗ ਮਸ਼ੀਨ ਦੀ ਗੱਲ ਕਰੀਏ ਤਾਂ ਕਰੋੜਾਂ ਰੁਪਏ ਨਾਲ ਖ਼ਰੀਦੀਆਂ ਗਈਆਂ ਮਸ਼ੀਨਾਂ ਨਿਗਮ ਕੰਪਲੈਕਸ ਵਿਚ ਧੂੜ ਫੱਕ ਰਹੀਆਂ ਹਨ ਅਤੇ ਚਿੱਟਾ ਹਾਥੀ ਸਾਬਿਤ ਹੋ ਰਹੀਆਂ ਹਨ। ਖ਼ੁਦ ਕਾਂਗਰਸੀ ਕੌਂਸਲਰ ਹੀ ਮੰਨਦੇ ਹਨ ਕਿ ਉਨ੍ਹਾਂ ਕਦੀ ਵੀ ਸਵੀਪਿੰਗ ਮਸ਼ੀਨਾਂ ਨੂੰ ਚੱਲਦੇ ਹੋਏ ਨਹੀਂ ਵੇਖਿਆ। ਖਾਸ ਗੱਲ ਇਹ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਤਿਆਰ ਸਵੀਪਿੰਗ ਮਸ਼ੀਨ ਪ੍ਰਾਜੈਕਟ ਵਿਰੁੱਧ ਮੌਜੂਦਾ ਮੇਅਰ ਜਗਦੀਸ਼ ਰਾਜ ਰਾਜਾ ਅਦਾਲਤ ਤੱਕ ਚਲੇ ਗਏ ਸਨ।

PunjabKesari

ਅਕਾਲੀ-ਭਾਜਪਾ ਦੇ ਸਮੇਂ 14 ਕਰੋੜ ਦਾ ਪੈਚਵਰਕ ਘਪਲਾ ਕਾਫੀ ਪ੍ਰਮੁੱਖਤਾ ਨਾਲ ਉਠਾਇਆ ਗਿਆ ਪਰ ਕਾਂਗਰਸ ਸਰਕਾਰ ਇਸ ਘਪਲੇ ਨੂੰ ਸਾਬਿਤ ਨਹੀਂ ਕਰ ਸਕੀ, ਜਿਸ ਕਾਰਨ ਪਾਰਟੀ ਦੀ ਕਿਰਕਿਰੀ ਤਾਂ ਹੋਈ ਪਰ ਹੁਣ ਮਕਸੂਦਾਂ-ਬਿਧੀਪੁਰ ਰੋਡ ਜਿਹੜੀ ਵਧੀਆ ਹਾਲਤ ਵਿਚ ਹੈ, ’ਤੇ 27 ਲੱਖ ਦੇ ਪੈਚਵਰਕ ਦਾ ਟੈਂਡਰ ਕਾਂਗਰਸ ਦੇ ਗਲੇ ਦੀ ਹੱਡੀ ਬਣਦਾ ਦਿਸ ਰਿਹਾ ਹੈ। ਖੁਦ ਕਾਂਗਰਸੀ ਕੌਂਸਲਰ ਹੀ 27 ਲੱਖ ਦੇ ਪੈਚਵਰਕ ਟੈਂਡਰ ਤੋਂ ਖੁਸ਼ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਐੱਲ. ਈ. ਡੀ., ਸਵੀਪਿੰਗ ਮਸ਼ੀਨ ਅਤੇ ਪੈਚਵਰਕ ਘਪਲਾ ਮੁੱਖ ਵਿਰੋਧੀ ਪਾਰਟੀਆਂ ਵੱਲੋਂ ਉਠਾਇਆ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ: ਸਮਾਰਟ ਸਿਟੀ ਕੰਪਨੀ ਨੇ ਚੌਰਾਹਿਆਂ ਸਬੰਧੀ ਪ੍ਰਾਜੈਕਟ ’ਚ ਕੀਤਾ ਵੱਡਾ ਬਦਲਾਅ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News