2 ਅਕਤੂਬਰ ਤੱਕ ਗਿੱਲਾ-ਸੁੱਕਾ ਕੂੜਾ ਵੱਖਰਾ-ਵੱਖਰਾ ਨਾ ਕੀਤਾ ਤਾਂ ਲੱਗੇਗਾ ਜੁਰਮਾਨਾ

08/22/2019 11:14:28 AM

ਜਲੰਧਰ (ਖੁਰਾਣਾ)— ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਨੇ ਸਾਰੇ ਸ਼ਹਿਰਾਂ ਨੂੰ ਨਿਰਦੇਸ਼ ਭੇਜੇ ਹਨ ਕਿ 2 ਅਕਤੂਬਰ ਤੱਕ ਸਾਰੇ ਘਰਾਂ ਅਤੇ ਸੰਸਥਾਵਾਂ ਆਦਿ ਵਿਚ ਸੋਰਸ ਸੈਗਰੀਗੇਸ਼ਨ ਜ਼ਰੂਰੀ ਕੀਤੀ ਜਾਵੇ। ਭਾਵ ਨਿਗਮ ਲੋਕਾਂ ਕੋਲੋਂ ਗਿੱਲਾ ਤੇ ਸੁੱਕਾ ਕੂੜਾ ਵੱਖਰੇ-ਵੱਖਰੇ ਤੌਰ 'ਤੇ ਲਵੇ। ਇਨ੍ਹਾਂ ਨਿਰਦੇਸ਼ਾਂ ਦੇ ਮੱਦੇਨਜ਼ਰ ਜਲੰਧਰ ਨਿਗਮ ਕਮਿਸ਼ਨਰ ਨੇ ਸ਼ਹਿਰ ਨੂੰ ਗਾਰਬੇਜ ਫ੍ਰੀ ਕਰਨ ਦਾ ਜੋ ਪਲਾਨ ਬਣਾਇਆ ਹੈ, ਉਸਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਕਮਿਸ਼ਨਰ ਦੀਪਰਵ ਲਾਕੜਾ ਨੇ ਦੱਸਿਆ ਕਿ ਸ਼ਹਿਰੀ ਵਿਕਾਸ ਮੰਤਰਾਲਾ ਨੇ ਦੱਸਿਆ ਕਿ ਇਸ ਲਈ 2 ਅਕਤੂਬਰ 2019 ਨੂੰ ਡੈੱਡਲਾਈਨ ਦਿੱਤੀ ਹੈ। ਉਸ ਤੋਂ ਬਾਅਦ ਸਾਰਿਆਂ ਨੂੰ ਆਪਣਾ ਗਿੱਲਾ ਤੇ ਸੁੱਕਾ ਕੂੜਾ ਵੱਖਰਾ-ਵੱਖਰਾ ਕਰ ਕੇ ਦੇਣਾ ਹੋਵੇਗਾ, ਨਹੀਂ ਤਾਂ ਪਹਿਲੇ ਪੜਾਅ ਵਿਚ ਨਿਗਮ ਕੂੜਾ ਲੈਣ ਤੋਂ ਇਨਕਾਰ ਕਰ ਦੇਵੇਗਾ ਅਤੇ ਬਾਅਦ ਵਿਚ ਜੁਰਮਾਨੇ ਕੀਤੇ ਜਾਣਗੇ।

ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਦੇ ਜ਼ਰੀਏ ਸ਼ਹਿਰ ਦੇ ਸਾਲਿਡ ਵੇਸਟ ਮੈਨੇਜਮੈਂਟ ਸਿਸਟਮ ਬਾਰੇ ਵਿਸਥਾਰ ਨਾਲ ਦੱਸਦਿਆਂ ਕਮਿਸ਼ਨਰ ਨੇ ਕਿਹਾ ਕਿ ਇਸ ਨੂੰ ਵੱਖ-ਵੱਖ ਪੜਾਵਾਂ ਵਿਚ ਲਾਗੂ ਕੀਤਾ ਜਾਵੇਗਾ। ਪਹਿਲੇ ਪੜਾਅ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ-ਵੱਖਰਾ ਕਰਨ ਬਾਰੇ ਜ਼ੋਰਦਾਰ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਦੂਜੇ ਪੜਾਅ 'ਚ ਸਾਰੇ ਰੈਗ ਪਿਕਰਸ ਨੂੰ ਈ-ਰਿਕਸ਼ਾ ਅਤੇ ਈ-ਟਿਪਰ ਆਦਿ ਦਿੱਤੇ ਜਾ ਰਹੇ ਹਨ। ਜਿਨ੍ਹਾਂ ਦੇ ਜ਼ਰੀਏ ਹਰ ਵਾਰਡ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖਰੇ-ਵੱਖਰੇ ਤੌਰ 'ਤੇ ਉਸੇ ਵਾਰਡ ਦੇ ਇਕ ਨਿਸ਼ਚਿਤ ਪੁਆਇੰਟ 'ਤੇ ਪਹੁੰਚੇਗਾ। ਜਿੱਥੇ ਉਸ ਕੂੜੇ ਨੂੰ ਵੱਖ-ਵੱਖ ਤਰੀਕਿਆਂ ਨਾਲ ਮੈਨੇਜ ਕੀਤਾ ਜਾਵੇਗਾ। ਇਨ੍ਹਾਂ ਤਰੀਕਿਆਂ 'ਚ ਪਿਕ ਕੰਪੋਸਟਿੰਗ ਤੋਂ ਇਲਾਵਾ ਜਿਥੇ ਲੋੜ ਹੋਵੇਗੀ, ਉਥੇ ਛੋਟੀਆਂ ਮਸ਼ੀਨਾਂ ਦੀ ਮਦਦ ਨਾਲ ਕੂੜੇ ਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੈਗ ਪਿਕਰਸ ਵੱਲੋਂ ਸੁੱਕਾ ਕੂੜਾ ਲੈ ਜਾਣ ਦੇ ਬਾਵਜੂਦ ਜੋ ਬਚੇਗਾ, ਉਸ ਨੂੰ ਬੇਲਿੰਗ ਮਸ਼ੀਨ ਦੇ ਜ਼ਰੀਏ ਕੰਪੈਕਟ ਸ਼ੇਪ ਵਿਚ ਲਿਆ ਕੇ ਵੇਚਿਆ ਜਾਵੇਗਾ। ਵੱਖ-ਵੱਖ ਪਾਰਕਾਂ ਵਿਚ ਸ਼੍ਰੈਡਰ ਮਸ਼ੀਨਾਂ ਲਾ ਕੇ ਗ੍ਰੀਨ ਵੇਸਟ ਨੂੰ ਪਾਰਕਾਂ ਵਿਚ ਖਤਮ ਕਰ ਕੇ ਖਾਦ ਵਿਚ ਤਬਦੀਲ ਕੀਤਾ ਜਾਵੇਗਾ।

PunjabKesari
ਰੈਗ ਪਿਕਰਸ ਦੇ ਸੈਲਫ ਹੈਲਪ ਗਰੁੱਪ ਬਣਨਗੇ
ਨਿਗਮ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਪ੍ਰਾਈਵੇਟ ਤੌਰ 'ਤੇ ਕੰਮ ਕਰ ਰਹੇ ਰੈਗ ਪਿਕਰਸ ਹੁਣ ਨਵੇਂ ਸਾਲਿਡ ਵੇਸਟ ਨਿਯਮਾਂ ਦੇ ਤਹਿਤ ਨਿਗਮ ਟੀਮ ਦਾ ਹਿੱਸਾ ਹੋਣਗੇ ਅਤੇ ਉਨ੍ਹਾਂ ਦੇ ਸੈਲਫ ਹੈਲਪ ਗਰੁੱਪ ਬਣਾ ਕੇ ਉਨ੍ਹਾਂ ਨੂੰ ਵਾਰਡ ਵਾਈਜ਼ ਤਾਇਨਾਤ ਕੀਤਾ ਜਾਵੇਗਾ, ਉਨ੍ਹਾਂ ਨੂੰ ਨਿਗਮ ਵਲੋਂ ਮਸ਼ੀਨਰੀ ਦਿੱਤੀ ਜਾਵੇਗੀ, ਆਈਕਾਰਡ ਮਿਲਣਗੇ। ਉਨ੍ਹਾਂ ਦੱਸਿਆ ਕਿ ਫਿਲਹਾਲ 600 ਰੈਗ ਪਿਕਰਸ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਨੂੰ ਨਵੇਂ ਸਿਸਟਮ ਵਿਚ ਅਡਜਸਟ ਕੀਤਾ ਜਾਵੇਗਾ।
ਸਮਾਰਟ ਸਿਟੀ ਤਹਿਤ ਖਰੀਦੀ ਜਾਵੇਗੀ ਮਸ਼ੀਨਰੀ
ਨਿਗਮ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਲਈ ਸਮਾਰਟ ਸਿਟੀ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਮਸ਼ੀਨਰੀ ਦੀ ਖਰੀਦ ਕੀਤੀ ਜਾਵੇਗੀ, ਜਿਸ ਵਿਚ ਈ-ਰਿਕਸ਼ਾ, ਈ-ਟਿਪਰ ਆਦਿ ਸ਼ਾਮਲ ਹੋਣਗੇ। ਪਹਿਲੇ ਪੜਾਅ ਵਿਚ ਕੁਝ ਈ-ਰਿਕਸ਼ਾ ਜਲਦੀ ਹੀ ਜਲੰਧਰ ਨਿਗਮ ਨੂੰ ਮਿਲਣ ਜਾ ਰਹੇ ਹਨ।
ਇਸ ਤੋਂ ਇਲਾਵਾ ਸ਼ਹਿਰ ਦੇ ਕੂੜੇ ਨੂੰ ਖਤਮ ਕਰਨ ਲਈ ਇਕ ਹਜ਼ਾਰ ਦੇ ਕਰੀਬ ਪਿਟ ਬਣਾਏ ਜਾਣਗੇ, ਜਿਨ੍ਹਾਂ ਵਿਚੋਂ 250 ਪਿਟ ਯੂਨਿਟ ਦੇ ਟੈਂਡਰ ਹੋ ਚੁੱਕੇ ਹਨ। ਅਜੇ ਸ਼ਹਿਰ ਵਿਚ 30 ਪਿਟ ਹੀ ਬਣੇ ਹਨ।
ਕੋਹੇਨੂਰ ਰਬੜ ਦੇ ਪਿੱਛੇ ਲੱਗੇਗਾ ਪਲਾਂਟ
ਨਿਗਮ ਕਮਿਸ਼ਨਰ ਨੇ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਕਰੀਬ ਇਕ ਹਜ਼ਾਰ ਏਕੜ ਰਕਬੇ ਨੂੰ ਏਰੀਆ ਵੇਸਟ ਡਿਵੈੱਲਪਮੈਂਟ ਤਹਿਤ ਚੁਣਿਆ ਗਿਆ ਹੈ, ਜਿਸ ਦੇ ਲਈ ਵੱਖਰਾ ਵੇਸਟ ਪ੍ਰੋਸੈਸਿੰਗ ਐਂਡ ਮਟੀਰੀਅਲ ਰਿਕਵਰੀ ਪਲਾਂਟ ਲਗਾਇਆ ਜਾਵੇਗਾ, ਜਿਸ ਦੇ ਲਈ ਕਪੂਰਥਲਾ ਰੋਡ 'ਤੇ ਕੋਹੇਨੂਰ ਰਬੜ ਦੇ ਪਿੱਛੇ ਜਗ੍ਹਾ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਮਕਸੂਦਾਂ ਮੰਡੀ ਵਿਚ ਗਿੱਲੇ ਕੂੜੇ ਨੂੰ ਮੈਨੇਜ ਕਰਨ ਵਾਲੀ ਛੋਟੀ ਮਸ਼ੀਨ ਲੱਗਣ ਜਾ ਰਹੀ ਹੈ। ਸਮਾਰਟ ਸਿਟੀ ਮਸ਼ੀਨ ਦੇ ਤਹਿਤ ਹੀ 2 ਸਵੀਪਿੰਗ ਮਸ਼ੀਨਾਂ ਦਾ ਟੈਂਡਰ ਮਨਜ਼ੂਰ ਹੋ ਚੁੱਕਾ ਹੈ। ਜਲਦੀ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ।


shivani attri

Content Editor

Related News