ਮਕਸੂਦਾਂ ਚੌਕ ''ਚ ਸਵੇਰ ਤੋਂ ਸ਼ਾਮ ਤੱਕ ਖੜ੍ਹੇ ਰਹਿੰਦੇ ਨੇ ਆਟੋ, ਜਾਮ ਕਾਰਨ ਹੁੰਦੀ ਹੈ ਪਰੇਸ਼ਾਨੀ

02/27/2020 5:58:04 PM

ਜਲੰਧਰ (ਮ੍ਰਿਦੁਲ)— ਸ਼ਹਿਰ 'ਚ ਵਧ ਰਹੀਆਂ ਆਟੋ ਚਾਲਕਾਂ ਦੀਆਂ ਮਨਮਰਜ਼ੀਆਂ ਕਾਰਣ ਲੋਕਾਂ ਨੂੰ ਟ੍ਰੈਫਿਕ ਸਬੰਧੀ ਕਾਫੀ ਪ੍ਰੇਸ਼ਾਨੀ ਆ ਰਹੀ ਹੈ, ਜਿਸ ਦੀ ਤਾਜ਼ੀ ਮਿਸਾਲ ਸ਼ਹਿਰ ਦੇ ਐਂਟਰੀ ਪੁਆਇੰਟ ਮਕਸੂਦਾਂ ਚੌਕ 'ਤੇ ਦੇਖੀ ਜਾ ਸਕਦੀ ਹੈ। ਭਾਵੇਂ ਇਸ ਸਬੰਧੀ ਟ੍ਰੈਫਿਕ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸ਼ਰੇਆਮ ਆਟੋ ਚਾਲਕ ਚੌਕ ਵਿਚਕਾਰ ਆਟੋ ਰੋਕ ਕੇ ਸਵਾਰੀਆਂ ਚੁੱਕਣ ਲਈ ਆਟੋ ਖੜ੍ਹਾ ਕਰ ਲੈਂਦੇ ਹਨ ਤੇ ਆਟੋ ਭਰਨ ਲਈ ਸਵਾਰੀਆਂ ਦੀ ਉਡੀਕ 'ਚ ਕਈ ਕਈ ਘੰਟੇ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਮਕਸੂਦਾਂ ਚੌਕ 'ਚ ਜਾਮ ਲੱਗਾ ਰਹਿੰਦਾ ਹੈ।

ਜੇਕਰ ਗੱਲ ਕਰੀਏ ਟ੍ਰੈਫਿਕ ਪੁਲਸ ਦੀ ਤਾਂ ਸਾਰੀ ਟ੍ਰੈਫਿਕ ਪੁਲਸ ਇਸ ਸਮੇਂ ਪੀ. ਏ. ਪੀ. ਫਲਾਈਓਵਰ ਦੇ ਬਣਨ ਤੇ ਪੀ. ਏ. ਪੀ. ਚੌਕ 'ਤੇ ਲੱਗਣ ਵਾਲੇ ਜਾਮ ਵਿਚ ਰੁੱਝੀ ਹੋਈ ਹੈ, ਜਿਸ ਕਾਰਨ ਟ੍ਰੈਫਿਕ ਪੁਲਸ ਦਾ ਧਿਆਨ ਮਕਸੂਦਾਂ ਚੌਕ ਵੱਲ ਨਹੀਂ ਜਾਂਦਾ ਅਤੇ ਚੌਕ ਵਿਚ ਨਾ ਤਾਂ ਥਾਣਾ ਪੁਲਸ ਵੱਲੋਂ ਟ੍ਰੈਫਿਕ ਕੰਟਰੋਲ ਕਰਨ ਲਈ ਕੋਈ ਡਿਊਟੀ ਲਾਈ ਗਈ ਹੈ ਅਤੇ ਟ੍ਰੈਫਿਕ ਪੁਲਸ ਤਾਂ ਇਸ ਪਾਸੇ ਆਉਂਦੀ ਵੀ ਨਹੀਂ। ਜਿਸ ਦਾ ਖਮਿਆਜ਼ਾ ਲੋਕਾਂ ਨੂੰ ਆਟੋ ਚਾਲਕਾਂ ਦੇ ਕਾਰਣ ਚੌਕ ਵਿਚ ਲੱਗੇ ਜਾਮ ਕਾਰਨ ਭੁਗਤਣਾ ਪੈਂਦਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਆਟੋ ਚਾਲਕ ਆਉਂਦੇ ਜਾਂਦੇ ਰਹਿੰਦੇ ਹਨ। ਦੁਪਹਿਰ ਅਤੇ ਸ਼ਾਮ ਦੇ ਸਮੇਂ ਆਟੋ ਚਾਲਕਾਂ ਨੇ ਉਥੇ ਅੱਡਾ ਬਣਾ ਲਿਆ ਹੈ। ਆਟੋ ਚਾਲਕ ਸੜਕ ਵਿਚਕਾਰ ਆਟੋ ਲਾ ਕੇ ਸਵਾਰੀਆਂ ਚੁੱਕਦੇ ਹਨ, ਜਿਸ ਕਾਰਣ ਕਾਫੀ ਲੰਮਾ ਜਾਮ ਲੱਗ ਜਾਂਦਾ ਹੈ ਅਤੇ ਜਾਮ 'ਚੋਂ ਨਿਕਲਣ ਲਈ ਆਟੋ ਚਾਲਕ ਖੁਦ ਹੀ ਜੱਦੋ-ਜਹਿਦ ਕਰਦੇ ਹਨ। ਇੰਨਾ ਹੀ ਨਹੀਂ ਚੌਕ ਦਰਮਿਆਨ ਲੱਗੀਆਂ ਰੈੱਡ ਲਾਈਟਾਂ ਕੋਲ ਵੀ ਆਟੋ ਚਾਲਕ ਖੜ੍ਹੇ ਹੁੰਦੇ ਹਨ। ਉਨ੍ਹਾਂ ਨੂੰ ਨਾ ਤਾਂ ਪ੍ਰਸ਼ਾਸਨ ਦਾ ਕੋਈ ਡਰ ਹੈ ਤੇ ਨਾ ਹੀ ਪੁਲਸ ਦੇ ਚਲਾਨ ਦਾ।

ਜਲਦੀ ਹੀ ਥਾਣਾ ਅਤੇ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਤਾਇਨਾਤ ਕਰ ਕੇ ਕਰਾਂਗੇ ਆਟੋ ਚਾਲਕਾਂ 'ਤੇ ਕਾਰਵਾਈ : ਏ. ਡੀ. ਸੀ. ਪੀ.
ਉਥੇ ਹੀ ਇਸ ਸਬੰਧ 'ਚ ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਸਮੱਸਿਆ ਬਾਰੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਪਤਾ ਹੈ, ਮਕਸੂਦਾਂ ਚੌਕ ਵਿਚ ਗਲਤ ਸਾਈਡ ਤੋਂ ਆਟੋ ਚਾਲਕ, ਬੋਲੈਰੋ ਚਾਲਕ ਅਤੇ ਕਮਰਸ਼ੀਅਲ ਵ੍ਹੀਕਲ ਜਿਵੇਂ ਟਰੱਕ ਤੇ ਛੋਟਾ ਹਾਥੀ ਨਿਕਲਦੇ ਹਨ ਅਤੇ ਹੋਰ ਕਾਰ ਚਾਲਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਉਹ ਜਲਦੀ ਹੀ ਥਾਣਾ ਪੁਲਸ ਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕਰਨਗੇ, ਤਾਂ ਜੋ ਜਲਦੀ ਹੀ ਲੋਕਾਂ ਨੂੰ ਜਾਮ ਤੋਂ ਛੁਟਕਾਰਾ ਮਿਲ ਸਕੇ ਕਿਉਂਕਿ ਇਹ ਚੌਕ ਸ਼ਹਿਰ ਦਾ ਐਂਟਰੀ ਪੁਆਇੰਟ ਵੀ ਹੈ ਤੇ ਇੰਡਸਟ੍ਰੀਅਲ ਏਰੀਆ ਵੀ ਹੈ। ਜਲਦੀ ਹੀ ਆਟੋ ਚਾਲਕਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News