ਜੋਤੀ ਚੌਕ ਨੇੜੇ ਫੜੀਆਂ ਚੁਕਵਾਉਣ ਦੇ ਕੁਝ ਮਿੰਟਾਂ ਬਾਅਦ ਦੋਬਾਰਾ ਸੜਕਾਂ 'ਤੇ ਕਬਜ਼ਾ

12/02/2019 1:39:32 PM

ਜਲੰਧਰ (ਵਰੁਣ)— ਸੰਡੇ ਬਾਜ਼ਾਰ ਨੂੰ ਲੈ ਕੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਸਾਰੀ ਰੋਡ 'ਤੇ ਟ੍ਰੈਫਿਕ ਬੇਲਗਾਮ ਹੁੰਦਾ ਜਾ ਰਿਹਾ ਹੈ। ਕਈ ਸਾਲਾਂ ਤੋਂ ਸੰਡੇ ਬਾਜ਼ਾਰ 'ਚ ਜਾਮ ਨੂੰ ਲੈ ਕੇ ਨਾ ਤਾਂ ਟ੍ਰੈਫਿਕ ਪੁਲਸ ਦਾ ਕੋਈ ਨੁਸਖਾ ਕੰਮ ਆਇਆ ਅਤੇ ਨਾ ਹੀ ਪ੍ਰਸ਼ਾਸਨ ਦੀ ਕੋਈ ਰਣਨੀਤੀ ਸਹੀ ਬੈਠ ਸਕੀ। ਐਤਵਾਰ ਦੀ ਸਵੇਰ ਲਗਭਗ 9.30 ਵਜੇ ਥਾਣਾ ਚਾਰ ਦੀ ਪੁਲਸ ਸਮੇਤ ਐਕਸਟਰਾ ਫੋਰਸਿਜ਼ ਨੇ ਜੋਤੀ ਚੌਕ ਦੇ ਆਲੇ-ਦੁਆਲੇ ਤੇ ਸ਼ੇਖਾਂ ਬਾਜ਼ਾਰ 'ਚ ਜਾ ਕੇ ਰੋਡ 'ਤੇ ਲੱਗੀਆਂ ਫੜ੍ਹੀਆਂ ਅਤੇ ਰੇਹੜੀਆਂ ਹਟਾਈਆਂ ਅਤੇ ਇਹ ਕਾਰਵਾਈ ਲਗਭਗ 12.30 ਵਜੇ ਤੱਕ ਚੱਲਦੀ ਰਹੀ। ਥਾਣਾ ਚਾਰ ਦੇ ਇੰਚਾਰਜ ਐੱਸ. ਆਈ. ਕਮਲਜੀਤ ਸਿੰਘ ਦੀ ਮੰਨੀਏ ਤਾਂ ਉਨ੍ਹਾਂ ਦੀ ਇਸ ਕਾਰਵਾਈ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਅਤੇ ਜਾਮ ਨਹੀਂ ਲੱਗਾ।

PunjabKesari

ਉਨ੍ਹਾਂ ਦਾ ਕਹਿਣਾ ਸੀ ਕਿ ਸੰਡੇ ਬਾਜ਼ਾਰ ਕਾਰਨ ਆਟੋ ਵੀ ਟਾਵਾਂ-ਟਾਵਾਂ ਸੀ ਪਰ ਜੋਤੀ ਚੌਕ ਤੋਂ ਕੁਝ ਕਦਮਾਂ 'ਤੇ ਸਥਿਤ ਥਾਣਾ ਡਵੀਜ਼ਨ 4 ਦੇ ਇੰਚਾਰਜ ਨੂੰ ਥਾਣੇ ਦੇ ਬਾਹਰ ਦੇ ਹਾਲਾਤ ਬਾਰੇ ਹੀ ਨਹੀਂ ਪਤਾ ਸੀ। ਦੁਪਹਿਰ ਢਾਈ ਵਜੇ ਦੀ ਹਾਲਤ ਦੇਖੀ ਜਾਏ ਤਾਂ ਸ੍ਰੀ ਰਾਮ ਚੌਕ ਤੋਂ ਲੈ ਕੇ ਜੋਤੀ ਚੌਕ ਅਤੇ ਨਕੋਦਰ ਚੌਕ ਵੱਲੋਂ ਆਟੋ ਬਿਨਾਂ ਕਿਸੇ ਰੋਕ-ਟੋਕ ਦੇ ਭੀੜ 'ਚ ਦਾਖਲ ਹੋ ਰਹੇ ਸਨ। ਫੜ੍ਹੀਆਂ ਅਤੇ ਰੇਹੜੀਆਂ ਵੀ ਸੜਕ 'ਚ ਆਈਆਂ ਹੋਈਆਂ ਸਨ, ਜਦਕਿ ਇਕ ਸਾਈਡ ਦੇ ਹਾਲਾਤ ਇੰਨੇ ਭਿਆਨਕ ਸਨ ਕਿ ਫੜ੍ਹੀਆਂ ਤੋਂ ਸਾਮਾਨ ਖਰੀਦਣ ਵਾਲੇ ਲੋਕਾਂ ਦੀ ਭੀੜ ਦੂਸਰੀ ਰੋਡ ਦੇ ਨੇੜੇ ਪਹੁੰਚ ਗਈ ਸੀ। ਵਾਹਨਾਂ ਦੇ ਨਿਕਲਣ ਤਕ ਦੀ ਜਗ੍ਹਾ ਨਹੀਂ ਸੀ, ਜਦਕਿ ਹੁਣੇ ਜਿਹੇ ਪਲਾਜ਼ਾ ਚੌਕ ਤੋਂ ਸਿਵਲ ਲਾਈਨ ਜਾਂਦਾ ਰੋਡ ਵਨ-ਵੇਅ ਹੋਣ ਦੇ ਬਾਵਜੂਦ ਸਿਵਲ ਲਾਈਨ ਵੱਲੋਂ ਆਟੋ ਪਲਾਜ਼ਾ ਚੌਕ ਵੱਲ ਆ ਰਹੇ ਸਨ। ਪਲਾਜ਼ਾ ਚੌਕ 'ਤੇ ਦਿਖਾਵੇ ਲਈ ਟ੍ਰੈਫਿਕ ਕਰਮਚਾਰੀਆਂ ਦੀ ਟੀਮ ਅਤੇ ਬੈਰੀਕੇਡ ਵੀ ਸਨ ਪਰ ਰੋਕਣ ਵਾਲਾ ਕੋਈ ਨਹੀਂ ਸੀ।

ਭੱਜ-ਦੌੜ ਮਚੀ ਤਾਂ ਜਾ ਸਕਦੀ ਆਂ ਹਨ ਕਈ ਜਾਨਾਂ
ਸੰਡੇ ਬਾਜ਼ਾਰ 'ਚ ਲਗਾਤਾਰ ਭੀੜ ਵਧਦੀ ਜਾ ਰਹੀ ਹੈ। ਸੰਡੇ ਬਾਜ਼ਾਰ ਨੂੰ ਪਹਿਲਾਂ ਸ਼ਿਫਟ ਕਰਨ ਦੀ ਕਾਫੀ ਚਰਚਾ ਰਹੀ ਪਰ ਕੋਈ ਗੱਲ ਸਿਰੇ ਨਹੀਂ ਚੜ੍ਹੀ। ਵਧਦੀ ਭੀੜ ਨਾਲ ਸੰਡੇ ਬਾਜ਼ਾਰ ਆਪਣੀ ਜਗ੍ਹਾ ਪਸਾਰਦਾ ਜਾ ਰਿਹਾ ਹੈ। ਜੇਕਰ ਸੰਡੇ ਬਾਜ਼ਾਰ 'ਚ ਭੱਜ-ਦੌੜ ਮਚੀ ਤਾਂ ਕਈ ਜਾਨਾਂ ਜਾ ਸਕਦੀਆਂ ਹਨ।


shivani attri

Content Editor

Related News