ਇਨਸਾਨੀਅਤ ਸ਼ਰਮਸਾਰ : ਔਰਤ ਨੇ 1.50 ਲੱਖ 'ਚ ਵੇਚੀ ਨਵਜੰਮੀ ਬੱਚੀ

Sunday, Jan 19, 2020 - 11:11 AM (IST)

ਇਨਸਾਨੀਅਤ ਸ਼ਰਮਸਾਰ : ਔਰਤ ਨੇ 1.50 ਲੱਖ 'ਚ ਵੇਚੀ ਨਵਜੰਮੀ ਬੱਚੀ

ਜਲੰਧਰ (ਕਮਲੇਸ਼, ਸੋਮਨਾਥ) : ਜਲੰਧਰ ਵਿਚ ਨਵਜੰਮੀ ਬੱਚੀ ਨੂੰ 1.50 ਲੱਖ ਰੁਪਏ ਵਿਚ ਵੇਚਣ ਦੇ ਦੋਸ਼ਾਂ ਦਾ ਮਾਮਲਾ ਸਾਹਮਣੇ ਆਇਆ ਹੈ। ਵਡਾਲਾ ਕਾਲੋਨੀ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਸਦੀ ਬੇਟੀ ਦੇ ਵਿਆਹ ਨੂੰ 10 ਸਾਲ ਹੋ ਗਏ ਸਨ ਪਰ ਉਹ ਮਾਂ ਨਹੀਂ ਬਣ ਸਕੀ ਸੀ। ਉਸਨੇ ਆਪਣੀ ਗੁਆਂਢਣ ਨਾਲ ਬੱਚਾ ਗੋਦ ਲੈਣ ਬਾਰੇ ਗੱਲ ਕੀਤੀ ਸੀ। 12 ਦਸੰਬਰ ਨੂੰ ਗੁਆਂਢ ਵਿਚ ਰਹਿੰਦੀ ਔਰਤ ਦਾ ਫੋਨ ਆਉਂਦਾ ਹੈ ਕਿ ਸਿਵਲ ਹਸਪਤਾਲ ਵਿਚ ਇਕ ਪ੍ਰਵਾਸੀ ਪਰਿਵਾਰ ਦੀ ਔਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ ਪਰ ਔਰਤ ਦੀਆਂ ਪਹਿਲਾਂ ਵੀ 5 ਬੱਚੀਆਂ ਹਨ, ਜਿਸ ਕਾਰਣ ਪ੍ਰਵਾਸੀ ਪਰਿਵਾਰ ਬੱਚੀ ਨੂੰ ਪਾਲ ਨਹੀਂ ਸਕਦਾ, ਇਸ ਲਈ ਜੇਕਰ ਉਹ ਚਾਹਵੇ ਤਾਂ ਬੱਚੀ ਨੂੰ ਗੋਦ ਲੈ ਸਕਦੀ ਹੈ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਔਰਤ ਆਪਣੀ ਬੇਟੀ ਅਤੇ ਜਵਾਈ ਦੇ ਨਾਲ ਸਿਵਲ ਹਸਪਤਾਲ ਵਿਚ ਪ੍ਰਵਾਸੀ ਪਰਿਵਾਰ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਨਾਲ ਬੱਚੀ ਗੋਦ ਲੈਣ ਬਾਰੇ ਗੱਲ ਕੀਤੀ।

ਇਸ ਤੋਂ ਬਾਅਦ ਗੁਆਂਢ ਵਿਚ ਰਹਿੰਦੀ ਔਰਤ ਨੇ ਕਿਹਾ ਕਿ ਉਹ ਬੱਚੀ ਨੂੰ ਸਿਵਲ ਹਸਪਤਾਲ ਤੋਂ ਲੈ ਕੇ ਆ ਜਾਵੇਗੀ ਅਤੇ ਉਨ੍ਹਾਂ ਨੂੰ ਸੌਂਪ ਦੇਵੇਗੀ। ਅਗਲੇ ਦਿਨ ਜਦੋਂ ਔਰਤ ਕੋਲੋਂ ਬੱਚੀ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਬੱਚੀ ਬਹੁਤ ਪਿਆਰੀ ਹੈ ਅਤੇ ਉਹ 2 ਤੋਂ 3 ਦਿਨ ਤੱਕ ਬੱਚੀ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਹੈ, ਜਿਸ ਲਈ ਸ਼ਿਕਾਇਤਕਰਤਾ ਔਰਤ ਮੰਨ ਗਈ। ਥੋੜ੍ਹੇ ਦਿਨਾਂ ਬਾਅਦ ਜਦੋਂ ਸ਼ਿਕਾਇਤਕਰਤਾ ਔਰਤ ਨੇ ਫਿਰ ਬੱਚੀ ਬਾਰੇ ਪੁੱਛਿਆ ਤਾਂ ਗੁਆਂਢਣ ਦੇ ਸੁਰ ਬਦਲੇ ਹੋਏ ਸਨ ਅਤੇ ਉਹ ਬਹਾਨੇ ਬਣਾਉਣ ਲੱਗੀ। ਸ਼ਿਕਾਇਤਕਰਤਾ ਔਰਤ ਨੇ ਦੋਸ਼ ਲਾਇਆ ਕਿ ਉਸਨੂੰ ਬੱਚੀ ਦੇ 1.50 ਲੱਖ ਰੁਪਏ ਮਿਲ ਰਹੇ ਹਨ, ਇਸ ਲਈ ਉਹ ਬੱਚੀ ਉਸ ਪਰਿਵਾਰ ਨੂੰ ਦੇਵੇਗੀ ਜੋ ਉਸਨੂੰ ਪੈਸੇ ਦੇ ਰਿਹਾ ਹੈ। 12 ਜਨਵਰੀ ਨੂੰ ਸ਼ਿਕਾਇਤਕਰਤਾ ਔਰਤ ਨੂੰ ਪਤਾ ਲੱਗਾ ਕਿ ਉਸਨੇ ਬੱਚੀ ਨੂੰ ਲਖਨਊ ਵਿਚ ਰਹਿੰਦੇ ਇਕ ਪਰਿਵਾਰ ਨੂੰ ਦੇ ਦਿੱਤਾ ਹੈ, ਜਿਸ ਤੋਂ ਬਾਅਦ ਔਰਤ ਨੇ ਆਪਣੇ ਪਰਿਵਾਰ ਨਾਲ ਰਾਤ 11 ਵਜੇ ਥਾਣਾ ਨੰਬਰ 6 ਦੀ ਪੁਲਸ ਨੂੰ ਮਾਮਲੇ ਸਬੰਧੀ ਸ਼ਿਕਾਇਤ ਦਿੱਤੀ। ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਮੁਲਜਮਾਂ ਨੂੰ ਥਾਣੇ ਬੁਲਾਇਆ ਜਿਥੇ ਔਰਤ ਨੇ ਕਿਹਾ ਕਿ ਉਸਨੂੰ ਬੱਚੀ ਸਿਵਲ ਹਸਪਤਾਲ ਵਿਚ ਡਿੱਗੀ ਹੋਈ ਮਿਲੀ ਸੀ, ਜਿਸ ਤੋਂ ਬਾਅਦ ਉਹ ਉਸ ਨੂੰ ਚੁੱਕ ਕੇ ਆਪਣੇ ਘਰ ਲੈ ਆਈ। ਲਖਨਊ ਤੋਂ ਉਨ੍ਹਾਂ ਦੇ ਕੁੜਮਾਂ ਦਾ ਪਰਿਵਾਰ ਆਇਆ ਹੋਇਆ ਸੀ ਅਤੇ ਉਹ ਬੱਚੀ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਸਨ, ਜਿਸ ਕਾਰਣ ਬੱਚੀ ਉਨ੍ਹਾਂ ਨੂੰ ਸੌਂਪ ਦਿੱਤੀ। ਔਰਤ ਨੇ ਬੱਚੀ ਨੂੰ ਵੇਚਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਪੁਲਸ ਦੇ ਦਖਲ ਤੋਂ ਬਾਅਦ ਬੱਚੀ ਨੂੰ ਲਖਨਊ ਤੋਂ ਜਲੰਧਰ ਮੰਗਵਾ ਲਿਆ। ਥਾਣਾ ਨੰਬਰ 6 ਦੇ ਏ. ਐੱਸ. ਆਈ. ਰਾਕੇਸ਼ ਕੁਮਾਰ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਫਿਲਹਾਲ ਬੱਚੀ ਦੀ ਕਸਟਡੀ ਗੁਆਂਢਣ ਔਰਤ ਕੋਲ ਹੈ। ਪੁਲਸ ਦਾ ਕਹਿਣਾ ਹੈ ਕਿ ਬੱਚੀ ਨੂੰ ਜਨਮ ਦੇਣ ਵਾਲੀ ਔਰਤ ਨੇ ਜੋ ਪਤਾ ਸਿਵਲ ਹਸਪਤਾਲ ਵਿਚ ਲਿਖਵਾਇਆ ਸੀ, ਉਹ ਗਲਤ ਹੈ ਅਤੇ ਪੁਲਸ ਬੱਚੀ ਦੇ ਅਸਲ ਪਰਿਵਾਰ ਦਾ ਪਤਾ ਲਾਉਣ ਤੋਂ ਬਾਅਦ ਹੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਵੇਗੀ। ਮਾਮਲੇ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਔਰਤ ਨੂੰ ਬੱਚੀ ਸਿਵਲ ਹਸਪਤਾਲ ਵਿਚ ਡਿੱਗੀ ਹੋਈ ਮਿਲੀ ਤਾਂ ਉਸ ਨੇ ਪੁਲਸ ਵਿਚ ਸ਼ਿਕਾਇਤ ਕਿਉਂ ਨਹੀਂ ਕੀਤੀ।


author

Baljeet Kaur

Content Editor

Related News