ਚਾਰਾਂ ਵਿਧਾਨ ਸਭਾ ਹਲਕਿਆਂ ''ਚ ਲੱਗਣਗੀਆਂ ਕੂੜੇ ਤੋਂ ਖਾਦ ਬਣਾਉਣ ਵਾਲੀਆਂ ਮਸ਼ੀਨਾਂ

11/02/2019 12:47:17 PM

ਜਲੰਧਰ (ਖੁਰਾਣਾ)— ਸ਼ਹਿਰ ਦੀ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਨਿਗਮ ਨੇ ਜੰਗੀ ਪੱਧਰ 'ਤੇ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਦੇ ਤਹਿਤ ਚਾਰਾਂ ਵਿਧਾਨ ਸਭਾ ਹਲਕਿਆਂ 'ਚ ਕੂੜੇ ਤੋਂ ਖਾਦ ਬਣਾਉਣ ਵਾਲੀਆਂ ਮਸ਼ੀਨਾਂ ਲੱਗਣ ਜਾ ਰਹੀਆਂ ਹਨ। ਨਿਗਮ ਪ੍ਰਸ਼ਾਸਨ ਨੇ ਇਨ੍ਹਾਂ ਮਸ਼ੀਨਾਂ ਲਈ ਟੈਂਡਰ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਨੂੰ ਕੁਝ ਹੀ ਦਿਨਾਂ ਬਾਅਦ ਖੋਲ੍ਹ ਕੇ ਕੂੜੇ ਤੋਂ ਖਾਦ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਬੀਤੇ ਦਿਨ ਕੁਝ ਚੋਣਵੇਂ ਪੱਤਰਕਾਰਾਂ ਨੂੰ ਦੱਸਿਆ ਕਿ ਟ੍ਰਾਇਲ ਦੇ ਤੌਰ 'ਤੇ ਚਾਰਾਂ ਵਿਧਾਨ ਸਭਾ ਹਲਕਿਆਂ 'ਚ ਚਾਰ ਮਸ਼ੀਨਾਂ ਲਾਈਆਂ ਜਾ ਰਹੀਆਂ ਹਨ। ਨਾਰਥ ਵਿਧਾਨ ਸਭਾ ਹਲਕੇ 'ਚ ਵਿਕਾਸਪੁਰੀ ਡੰਪ ਦੀ ਚੋਣ ਕੀਤੀ ਗਈ ਹੈ, ਜਿੱਥੇ ਸਿਵਲ ਵਰਕ ਚੱਲ ਰਿਹਾ ਹੈ ਅਤੇ ਜਲਦੀ ਹੀ ਉਥੇ ਕੂੜੇ ਤੋਂ ਖਾਦ ਬਣਾਉਣ ਵਾਲੀ ਮਸ਼ੀਨ ਵੀ ਲਾਈ ਜਾਵੇਗੀ।

ਸੈਂਟਰਲ ਵਿਧਾਨ ਸਭਾ ਹਲਕੇ ਲਈ ਬੱਸ ਸਟੈਂਡ ਫਲਾਈਓਵਰ ਦੇ ਨੇੜੇ ਇੰਡੋ-ਕੈਨੇਡੀਅਨ ਬੱਸ ਸਰਵਿਸ ਦੇ ਸਾਹਮਣੇ ਵਾਲੀ ਥਾਂ ਦੀ ਚੋਣ ਕੀਤੀ ਗਈ ਹੈ, ਜਦੋਂਕਿ ਛਾਉਣੀ ਵਿਧਾਨ ਸਭਾ ਹਲਕੇ ਲਈ ਅਜਿਹੀ ਮਸ਼ੀਨ ਬੀ. ਐੱਮ. ਸੀ. ਚੌਕ ਤੇ ਰੇਡੀਓ ਸਟੇਸ਼ਨ ਦੀ ਕੰਧ ਨਾਲ ਲਾਈ ਜਾ ਰਹੀ ਹੈ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਇਕ ਮਸ਼ੀਨ 'ਤੇ ਕਰੀਬ 20 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਇਹ ਕੰਮ ਸਵੱਛ ਭਾਰਤ ਮਿਸ਼ਨ ਦੇ ਤਹਿਤ ਕਰਵਾਇਆ ਜਾਵੇਗਾ। ਹਰੇਕ ਮਸ਼ੀਨ ਦੀ ਸਮਰੱਥਾ ਹਰ ਰੋਜ਼ 2 ਟਨ ਕੂੜਾ ਪ੍ਰੋਸੈੱਸ ਕਰਨ ਦੀ ਹੋਵੇਗੀ। ਮਸ਼ੀਨ 'ਚ ਲੱਗੇ ਸ਼੍ਰੈਡਰ ਨਾਲ ਗਿੱਲੇ ਕੂੜੇ ਨੂੰ ਬਰੀਕ ਰੂਪ ਵਿਚ ਪੀਸ ਕੇ ਲੁਗਦੀ ਬਣਾਈ ਜਾਵੇਗੀ, ਜਿਸ ਨੂੰ ਕ੍ਰੇਟਾਂ 'ਚ ਰੱਖਿਆ ਜਾਵੇਗਾ ਤੇ ਉਸ 'ਤੇ ਕੈਮੀਕਲ ਦਾ ਸਪਰੇਅ ਕਰਨ ਤੋਂ ਬਾਅਦ 12 ਦਿਨਾਂ 'ਚ ਖਾਦ ਤਿਆਰ ਹੋ ਜਾਵੇਗੀ। ਮਸ਼ੀਨ ਦਾ ਸੰਚਾਲਨ ਵੀ ਕੰਪਨੀ ਵੱਲੋਂ ਕੀਤਾ ਜਾਵੇਗਾ ਅਤੇ ਕੰਪਨੀ ਦੇ ਕਰਮਚਾਰੀ ਹੀ ਉਥੇ ਪਹੁੰਚੇ ਕੂੜੇ ਦੀ ਫਾਈਨ ਸੈਗਰੀਗੇਸ਼ਨ ਕਰਨਗੇ। ਮਸ਼ੀਨ ਨਾਲ ਜੋ ਖਾਦ ਬਣਾਈ ਜਾਵੇਗੀ ਉਹ ਨਿਗਮ ਦੀ ਪ੍ਰਾਪਰਟੀ ਹੋਵੇਗੀ ਤੇ ਨਿਗਮ ਉਸ ਨੂੰ ਵੇਚੇਗਾ।

ਗਾਜ਼ੀਆਬਾਦ ਮੰਡੀ 'ਚ ਅਜਿਹੀ ਮਸ਼ੀਨ ਨਾਲ ਬਣ ਰਹੀ ਖਾਦ
ਕੁਝ ਮਹੀਨੇ ਪਹਿਲਾਂ ਜੁਲਾਈ ਵਿਚ ਨਗਰ ਨਿਗਮ ਦੇ ਹੈਲਥ ਆਫੀਸਰ ਡਾ. ਕ੍ਰਿਸ਼ਨ ਸ਼ਰਮਾ ਨੇ ਦਿੱਲੀ ਦੇ ਕੋਲ ਗਾਜ਼ੀਆਬਾਦ ਸਬਜ਼ੀ ਮੰਡੀ ਵਿਚ ਚੱਲ ਰਹੇ ਵੇਸਟ ਪ੍ਰੋਸੈਸਿੰਗ ਯੂਨਿਟ ਦਾ ਦੌਰਾ ਕਰਕੇ ਉਥੇ ਅਜਿਹੀ ਮਸ਼ੀਨ ਦੀ ਕਾਰਜਪ੍ਰਣਾਲੀ ਦੇਖੀ ਸੀ, ਜਿਥੇ ਸਬਜ਼ੀ ਮੰਡੀ ਦੇ ਗਿੱਲੇ ਕੂੜੇ ਨੂੰ ਮਸ਼ੀਨ ਰਾਹੀਂ ਸ਼ਰੈੱਡ ਕਰਕੇ ਉਸ ਨੂੰ ਖਾਦ ਦੇ ਰੂਪ 'ਚ ਬਦਲਿਆ ਜਾ ਰਿਹਾ ਸੀ। ਡਾ. ਕ੍ਰਿਸ਼ਨ ਸ਼ਰਮਾ ਦੇ ਸੱਦੇ 'ਤੇ ਮਸ਼ੀਨ ਤਿਆਰ ਕਰਨ ਵਾਲੀ ਕੰਪਨੀ ਦੇ ਨੁਮਾਇੰਦੇ ਜਲੰਧਰ ਵੀ ਆਏ ਸਨ, ਜਿਸ ਤੋਂ ਬਾਅਦ ਨਿਗਮ ਨੇ ਸ਼ਹਿਰ 'ਚ ਵੀ ਅਜਿਹੀਆਂ ਮਸ਼ੀਨਾਂ ਲਗਾਉਣ ਦਾ ਵਿਚਾਰ ਬਣਾਇਆ। ਜ਼ਿਕਰਯੋਗ ਹੈ ਕਿ ਅਜਿਹੀ ਹੀ ਇਕ ਮਸ਼ੀਨ ਮੰਡੀ ਬੋਰਡ ਵੱਲੋਂ ਮਕਸੂਦਾਂ ਸਬਜ਼ੀ ਮੰਡੀ 'ਚ ਵੀ ਲਗਾਈ ਜਾ ਰਹੀ ਹੈ, ਜਿਥੇ ਗਿੱਲੇ ਕੂੜੇ ਤੋਂ ਖਾਦ ਬਣੇਗੀ।

PunjabKesari

ਸ਼ਹਿਰ 'ਚ 28 ਥਾਵਾਂ 'ਤੇ ਬਣਨਗੇ ਪਿਟ ਕੰਪੋਸਟਿੰਗ ਯੂਨਿਟ
ਸ਼ਹਿਰ ਦੀ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਨਿਗਮ ਨੇ 28 ਥਾਵਾਂ 'ਤੇ ਪਿਟ ਕੰਪੋਸਟਿੰਗ ਯੂਨਿਟ ਬਣਾਉਣ ਦਾ ਫੈਸਲਾ ਲਿਆ ਹੈ। ਫਿਲਹਾਲ 11 ਯੂਨਿਟਾਂ ਦੇ ਟੈਂਡਰ ਲਾਏ ਜਾ ਚੁੱਕੇ ਹਨ ਅਤੇ ਬਾਕੀ ਥਾਵਾਂ ਵੀ ਫਾਈਨਲ ਕਰ ਲਈਆਂ ਗਈਆਂ ਹਨ। ਅਜਿਹਾ ਪਹਿਲਾ ਪਿਟ ਕੰਪੋਸਟਿੰਗ ਯੂਨਿਟ ਨੰਗਲ ਸ਼ਾਮਾ ਪਿੰਡ 'ਚ ਲਾਇਆ ਗਿਆ ਸੀ, ਜੋ ਫਿਲਹਾਲ ਅਦਾਲਤੀ ਪ੍ਰਕਿਰਿਆ 'ਚ ਫਸਿਆ ਹੋਇਆ ਹੈ। ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦਾ ਕਹਿਣਾ ਹੈ ਕਿ ਇਸ ਯੂਨਿਟ ਦੀ ਕੰਸਟਰੱਕਸ਼ਨ 'ਤੇ ਅਦਾਲਤ ਦਾ ਸਟੇਅ ਆਰਡਰ ਹੈ ਅਤੇ ਅਗਲੀ ਤਰੀਕ 5 ਨਵੰਬਰ ਹੈ। ਪ੍ਰਦੂਸ਼ਣ ਵਿਭਾਗ ਦੇ ਨਿਯਮਾਂ ਅਨੁਸਾਰ ਛੋਟੇ ਪਲਾਂਟਾਂ ਲਈ ਐੱਨ. ਓ. ਸੀ. ਦੀ ਲੋੜ ਨਹੀਂ ਹੈ ਇਸ ਲਈ ਵਿਭਾਗ ਅਤੇ ਨਿਗਮ ਅਦਾਲਤ ਸਾਹਮਣੇ ਆਪਣਾ ਪੱਖ ਰੱਖਣ ਜਾ ਰਹੇ ਹਨ, ਜਿਸ ਤੋਂ ਬਾਅਦ ਜਲਦੀ ਹੀ ਯੂਨਿਟ ਵੀ ਬਣ ਕੇ ਤਿਆਰ ਹੋ ਜਾਵੇਗਾ।
ਲਾਕੜਾ ਨੇ ਦੱਸਿਆ ਕਿ ਹਰੇਕ ਪਿਟ ਕੰਪੋਸਟਿੰਗ ਯੂਨਿਟ ਵਿਚ 25 ਤੋਂ ਵੱਧ ਪਿਟਸ ਬਣਾਈਆਂ ਜਾਣਗੀਆਂ। ਅਜਿਹੇ ਯੂਨਿਟ ਰਾਗਾ ਮੋਟਰਸ ਦੇ ਨੇੜੇ ਤੇ ਦਕੋਹਾ ਵਿਚ ਬਣਨੇ ਸ਼ੁਰੂ ਹੋ ਚੁੱਕੇ ਹਨ। ਇਸ ਤੋਂ ਇਲਾਵਾ ਧੰਨੋਵਾਲੀ, ਵਿਕਾਸਪੁਰੀ ਡੰਪ, ਲੀਡਰ ਫੈਕਟਰੀ ਦੇ ਪਿੱਛੇ ਤੇ ਕਈ ਥਾਵਾਂ 'ਤੇ ਅਜਿਹੇ ਪਿਟ ਕੰਪੋਸਟਿੰਗ ਯੂਨਿਟ ਬਣਾਏ ਜਾਣ ਦੀ ਤਜਵੀਜ਼ ਹੈ।

ਵਰਿਆਣਾ 'ਚ ਬਾਇਓ ਮਾਈਨਿੰਗ ਪਲਾਂਟ ਨੂੰ ਮਿਲੀ ਟੈਕਨੀਕਲ ਕਮੇਟੀ ਦੀ ਮਨਜ਼ੂਰੀ
ਸ਼ਹਿਰ ਦੇ ਕੂੜੇ ਦੀ ਸਮੱਸਿਆ ਦੇ ਇੰਤਜ਼ਾਮਾਂ 'ਚ ਲੱਗੇ ਨਗਰ ਨਿਗਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਚੰਡੀਗੜ੍ਹ ਸਥਿਤ ਸਟੇਟ ਲੈਵਲ ਟੈਕਨੀਕਲ ਕਮੇਟੀ ਨੇ ਵਰਿਆਣਾ 'ਚ ਲੱਗਣ ਜਾ ਰਹੇ ਬਾਇਓ ਮਾਈਨਿੰਗ ਪਲਾਂਟ ਨੂੰ ਮਨਜ਼ੂਰੀ ਦਿੱਤੀ। ਇਸ ਪਲਾਂਟ 'ਤੇ 70 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ ਤੇ ਇਸ ਨੂੰ ਸਮਾਰਟ ਸਿਟੀ ਦੇ ਪੈਸਿਆਂ ਨਾਲ ਬਣਾਇਆ ਜਾਵੇਗਾ। ਇਸ ਪਲਾਂਟ ਦੇ ਜ਼ਰੀਏ 7.34 ਲੱਖ ਮੀਟ੍ਰਿਕ ਟਨ ਕੂੜੇ ਨੂੰ ਪ੍ਰੋਸੈੱਸ ਕੀਤਾ ਜਾਵੇਗਾ। ਇਹ ਸਾਰਾ ਕੂੜਾ ਇਸ ਸਮੇਂ ਵਰਿਆਣਾ ਡੰਪ 'ਤੇ ਪਹਾੜ ਦੇ ਰੁਪ ਵਿਚ ਪਿਆ ਹੋਇਆ ਹੈ। ਨਿਗਮ ਕਮਿਸ਼ਨਰ ਨੇ ਦੱਸਿਆ ਕਿ ਬਾਇਓ ਮਾਈਨਿੰਗ ਪਲਾਂਟ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਅਤੇ ਵਰਕ ਆਰਡਰ ਹੁੰਦੇ-ਹੁੰਦੇ ਕਰੀਬ 2 ਮਹੀਨੇ ਲੱਗ ਜਾਣਗੇ। ਅਜਿਹੇ ਵਿਚ ਅਗਲੇ ਸਾਲ ਦੇ ਸ਼ੁਰੂ 'ਚ ਇਹ ਪਲਾਂਟ ਚਾਲੂ ਹੋ ਸਕਦਾ ਹੈ, ਜਿਸ ਨਾਲ ਸ਼ਹਿਰ ਨੂੰ ਵੱਡੀ ਰਾਹਤ ਮਿਲੇਗੀ।
ਜ਼ਿਕਰਯੋਗ ਹੈ ਕਿ ਬਾਇਓ ਮਾਈਨਿੰਗ ਪਲਾਂਟ ਦਾ ਵਿਚਾਰ ਵੀ ਨਿਗਮ ਅਧਿਕਾਰੀਆਂ ਨੂੰ ਉਸ ਸਮੇ ਆਇਆ ਜਦੋਂ ਨਿਗਮ ਦੇ ਹੈਲਥ ਆਫਿਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਦੱਖਣੀ ਭਾਰਤ ਦੇ ਸ਼ਹਿਰ ਕੁੰਭਾਕੋਣਮ ਦਾ ਦੌਰਾ ਕਰਕੇ ਉਥੇ ਲੱਗੇ ਬਾਇਓ ਮਾਈਨਿੰਗ ਪਲਾਂਟ ਦੀ ਕਾਰਜ ਪ੍ਰਣਾਲੀ ਨੂੰ ਦੇਖਿਆ ਸੀ। ਉਥੇ ਵੀ ਕੂੜੇ ਦੇ ਪਹਾੜਾਂ ਨੂੰ ਇਸੇ ਪ੍ਰਕਿਰਿਆ ਰਾਹੀਂ ਖਤਮ ਕੀਤਾ ਗਿਆ ਸੀ।

PunjabKesari

ਨਿਗਮ ਨੇ ਖਰੀਦੇ ਬਿਨ ਲੱਗੇ 400 ਰੇਹੜੇ
ਪੂਰੇ ਸ਼ਹਿਰ 'ਚ ਕੂੜੇ ਨੂੰ ਵੱਖਰਾ-ਵੱਖਰਾ ਭਾਵ ਸੈਗਰੀਗੇਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਨਗਰ ਨਿਗਮ ਨੇ 400 ਵਿਸ਼ੇਸ਼ ਰੇਹੜੇ ਖਰੀਦੇ ਹਨ, ਜਿਨ੍ਹਾਂ 'ਚ ਪਲਾਸਟਿਕ ਦੇ ਬਿਨ ਲੱਗੇ ਹੋਏ ਹਨ, ਜਿਨ੍ਹਾਂ 'ਚ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖਰਾ-ਵੱਖਰਾ ਲਿਆ ਜਾਵੇਗਾ। ਇਨ੍ਹਾਂ ਵਿਚੋਂ 100 ਰੇਹੜੇ ਨਿਗਮ ਖਰੀਦ ਚੁੱਕਾ ਹੈ, ਜਦੋਂਕਿ 300 ਰੇਹੜੇ ਦੇ ਟੈਂਡਰ ਲਗਾ ਦਿੱਤੇ ਗਏ ਹਨ। ਇਹ ਸਾਰੇ ਰੇਹੜੇ ਵਾਰਡਾਂ ਵਿਚ ਵੰਡ ਕੇ ਇਨ੍ਹਾਂ ਵਿਚ ਗਿੱਲਾ ਤੇ ਸੁੱਕਾ ਕੂੜਾ ਵੱਖਰਾ-ਵੱਖਰਾ ਰੱਖ ਲਿਆ ਜਾਵੇਗਾ।


shivani attri

Content Editor

Related News