ਹਾਂਗਕਾਂਗ ਪਲਾਜ਼ਾ ਮਾਰਕੀਟ ਦੀ ਛੱਤ ’ਤੇ ਬਣੀਆਂ ਨਾਜਾਇਜ਼ ਦੁਕਾਨਾਂ ਨੂੰ ਨਿਗਮ ਨੇ ਤੋੜਿਆ
Thursday, Jun 08, 2023 - 01:16 PM (IST)
ਜਲੰਧਰ (ਖੁਰਾਣਾ)–ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਵੱਲੋਂ ਵਾਰ-ਵਾਰ ਦਿੱਤੇ ਜਾ ਰਹੇ ਨਿਰਦੇਸ਼ਾਂ ’ਤੇ ਬੁੱਧਵਾਰ ਨਿਗਮ ਦਾ ਬਿਲਡਿੰਗ ਵਿਭਾਗ ਕੁਝ ਹਰਕਤ ਵਿਚ ਆਇਆ ਅਤੇ ਉਸਨੇ ਫਗਵਾੜਾ ਗੇਟ ਦੀ ਹਾਂਗਕਾਂਗ ਪਲਾਜ਼ਾ ਮਾਰਕੀਟ ਦੀ ਛੱਤ ’ਤੇ ਨਾਜਾਇਜ਼ ਢੰਗ ਨਾਲ ਬਣੀਆਂ ਲਗਭਗ 5 ਦੁਕਾਨਾਂ ਨੂੰ ਤੋੜ ਦਿੱਤਾ। ਇਹ ਕਾਰਵਾਈ ਡਰਿੱਲ ਮਸ਼ੀਨਾਂ ਰਾਹੀਂ ਕੀਤੀ ਗਈ, ਜਿਨ੍ਹਾਂ ਵਿਚੋਂ ਇਕ ਵੱਡੀ ਡਰਿੱਲ ਮਸ਼ੀਨ ਅੰਮ੍ਰਿਤਸਰ ਤੋਂ ਵਿਸ਼ੇਸ਼ ਤੌਰ ’ਤੇ ਲਿਆਂਦੀ ਗਈ ਸੀ। ਦੂਜੀ ਡਰਿੱਲ ਮਸ਼ੀਨ ਜਲੰਧਰ ਤੋਂ ਕਿਰਾਏ ’ਤੇ ਲਈ ਗਈ। ਡਿਮੋਲਿਸ਼ਨ ਦੀ ਕਾਰਵਾਈ ਕਰਨ ਤੋਂ ਪਹਿਲਾਂ ਐੱਮ. ਟੀ. ਪੀ. ਨਰਿੰਦਰ ਸ਼ਰਮਾ ਨੇ ਵੱਡੀ ਡਰਿੱਲ ਮਸ਼ੀਨ ਨੂੰ ਚਲਾ ਕੇ ਦਿਖਾਇਆ, ਜਿਸ ਤੋਂ ਬਾਅਦ ਨਿਗਮ ਦੇ ਕਰਮਚਾਰੀਆਂ ਨੇ ਬਾਕੀ ਕੰਮ ਪੂਰਾ ਕੀਤਾ। ਇਨ੍ਹਾਂ ਮਸ਼ੀਨਾਂ ਰਾਹੀਂ ਕਈ ਦੁਕਾਨਾਂ ਦੇ ਲੈਂਟਰ ਅਤੇ ਕੰਧਾਂ ਵਿਚ ਸੁਰਾਖ ਕਰ ਦਿੱਤੇ ਗਏ ਅਤੇ ਕੁਝ ਨੂੰ ਤੋੜ ਦਿੱਤਾ ਗਿਆ।
ਇਹ ਵੀ ਪੜ੍ਹੋ- ਖੰਨਾ 'ਚ ਪ੍ਰੇਮੀ ਨੇ ਡਾਂਸਰ ਪ੍ਰੇਮਿਕਾ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ ਕੀਤਾ ਲੂ ਕੰਡੇ ਕਰ ਦੇਣ ਵਾਲਾ ਕਾਰਾ
ਮਾਰਕੀਟ ਦੇ 19 ਦੁਕਾਨਦਾਰਾਂ ਨੂੰ ਨੋਟਿਸ ਜਾਰੀ, ਦਸਤਾਵੇਜ਼ ਦਿਖਾਏ ਜਾਣ
ਇਸ ਦੌਰਾਨ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਐੱਮ. ਟੀ. ਪੀ. ਨੇ ਹਾਂਗਕਾਂਗ ਮਾਰਕੀਟ ਦੇ 19 ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਮਾਰਕੀਟ ਦੀਆਂ ਦੁਕਾਨਾਂ ਦੀ ਸੀਲ 7 ਦਿਨ ਲਈ ਖੋਲ੍ਹੀ ਗਈ ਹੈ। ਇਨ੍ਹਾਂ 7 ਦਿਨਾਂ ਅੰਦਰ ਦੁਕਾਨਾਂ ਨਾਲ ਸਬੰਧਤ ਦਸਤਾਵੇਜ਼ ਦਿਖਾਏ ਜਾਣ, ਨਹੀਂ ਤਾਂ ਦੁਕਾਨਾਂ ਵਿਰੁੱਧ ਫਿਰ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦੁਕਾਨਦਾਰਾਂ ਨੂੰ ਦਸਤਾਵੇਜ਼ ਦਿਖਾਉਣ ਸਬੰਧੀ ਨੋਟਿਸ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਮਾਰਕੀਟ ਨੂੰ ਲੈ ਕੇ ਵਿਵਾਦ ਜਾਰੀ ਰਹੇਗਾ।
ਇਨ੍ਹਾਂ ਦੁਕਾਨਦਾਰਾਂ ਨੂੰ ਜਾਰੀ ਹੋਏ ਨੋਟਿਸ
ਅਮਨ ਕੱਕੜ, ਨਵਕਿਰਨਜੀਤ ਕੌਰ, ਸ਼ਿਵਾਨੀ ਅਬਰੋਲ, ਪੂਜਾ ਮੋਦੀ, ਇੰਦਰੇਸ਼ ਕੁਮਾਰ, ਸ਼ਾਲੂ, ਸੰਗੀਤਾ, ਮੋਨਿਕਾ ਸਚਦੇਵਾ, ਜੋਤੀ, ਸੁਧੀਰ ਅਰੋੜਾ, ਗੁਰਚਰਨ ਸਿੰਘ, ਗੀਤਾ ਰਾਣੀ, ਪੂਨਮ, ਅਰਵਿੰਦਰਪਾਲ ਸਿੰਘ, ਨਿਸ਼ਾ ਦੇਵੀ, ਸ਼ਾਇਕਾ ਕੱਕੜ, ਕਿਰਨ ਕੱਕੜ, ਕਮਲਜੀਤ ਸਿੰਘ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਭੈਣ-ਭਰਾ ਨਾਲ ਵਾਪਰੀ ਅਣਹੋਣੀ, ਭਰਾ ਨੇ ਤੜਫ਼-ਤੜਫ਼ ਤੋੜਿਆ ਦਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani