ਜਲੰਧਰ ਨਿਗਮ ਦੇ ਅੱਗੇ ਫੇਲ ਸਾਬਿਤ ਹੋ ਰਹੇ ਪ੍ਰਦੂਸ਼ਣ ਵਿਭਾਗ ਅਤੇ ਐੱਨ. ਜੀ. ਟੀ. ਵਰਗੇ ਅਦਾਰੇ

06/27/2022 1:57:04 PM

ਜਲੰਧਰ (ਖੁਰਾਣਾ)- ਸੁਪਰੀਮ ਕੋਰਟ ਵਰਗਾ ਰੁਤਬਾ ਰੱਖਣ ਵਾਲੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਜਿੱਥੇ ਆਪਣੇ ਸਖ਼ਤ ਫ਼ੈਸਲਿਆਂ ਨਾਲ ਪੂਰੇ ਦੇਸ਼ ਵਿਚ ਆਪਣਾ ਦਬਦਬਾ ਕਾਇਮ ਕੀਤਾ ਹੋਇਆ ਹੈ, ਉੱਥੇ ਹੀ ਇਹ ਸੰਸਥਾ ਵੀ ਜਲੰਧਰ ਨਗਰ ਨਿਗਮ ਦੇ ਸਾਹਮਣੇ ਫੇਲ ਸਾਬਿਤ ਹੋ ਰਹੀ ਹੈ ਕਿਉਂਕਿ 25-25 ਲੱਖ ਰੁਪਏ ਦਾ ਜੁਰਮਾਨਾ ਲਾਉਣ ਦੇ ਬਾਵਜੂਦ ਜਲੰਧਰ ਸ਼ਹਿਰ ਦੀ ਸਫ਼ਾਈ ਦੀ ਹਾਲਤ ਸੁਧਰਨ ਦੀ ਬਜਾਏ ਹੋਰ ਬਦਤਰ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਜੇਕਰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਗੱਲ ਕਰੀਏ ਤਾਂ ਇਸ ਨੂੰ ਪੰਜਾਬ ਦਾ ਸਭ ਤੋਂ ਸਖਤ ਮਹਿਕਮਾ ਕਿਹਾ ਜਾਂਦਾ ਹੈ, ਜਿਸ ਦਾ ਡਰ ਸਨਅਤੀ ਇਕਾਈਆਂ ਤੋਂ ਇਲਾਵਾ ਸਰਕਾਰੀ ਵਿਭਾਗਾਂ ਅਤੇ ਸਥਾਨਕ ਸਰਕਾਰਾਂ ਸੰਸਥਾਵਾਂ ’ਤੇ ਵੀ ਰਹਿੰਦਾ ਹੈ।

ਅੱਜ ਜਲੰਧਰ ਸ਼ਹਿਰ ਵਿਚ ਜਿਹੋ-ਜਿਹੇ ਹਾਲਾਤ ਬਣੇ ਹੋਏ ਹਨ, ਉਸ ਤੋਂ ਜਾਪਦਾ ਹੈ ਕਿ ਇਥੇ ਪ੍ਰਦੂਸ਼ਣ ਕੰਟਰੋਲ ਵਿਭਾਗ ਦਾ ਵੀ ਕੋਈ ਦਬਦਬਾ ਨਹੀਂ ਹੈ ਅਤੇ ਇਸ ਸਖ਼ਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਹਰ ਡੈੱਡਲਾਈਨ ਨੂੰ ਜਲੰਧਰ ਨਿਗਮ ਆਸਾਨੀ ਨਾਲ ਪਾਰ ਕਰ ਰਿਹਾ ਹੈ। ਕੇਂਦਰ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਤੋਂ ਕਰੋੜਾਂ ਰੁਪਏ ਦੀ ਵਾਧੂ ਗਰਾਂਟ ਲੈਣ ਦੇ ਬਾਵਜੂਦ ਜਲੰਧਰ ਨਿਗਮ ਦੇ ਅਧਿਕਾਰੀ ਕੂੜੇ ਦੀ ਮੈਨੇਜਮੈਂਟ ਨੂੰ ਲੈ ਕੇ ਕੁਝ ਵੀ ਨਹੀਂ ਕਰ ਸਕੇ ਅਤੇ ਅੱਜ ਕਰੋੜਾਂ ਰੁਪਏ ਖਰਚਣ ਦੇ ਬਾਅਦ ਵੀ ਨਗਰ ਨਿਗਮ ਕੂੜਾ ਚੁੱਕਣ ਦੇ ਸਮਰੱਥ ਨਹੀਂ ਹੈ। ਇਕ ਥਾਂ ਤੋਂ ਜੇਕਰ ਕੂੜਾ ਚੁੱਕਿਆ ਜਾਂਦਾ ਹੈ ਤਾਂ ਦੂਜੀ ਥਾਂ ’ਤੇ ਕੂੜੇ ਦੇ ਢੇਰ ਲੱਗ ਜਾਂਦੇ ਹਨ।

ਇਹ ਵੀ ਪੜ੍ਹੋ: ਸੰਗਰੂਰ ਜ਼ਿਮਨੀ ਚੋਣ ’ਚ ਤੀਜੇ ਸਥਾਨ ’ਤੇ ਰਹੀ ਕਾਂਗਰਸ ਨੂੰ ਨਿਗਮ ਚੋਣਾਂ ’ਚ ਕਰਨੀ ਪਵੇਗੀ ਸਖ਼ਤ ਮੁਸ਼ੱਕਤ

ਸਵੱਛਤਾ ਰੈਂਕਿੰਗ ਦੀ ਨਹੀਂ ਕੋਈ ਫਿਕਰ
ਜਲੰਧਰ ਸ਼ਾਇਦ ਇਕਲੌਤਾ ਅਜਿਹਾ ਸ਼ਹਿਰ ਹੈ, ਜਿਸ ਦੇ ਅਧਿਕਾਰੀਆਂ ਨੂੰ ਸਵੱਛਤਾ ਰੈਂਕਿੰਗ ਦੀ ਕੋਈ ਫਿਕਰ ਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਸ਼ਹਿਰ ਸਵੱਛਤਾ ਸਰਵੇਖਣ ਵਿਚ ਲਗਾਤਾਰ ਪਿੱਛੜਦਾ ਚਲਾ ਜਾ ਰਿਹਾ ਹੈ ਪਰ ਕਿਸੇ ਅਧਿਕਾਰੀ ਨੇ ਇਸ ਦੇ ਕਾਰਨਾਂ ਵਿਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਨਿਗਮ ਦੇ ਅਧਿਕਾਰੀਆਂ ਦੀ ਤਾਂ ਗੱਲ ਛੱਡੋ, ਨਿਗਮ ’ਤੇ ਕਾਬਜ਼ ਸਿਆਸੀ ਲੋਕਾਂ ਨੇ ਵੀ ਕਦੇ ਕੂੜੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਇਸ ਦੀ ਮੈਨੇਜਮੈਂਟ ਲਈ ਸਿਆਸੀ ਪੱਧਰ ’ਤੇ ਕੋਈ ਉਪਰਾਲਾ ਨਹੀਂ ਕੀਤਾ ਗਿਆ। ਇਸ ਕਾਰਨ ਜਲੰਧਰ ਵਾਸੀਆਂ ਨੂੰ ਸਵੱਛਤਾ ਰੈਂਕਿੰਗ ਵਿਚ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ: ਨਹਾਉਂਦੇ ਸਮੇਂ 3 ਸਾਲ ਦਾ ਬੱਚਾ ਪਾਣੀ ਦੀ ਪਾਈਪ ਲਾਈਨ 'ਚ ਫਸਿਆ

ਵਰਿਆਣਾ ਡੰਪ ਨੂੰ ਲੈ ਕੇ ਕਿਸੇ ਡੈੱਡਲਾਈਨ ਦਾ ਪਾਲਣ ਨਹੀਂ ਹੋਇਆ
ਐੱਨ. ਜੀ. ਟੀ. ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਵਰਿਆਣਾ ਡੰਪ ਦੀ ਹਾਲਤ ਸੁਧਾਰਨ ਲਈ ਸਮੇਂ-ਸਮੇਂ ’ਤੇ ਕਈ ਹਦਾਇਤਾਂ ਜਾਰੀ ਕੀਤੀਆਂ ਅਤੇ ਆਪਣੇ ਪੱਧਰ ’ਤੇ ਸਖ਼ਤ ਹੁਕਮ ਵੀ ਜਾਰੀ ਕੀਤੇ ਪਰ ਇਸ ਦੇ ਬਾਵਜੂਦ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਵਰਿਆਣਾ ਡੰਪ ਦੀ ਹਾਲਤ ਸੁਧਾਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਨਾ ਇਸ ਦੀ ਚਾਰਦੀਵਾਰੀ ਕੀਤੀ ਗਈ ਅਤੇ ਨਾ ਇਸ ਡੰਪ ਤੋਂ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਕੀਤਾ ਗਿਆ। ਕੂੜੇ ’ਤੇ ਮਿੱਟੀ ਪਾ ਕੇ ਇਸ ਦੀ ਕੈਪਿੰਗ ਕਰਨ ਅਤੇ ਵਰਿਆਣਾ ਵਿਚ ਹਰਿਆਲੀ ਕਰਨ ਦੇ ਹੁਕਮਾਂ ਦੀ ਵੀ ਨਿਗਮ ਅਧਿਕਾਰੀਆਂ ਨੇ ਪ੍ਰਵਾਹ ਨਹੀਂ ਕੀਤੀ। ਅੱਜ ਹਾਲਾਤ ਇਹ ਹਨ ਕਿ ਥੋੜ੍ਹਾ ਜਿਹਾ ਮੀਂਹ ਪੈਣ ’ਤੇ ਵਰਿਆਣਾ ਡੰਪ ’ਤੇ ਕੂੜੇ ਨਾਲ ਭਰੀ ਗੱਡੀ ਦਾ ਆਉਣਾ-ਜਾਣਾ ਰੁਕ ਜਾਂਦਾ ਹੈ, ਜਿਸ ਕਾਰਨ ਸ਼ਹਿਰ ’ਚੋਂ ਕੂੜੇ ਦੀ ਲਿਫਟਿੰਗ ਪ੍ਰਭਾਵਿਤ ਹੁੰਦੀ ਹੈ।

ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ ਗ਼ਰੀਬਾਂ ਦੇ ਸੜੇ ਆਸ਼ੀਆਨੇ, 38 ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਹੋਈਆਂ ਸੁਆਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News