ਜਲੰਧਰ: ਸਿਟੀ ਰੇਲਵੇ ਸਟੇਸ਼ਨ ’ਤੇ 30 ਕਰੋੜ ਦੀ ਲਾਗਤ ਨਾਲ ਬਣੇਗਾ ਸੈਕਿੰਡ ਐਂਟਰੀ ਗੇਟ

09/16/2021 12:59:29 PM

ਜਲੰਧਰ (ਗੁਲਸ਼ਨ)–ਸਿਟੀ ਰੇਲਵੇ ਸਟੇਸ਼ਨ ਦੇ ਕਾਜ਼ੀ ਮੰਡੀ ਵਾਲੀ ਸਾਈਡ ’ਤੇ ਸੈਕਿੰਡ ਐਂਟਰੀ ਗੇਟ ਬਣਾਉਣ ਦਾ ਰਸਤਾ ਸਾਫ਼ ਹੁੰਦਾ ਵਿਖਾਈ ਦੇ ਰਿਹਾ ਹੈ। ਇਸ ਕੰਮ ਨੂੰ ਸਿਰੇ ਚੜ੍ਹਾਉਣ ਲਈ ਸਭ ਤੋਂ ਪਹਿਲਾਂ ਰੇਲਵੇ ਨੇ ਇੰਪਰੂਵਮੈਂਟ ਟਰੱਸਟ ਤੋਂ 3 ਹਜ਼ਾਰ ਸਕੇਅਰ ਯਾਰਡ ਜਗ੍ਹਾ ਦੀ ਡਿਮਾਂਡ ਕੀਤੀ ਸੀ ਪਰ ਗੱਲ ਪੈਸਿਆਂ ’ਤੇ ਆ ਕੇ ਰੁਕ ਗਈ ਕਿਉਂਕਿ ਨਾਰਦਰਨ ਰੇਲਵੇ ਦੇ ਤਤਕਾਲੀਨ ਜੀ. ਐੱਮ. ਟੀ. ਪੀ. ਸਿੰਘ ਨੇ ਉਕਤ ਜਗ੍ਹਾ ਦੇ ਬਦਲੇ ਪੈਸੇ ਦੇਣ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ, ਜਿਸ ਤੋਂ ਬਾਅਦ ਕੰਮ ਠੰਡੇ ਬਸਤੇ ਵਿਚ ਚਲਾ ਗਿਆ। ਲੰਮੇ ਸਮੇਂ ਤੋਂ ਬਾਅਦ ਹੁਣ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਯਤਨਾਂ ਨਾਲ ਇੰਪਰੂਵਮੈਂਟ ਟਰੱਸਟ ਨੇ ਰੇਲਵੇ ਨੂੰ 3 ਹਜ਼ਾਰ ਸਕੇਅਰ ਯਾਰਡ ਜਗ੍ਹਾ ਅਲਾਟ ਕਰ ਦਿੱਤੀ।

ਇਹ ਵੀ ਪੜ੍ਹੋ: ਸਿੱਧੂ ਦੀ ਸਭਾ 'ਚ ਵਿਧਾਇਕ ਜਗਦੇਵ ਕਮਾਲੂ ਨੂੰ ਨਹੀਂ ਮਿਲੀ ਬੈਠਣ ਦੀ ਜਗ੍ਹਾ, ਭਖਿਆ ਵਿਵਾਦ

ਜਗ੍ਹਾ ਅਲਾਟ ਹੁੰਦੇ ਹੀ ਹੁਣ ਇਸ ਕੰਮ ਵਿਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਹਾਲ ਹੀ ਵਿਚ ਸੰਸਦ ਮੈਂਬਰ, ਸਮਾਰਟ ਸਿਟੀ ਪ੍ਰਾਜੈਕਟ ਦੇ ਅਧਿਕਾਰੀਆਂ ਅਤੇ ਰੇਲਵੇ ਅਥਾਰਿਟੀ ਵਿਚਕਾਰ ਇਕ ਬੈਠਕ ਵੀ ਹੋਈ ਸੀ, ਜਿਸ ਵਿਚ ਇਸ ਪ੍ਰਾਜੈਕਟ ’ਤੇ ਚਰਚਾ ਕੀਤੀ ਗਈ। ਸਮਾਰਟ ਸਿਟੀ ਪ੍ਰਾਜੈਕਟ ਦੇ ਅਧਿਕਾਰੀਆਂ ਨੇ ਰੇਲਵੇ ਨੂੰ ਸੈਕਿੰਡ ਐਂਟਰੀ ਗੇਟ ਲਈ ਡਰਾਇੰਗ ਬਣਾਉਣ ਨੂੰ ਕਿਹਾ। ਰੇਲਵੇ ਸੂਤਰਾਂ ਮੁਤਾਬਕ ਇੰਜੀਨੀਅਰਿੰਗ ਮਹਿਕਮੇ ਵੱਲੋਂ ਇਸ ਦੀ ਡਰਾਇੰਗ ਬਣਾ ਕੇ ਅਪਰੂਵਲ ਲਈ ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਵੀ ਇਸ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਸਿਰੇ ਚੜ੍ਹਾਉਣ ਦੇ ਨਿਰਦੇਸ਼ ਦਿੱਤੇ ਹਨ। ਸੈਕਿੰਡ ਐਂਟਰੀ ਗੇਟ ਬਣਾਉਣ ਵਿਚ ਲਗਭਗ 30 ਕਰੋੜ ਰੁਪਏ ਦਾ ਖ਼ਰਚਾ ਆਉਣ ਦਾ ਅਨੁਮਾਨ ਹੈ।

ਸੈਕਿੰਡ ਐਂਟਰੀ ਗੇਟ ਬਣਨ ਦੌਰਾਨ ਇਕ ਐੱਫ. ਓ. ਬੀ. ਅਤੇ 6 ਐਸਕੇਲੇਟਰ ਵੀ ਲੱਗਣਗੇ
ਜਾਣਕਾਰੀ ਅਨੁਸਾਰ ਕਾਜ਼ੀ ਮੰਡੀ ਵੱਲ ਸੈਕਿੰਡ ਐਂਟਰੀ ਗੇਟ ਬਣਨ ਦੇ ਨਾਲ ਰਿਜ਼ਰਵੇਸ਼ਨ ਕੇਂਦਰ, ਬੁਕਿੰਗ ਆਫਿਸ ਅਤੇ ਪਾਰਕਿੰਗ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਦੇ ਇਲਾਵਾ ਇਕ ਨਵਾਂ ਐੱਫ. ਓ. ਬੀ. (ਫੁੱਟਓਵਰ ਬ੍ਰਿਜ) ਜੋ ਕਿ ਕਾਜ਼ੀ ਮੰਡੀ ਵਾਲੀ ਸਾਈਡ ਤੋਂ ਸ਼ੁਰੂ ਹੋ ਕੇ ਪਲੇਟਫਾਰਮ ਨੰਬਰ 2 ਅਤੇ 1 ’ਤੇ ਵੇਰਕਾ ਸਟਾਲ ਦੇ ਨੇੜੇ ਉਤਰੇਗਾ। ਇਸ ਦੇ ਨਾਲ ਹੀ 6 ਐਸਕੇਲੇਟਰ (ਸਵੈ-ਚਾਲਿਤ ਪੌੜੀਆਂ) ਵੀ ਲੱਗਣਗੀਆਂ।

ਇਹ ਵੀ ਪੜ੍ਹੋ: ਕਿਸਾਨ ਸੰਕਟ ’ਤੇ ਹਰਸਿਮਰਤ ਬਾਦਲ ਸਮੇਤ ਕਿਸੇ ਵੀ ਅਕਾਲੀ ਨੇਤਾ ਨੂੰ ਬੋਲਣ ਦਾ ਅਧਿਕਾਰ ਨਹੀਂ : ਕੈਪਟਨ

ਆਸ-ਪਾਸ ਦੀਆਂ ਕਈ ਕਾਲੋਨੀਆਂ ਦੇ ਲੋਕਾਂ ਨੂੰ ਮਿਲੇਗਾ ਲਾਭ
ਸੈਕਿੰਡ ਗੇਟ ਬਣਨ ਨਾਲ ਦੋਮੋਰੀਆ ਪੁਲ ਦੇ ਨੇੜੇ ਸਥਿਤ ਕਾਜ਼ੀ ਮੰਡੀ ਤੋਂ ਅੰਮ੍ਰਿਤਸਰ ਬਾਈਪਾਸ ਵੱਲ ਜਾਂਦੀ ਸੜਕ ’ਤੇ ਪੈਂਦੇ ਸੂਰਿਆ ਐਨਕਲੇਵ, ਰਾਇਲ ਐਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ, ਏਕਤਾ ਨਗਰ ਆਦਿ ਇਲਾਕੇ ਦੇ ਲੋਕਾਂ ਨੂੰ ਕਾਫੀ ਲਾਭ ਮਿਲੇਗਾ। ਸੂਰਿਆ ਐਨਕਲੇਵ ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੀਆਂ ਸੋਸਾਇਟੀਆਂ ਵੀ ਇਸ ਪ੍ਰਾਜੈਕਟ ਨੂੰ ਬਣਾਉਣ ਲਈ ਲਗਾਤਾਰ ਯਤਨ ਕਰ ਰਹੀਆਂ ਸਨ, ਹਾਲਾਂਕਿ ਰੇਲਵੇ ਦਾ ਇਸ ਵਿਚ ਜ਼ਿਆਦਾ ਇੰਟਰਸਟ ਨਹੀਂ ਸੀ ਪਰ ਪੋਲੀਟੀਕਲ ਇੰਟਰਸਟ ਕਾਰਨ ਇਸਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ।

ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ ਦੋਸ਼ੀ ਸਿਰਸਾ ਸਾਧ ਨਾਲ ਸਬੰਧਤ: ਬੀਬੀ ਜਗੀਰ ਕੌਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News