ਸੁਖਨਾ ਝੀਲ ’ਤੇ ਮੁੜ ਬਣੇਗਾ ਰੋਇੰਗ ਟਾਵਰ, ਮਿਲੀ ਮਨਜ਼ੂਰੀ
Monday, Apr 28, 2025 - 11:01 PM (IST)

ਚੰਡੀਗੜ੍ਹ (ਲਲਨ) : ਸੁਖਨਾ ਝੀਲ ਵਿਖੇ ਰੋਇੰਗ ਟਾਵਰ ਬਣਾਉਣ ਨੂੰ ਹਰੀ ਝੰਡੀ ਮਿਲ ਗਈ ਹੈ। ਵਿਭਾਗ ਜਲਦੀ ਹੀ ਇਸਦਾ ਕੰਮ ਸ਼ੁਰੂ ਕਰੇਗਾ। ਜਾਣਕਾਰੀ ਮੁਤਾਬਿਕ ਰੋਇੰਗ ਟਾਵਰ ਦੇ ਪੁਨਰ ਨਿਰਮਾਣ ਦੇ ਕੰਮ ਨੂੰ ਲੈ ਕੇ ਰੋਇੰਗ ਐਸੋਸੀਏਸ਼ਨ ਨੇ ਸ਼ਹਿਰ ਦੇ ਪ੍ਰਸ਼ਾਸਕ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਦੀ ਸਟਡੀ ਦੀ ਜ਼ਿੰਮੇਵਾਰੀ ਪ੍ਰਸ਼ਾਸਕ ਨੇ ਵਾਈਲਡ ਲਾਈਫ (ਡਬਲਿਊ.ਐੱਲ.) ਇੰਸਟੀਟਿਊਟ ਦੇਹਰਾਦੂਨ ਨੂੰ ਦਿੱਤੀ। ਜਿਸ ਤੋਂ ਬਾਅਦ ਖੇਡ ਵਿਭਾਗ ਦੇ ਨਾਲ 14 ਅਪ੍ਰੈਲ ਨੂੰ ਹੋਈ ਮੀਟਿੰਗ ਵਿਚ ਡਬਲਿਊ.ਐੱਲ. ਦੀ 5 ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਸੁਖਨਾ ਝੀਲ ’ਤੇ ਰੋਇੰਗ ਟਾਵਰ ਬਣ ਸਕਦਾ ਹੈ ਅਤੇ ਇਸ ਨਾਲ ਜੰਗਲੀ ਜਾਨਵਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
ਹਾਲਾਂਕਿ ਰੋਇੰਗ ਕੋਰਸ ਵਿਚ ਬਣੇ ਬੰਨ੍ਹ ਸਬੰਧੀ ਰਿਪੋਰਟ 1 ਮਹੀਨੇ ਦੇ ਅੰਦਰ ਮੁੜ ਖੇਡ ਵਿਭਾਗ ਨੂੰ ਸੌਂਪੀ ਜਾਵੇਗੀ, ਜਿਸ ਤੋਂ ਬਾਅਦ ਰੋਇੰਗ ਕੋਰਸ ਦੇ ਵਿਚਕਾਰ ਬਣੇ ਬੰਨ੍ਹ ਨੂੰ ਹਟਾਉਣ ਦਾ ਫੈਸਲਾ ਲਿਆ ਜਾਵੇਗਾ। ਅਜਿਹੇ ’ਚ ਇਹ ਸਪੱਸ਼ਟ ਹੋ ਗਿਆ ਹੈ ਕਿ 16 ਸਾਲਾਂ ਬਾਅਦ ਸੁਖਨਾ ਝੀਲ ’ਤੇ ਦੁਬਾਰਾ ਰੋਇੰਗ ਟਾਵਰ ਬਣੇਗਾ ਅਤੇ ਸ਼ਹਿਰ ’ਚ ਦੁਬਾਰਾ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਖੇਡੇ ਜਾਣਗੇ। ਮੀਟਿੰਗ ਵਿਚ 2 ਕਿਲੋਮੀਟਰ ਦੇ ਰੋਇੰਗ ਕੋਰਸ ਦੇ ਵਿਚਕਾਰ ਬਣੇ ਬੰਨ੍ਹ ਦਾ ਮਾਮਲਾ ਉਠਾਇਆ ਗਿਆ ਤਾਂ ਇੰਸਟੀਟਿਊਟ ਦੀ 5 ਮੈਂਬਰੀ ਟੀਮ ਨੇ ਕਿਹਾ ਕਿ ਇਸਦੇ ਲਈ ਸਮਾਂ ਚਾਹੀਦਾ, ਕਿਉਂਕਿ ਬੰਨ੍ਹ ਨੂੰ ਹਟਾਉਣ ਸਮੇਂ ਜਲ ਜੀਵ ਜੰਤੂਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ, ਇਸ ਨੂੰ ਲੈ ਕੇ ਸਟਡੀ ਕਰਨ ਦੇ ਬਾਅਦ ਹੀ ਫੈਸਲਾ ਲਿਆ ਜਾਏਗਾ ਕਿ ਰੋਇੰਗ ਕੋਰਸ ’ਚ ਬਣੇ ਬੰਨ੍ਹ ਨੂੰ ਕਿਵੇਂ ਹਟਾਇਆ ਜਾਏਗਾ, ਤਾਂ ਜੋ ਰੋਇੰਗ ਖਿਡਾਰੀਆਂ ਨੂੰ ਪ੍ਰੈਕਟਿਸ ਤੇ ਚੈਂਪੀਅਨਸ਼ਿਪ ਦੌਰਾਨ ਪੂਰਾ 2 ਕਿਲੋਮੀਟਰ ਦਾ ਰੋਇੰਗ ਕੋਰਸ ਮਿਲ ਸਕੇ।
ਸ਼ਾਰਟ ਸਰਕਟ ਕਾਰਨ ਸੜ ਗਿਆ ਸੀ ਰੋਇੰਗ ਕੋਰਸ
ਪ੍ਰਸ਼ਾਸਨ ਨੇ ਰੋਇੰਗ ਖੇਡ ਨੂੰ ਉਤਸ਼ਾਹਿਤ ਕਰਨ ਲਈ 1989 ਵਿਚ ਰੋਇੰਗ ਟਾਵਰ ਬਣਾਇਆ ਸੀ। ਜਿਸ ਤੋਂ ਬਾਅਦ ਸ਼ਹਿਰ ਨੂੰ ਕਈ ਜੂਨੀਅਰ ਪੱਧਰ ਦੇ ਅੰਤਰਰਾਸ਼ਟਰੀ ਪੱਧਰ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਸੀ, ਪਰ 7 ਅਕਤੂਬਰ 2009 ਨੂੰ ਸ਼ਾਰਟ ਸਰਕਟ ਕਾਰਨ ਇਸ ’ਚ ਅੱਗ ਲੱਗ ਗਈ ਸੀ। ਇਸ ਤੋਂ ਬਾਅਦ ਸੁਖਨਾ ਝੀਲ ’ਤੇ ਨੈਸ਼ਨਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਤਾਂ ਮਿਲੀ, ਪਰ ਰੋਇੰਗ ਟਾਵਰ ਨਾ ਹੋਣ ਕਾਰਨ ਅੰਤਰਰਾਸ਼ਟਰੀ ਪੱਧਰ ਦੀ ਮੇਜ਼ਬਾਨੀ ਮਿਲਣੀ ਬੰਦ ਹੋ ਗਈ। ਅਜਿਹੇ ’ਚ ਸ਼ਹਿਰ ਨੂੰ ਜਿੱਥੇ ਅੰਤਰਰਾਸ਼ਟਰੀ ਮੇਜ਼ਬਾਨੀ ਤੋਂ ਵਾਂਝੇ ਰਹਿਣਾ ਪਿਆ, ਉੱਥੇ ਹੀ ਵਿਦੇਸ਼ੀ ਸੈਲਾਨੀਆਂ ਦਾ ਆਉਣਾ ਵੀ ਕਾਫ਼ੀ ਘੱਟ ਹੋ ਗਿਆ।
ਗਾਦ ਕੱਢਣ ਲਈ 2016 ’ਚ ਬਣਾਇਆ ਗਿਆ ਸੀ ਬੰਨ੍ਹ
ਸਾਲ 2015-16 ਦੌਰਾਨ ਜ਼ਿਆਦਾ ਗਾਦ ਆ ਜਾਣ ਕਾਰਨ ਇਸ ਨੂੰ ਸਾਫ਼ ਕਰਨ ਲਈ ਸੁਖਨਾ ਝੀਲ ਦੇ ਵਿਚਕਾਰ ਇੱਕ ਬੰਨ੍ਹ ਬਣਾਇਆ ਗਿਆ ਸੀ, ਤਾਂ ਜੋ ਗਾਦ ਨੂੰ ਕੱਢ ਕੇ ਸੁਖਨਾ ਝੀਲ ਨੂੰ ਸਾਫ਼ ਕੀਤਾ ਜਾਏ, ਪਰ ਪ੍ਰਸ਼ਾਸਨ ਨੇ ਇਹ ਬੰਨ੍ਹ ਰੋਇੰਗ ਕੋਰਸ ਦੇ ਬਿਲਕੁਲ ਵਿਚਕਾਰ ਬਣਾ ਦਿੱਤਾ। ਜਿਸ ਕਾਰਨ ਰੋਇੰਗ ਕੋਰਸ ਸਿਰਫ਼ 1 ਕਿਲੋਮੀਟਰ ਦਾ ਹੀ ਰਹਿ ਗਿਆ। ਕਿਸੇ ਵੀ ਅੰਤਰਰਾਸ਼ਟਰੀ ਪੱਧਰ ਦੀ ਮੇਜ਼ਬਾਨੀ ਲਈ 2 ਕਿਲੋਮੀਟਰ ਦਾ ਰੋਇੰਗ ਕੋਰਸ ਹੋਣਾ ਜ਼ਰੂਰੀ ਹੁੰਦਾ ਹੈ। ਅਜਿਹੇ ’ਚ ਖੇਡ ਵਿਭਾਗ ਹੁਣ ਅੰਤਰਰਾਸ਼ਟਰੀ ਪੱਧਰ ਦਾ ਰੋਇੰਗ ਕੋਰਸ ਬਣਾਉਣ ਲਈ ਇਸ ਬੰਨ੍ਹ ਨੂੰ ਤੋੜਣਾ ਚਾਹੁੰਦਾ ਹੈ, ਜੋ ਰਿਪੋਰਟ ਦੇ ਬਾਅਦ ਹੀ ਸੰਭਵ ਹੋਵੇਗਾ।