ਯੂ. ਪੀ. ਦੇ ਈਸਟਨ ਪੇਰੀਫੇਰਲ ਐਕਸਪ੍ਰੈੱਸ ਵੇਅ ਤੋਂ ਦਿੱਲੀ ਲਈ ਸ਼ੁਰੂ ਹੋਈ ਬੱਸ ਸਰਵਿਸ

01/23/2021 2:38:53 PM

ਜਲੰਧਰ (ਪੁਨੀਤ)–60 ਦਿਨਾਂ ਤੋਂ ਦਿੱਲੀ ਦੇ ਬਾਰਡਰ ’ਤੇ ਡਟੇ ਕਿਸਾਨਾਂ ਦੇ ਸੰਘਰਸ਼ ਕਾਰਨ ਪੰਜਾਬ ਰੋਡਵੇਜ਼ ਵੱਲੋਂ ਦਿੱਲੀ ਲਈ ਬੰਦ ਕੀਤੇ ਗਏ ਬੱਸਾਂ ਦੇ ਰੂਟ ਨੂੰ ਆਫ ਦਿ ਰਿਕਾਰਡ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਪੰਜਾਬ ਤੋਂ ਦਿੱਲੀ ਲਈ ਸਿੱਧੀਆਂ ਬੱਸਾਂ ਮਿਲਣ ਲੱਗੀਆਂ ਹਨ।

ਦਿੱਲੀ ਰੂਟ ਦੀਆਂ ਬੱਸਾਂ ਬਹਾਲਗੜ੍ਹ ਬਾਰਡਰ ਤੋਂ ਪਰਤ ਆਉਂਦੀਆਂ ਸਨ ਅਤੇ ਯਾਤਰੀਆਂ ਨੂੰ ਹੋਰ ਸਾਧਨਾਂ ਜ਼ਰੀਏ ਦਿੱਲੀ ਜਾਣਾ ਪੈਂਦਾ ਸੀ ਪਰ ਹੁਣ ਦਿੱਲੀ ਜਾਣ ਵਾਲਿਆਂ ਨੂੰ ਬਹਾਲਗੜ੍ਹ ਤੋਂ ਬੱਸਾਂ ਬਦਲਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਯੂ. ਪੀ. ਦੇ ਰਸਤੇ ਦਿੱਲੀ ਲਈ ਰਵਾਨਾ ਹੋ ਰਹੀਆਂ ਹਨ। ਇਸ ਲੜੀ ਵਿਚ ਬੱਸਾਂ ਹਰਿਆਣਾ ਦੇ ਬਹਾਲਗੜ੍ਹ ਵਿਚੋਂ ਲੰਘ ਕੇ ਉੱਤਰ ਪ੍ਰਦੇਸ਼ ਦੇ ਈਸਟਰਨ ਪੇਰੀਫੇਰਲ ਐਕਸਪ੍ਰੈਸ ਵੇਅ (ਈ. ਪੀ. ਈ.) ਤੋਂ ਹੁੰਦੇ ਹੋਏ ਬਾਗਪਤ ਅਤੇ ਲੋਨੀ ਤੋਂ ਦਿੱਲੀ ਵਿਚ ਦਾਖਲ ਹੋਣਗੀਆਂ ਅਤੇ ਇਸੇ ਰਸਤੇ ਵਾਪਸ ਪਰਤਣਗੀਆਂ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਕੁਝ ਵੀ ਖੁੱਲ੍ਹ ਕੇ ਨਹੀਂ ਕਹਿ ਸਕਦੇ ਕਿਉਂਕਿ ਬੱਸਾਂ ਨੂੰ ਆਫ ਦਿ ਰਿਕਾਰਡ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਯੂ. ਪੀ. ਦਾ ਪਰਮਿਟ ਤਾਂ ਹੈ ਪਰ ਐਕਸਪ੍ਰੈੱਸ ਵੇਅ ਰਸਤੇ ਜਾਣ ਦਾ ਪਰਮਿਟ ਨਹੀਂ ਹੈ। ਜਿਹੜੀਆਂ ਬੱਸਾਂ ਜਾ ਰਹੀਆਂ ਹਨ, ਉਨ੍ਹਾਂ ਕੋਲ ਹਰਿਆਣਾ, ਪਾਨੀਪਤ ਅਤੇ ਸੋਨੀਪਤ ਰਸਤੇ ਦਿੱਲੀ ਵਿਚ ਦਾਖਲ ਹੋਣ ਦਾ ਪਰਮਿਟ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸਹੂਲਤ ਲਈ ਜਦੋਂ ਐਮਰਜੈਂਸੀ ਵਿਚ ਰੂਟ ਡਾਈਵਰਟ ਹੁੰਦੇ ਹਨ ਤਾਂ ਪਰਮਿਟ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਦਾ ਕਹਿਣਾ ਹੈ ਕਿ ਯੂ. ਪੀ. ਸਰਕਾਰ ਵੱਲੋਂ ਦਿੱਲੀ ਜਾਣ ਵਾਲੀਆਂ ਬੱਸਾਂ ਨੂੰ ਲੈ ਕੇ ਕੋਈ ਵੀ ਅੜਿੱਕਾ ਨਹੀਂ ਪਾਇਆ ਜਾਵੇਗਾ ਕਿਉਂਕਿ ਇਨ੍ਹਾਂ ਬੱਸਾਂ ਨੂੰ ਕਿਸੇ ਕਾਰਣ ਕਰ ਕੇ ਰੂਟ ਬਦਲਣਾ ਪੈ ਰਿਹਾ ਹੈ। ਇਸ ਲਈ ਇਹ ਬੱਸਾਂ ਆਸਾਨੀ ਨਾਲ ਆ-ਜਾ ਸਕਣਗੀਆਂ।
ਇਸ ਲੜੀ ਵਿਚ ਜਲੰਧਰ ਤੋਂ ਜਿਹੜੀਆਂ ਬੱਸਾਂ ਸਿੱਧੀਆਂ ਦਿੱਲੀ ਲਈ ਭੇਜੀਆਂ ਗਈਆਂ, ਉਨ੍ਹਾਂ ਨੂੰ ਬਹੁਤ ਵਧੀਆ ਹੁੰਗਾਰਾ ਦੇਖਣ ਨੂੰ ਮਿਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਜਲੰਧਰ ਵਾਪਸ ਆਉਣ ਵਾਲੀਆਂ ਬੱਸਾਂ ਵੀ ਉਮੀਦ ਤੋਂ ਵੱਧ ਯਾਤਰੀਆਂ ਨੂੰ ਲੈ ਕੇ ਆਈਆਂ। ਦਿੱਲੀ ਦੀਆਂ ਸੜਕਾਂ ’ਤੇ ਕਿਸਾਨਾਂ ਦਾ ਸੰਘਰਸ਼ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ, ਜਿਸ ਕਾਰਨ ਬਹਾਲਗੜ੍ਹ ਤੱਕ ਜਾਣ ਵਾਲੀਆਂ ਬੱਸਾਂ ਵੀ ਆਰਾਮ ਨਾਲ ਜਾ ਰਹੀਆਂ ਹਨ। ਜਿਹੜੇ ਯਾਤਰੀਆਂ ਨੇ ਅੰਬਾਲਾ, ਪਾਨੀਪਤ ਆਦਿ ਲਈ ਜਾਣਾ ਹੁੰਦਾ ਹੈ, ਉਹ ਵੀ ਦਿੱਲੀ ਦੀਆਂ ਬੱਸਾਂ ਵਿਚ ਆਸਾਨੀ ਨਾਲ ਸਫਰ ਕਰ ਸਕਦੇ ਹਨ।

ਧੁੰਦ ਕਾਰਨ ਘੱਟ ਪ੍ਰਭਾਵਿਤ ਹੋਈ ਬੱਸ ਸਰਵਿਸ
ਜਲੰਧਰ ਸਮੇਤ ਪੰਜਾਬ ਦੇ ਦੂਜੇ ਸ਼ਹਿਰਾਂ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਸਵੇਰ ਸਮੇਂ ਯਾਤਰੀਆਂ ਦੀ ਗਿਣਤੀ ਘੱਟ ਰਹੀ, ਜਦੋਂ ਕਿ ਦੁਪਹਿਰ ਨੂੰ ਇਹ ਅੰਕੜਾ ਥੋੜ੍ਹਾ ਵਧ ਗਿਆ। ਸ਼ੁੱਕਰਵਾਰ ਯਾਤਰੀਆਂ ਦੀ ਗਿਣਤੀ ਪਿਛਲੇ ਦਿਨਾਂ ਦੇ ਮੁਕਾਬਲੇ ਘੱਟ ਹੀ ਰਹੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧੁੰਦ ਕਾਰਨ ਬੱਸ ਸਰਵਿਸ ਘੱਟ ਪ੍ਰਭਾਵਿਤ ਹੋਈ ਹੈ ਅਤੇ ਕੱਲ ਦੇ ਮੁਕਾਬਲੇ ਕੁਝ ਰਾਹਤ ਹੈ।


shivani attri

Content Editor

Related News