ਇੰਪਰੂਵਮੈਂਟ ਟਰੱਸਟ ਦੇ ਗੁੰਮ ਹੋਏ ਰਿਕਾਰਡ ਸਬੰਧੀ ਲੋਕਲ ਬਾਡੀਜ਼ ਵਿਭਾਗ ਨੇ ਦਿੱਤੇ ਇਹ ਨਿਰਦੇਸ਼

04/25/2022 4:05:04 PM

ਜਲੰਧਰ (ਚੋਪੜਾ)-ਇੰਪਰੂਵਮੈਂਟ ਟਰੱਸਟ ਦੀਆਂ ਸਰਕਾਰੀ ਫਾਈਲਾਂ ਅਤੇ ਮਹੱਤਵਪੂਰਨ ਰਿਕਾਰਡ ਨੂੰ ਗ਼ਾਇਬ ਕਰ ਕੇ ਸਾਲਾਂ ਤੋਂ ਟਰੱਸਟ ’ਚ ਕੁੰਡਲੀ ਜਮਾਈ ਬੈਠੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ’ਚ ਜਲਦ ਵਾਧਾ ਹੋਣ ਜਾ ਰਿਹਾ ਹੈ ਕਿਉਂਕਿ ਡਾਇਰੈਕਟਰ ਲੋਕਲ ਬਾਡੀਜ਼ ਨੇ ਈ. ਓ. ਪਰਮਿੰਦਰ ਸਿੰਘ ਗਿੱਲ ਨੂੰ ਹਦਾਇਤ ਦਿੱਤੀ ਹੈ ਕਿ ਟਰੱਸਟ ’ਚੋਂ ਗੁੰਮ ਹੋਏ ਰਿਕਾਰਡ ਸਬੰਧੀ ਨਿਯਮਾਂ ਤਹਿਤ ਕਾਰਵਾਈ ਕਰਦਿਆਂ ਐੱਫ. ਆਈ. ਆਰ. ਦਰਜ ਕਰਵਾਈ ਜਾਵੇ। ਇਸ ਤੋਂ ਇਲਾਵਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਦੂਜੇ ਪਾਸੇ ਈ. ਓ. ਪਰਮਿੰਦਰ ਗਿੱਲ ਨੇ ਸਾਰਾ ਮਾਮਲਾ ਡਿਪਟੀ ਕਮਿਸ਼ਨਰ-ਕਮ-ਟਰੱਸਟ ਦੇ ਚੇਅਰਮੈਨ ਘਨਸ਼ਾਮ ਥੋਰੀ ਦੇ ਧਿਆਨ ’ਚ ਲਿਆਉਂਦਿਆਂ ਪੁਲਸ ਕੇਸ ਦਰਜ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਲਈ ਟਰੱਸਟ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੂਚੀ ਤਿਆਰ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਟਰੱਸਟ ਨਾਲ ਸਬੰਧਤ ਸਕੀਮਾਂ ’ਚੋਂ ਕਿਹੜੀ-ਕਿਹੜੀ ਕਮਰਸ਼ੀਅਲ, ਰਿਹਾਇਸ਼ੀ ਅਤੇ ਐੱਲ. ਡੀ. ਪੀ. ਕੋਟੇ ਦੇ ਅਲਾਟ ਕੀਤੇ ਪਲਾਟਾਂ ਤੋਂ ਇਲਾਵਾ ਐੱਸ. ਸੀ. ਓ. ਰਿਕਾਰਡ ਦੀਆਂ ਕਿੰਨੀਆਂ ਫਾਈਲਾਂ ਗ਼ਾਇਬ ਜਾਂ ਗੁੰਮ ਹਨ।

ਮੰਨਿਆ ਜਾ ਰਿਹਾ ਹੈ ਕਿ ਅਜਿਹੀਆਂ ਗੁੰਮ ਹੋਈਆਂ ਫਾਈਲਾਂ ਦੀ ਗਿਣਤੀ 500 ਤੋਂ ਵੱਧ ਹੋ ਚੁੱਕੀ ਹੈ। ਹਾਲਾਂਕਿ ਟਰੱਸਟ ਦੇ ਕੁਝ ਭ੍ਰਿਸ਼ਟ ਅਤੇ ਨਾਮੀ ਕਲਰਕਾਂ ਦੇ ਖਾਤੇ ’ਚ ਪਾਸ਼ ਸਕੀਮਾਂ ਨਾਲ ਸਬੰਧਤ ਕਈ ਫਾਈਲਾਂ ਰਿਕਾਰਡ ’ਚ ਚੜ੍ਹੀਆਂ ਹੋਈਆਂ ਹਨ ਪਰ ਉੱਚ ਅਧਿਕਾਰੀਆਂ ਦੇ ਵਾਰ-ਵਾਰ ਮੰਗਣ ਦੇ ਬਾਵਜੂਦ ਉਹ ਇਨ੍ਹਾਂ ਨੂੰ ਟਰੱਸਟ ’ਚ ਜਮ੍ਹਾ ਕਰਵਾਉਣ ਤੋਂ ਆਨਾਕਾਨੀ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਬੇਸ਼ਕੀਮਤੀ ਪਲਾਟਾਂ ਅਤੇ ਐੱਸ. ਸੀ. ਓ. ਦੀ ਅਲਾਟਮੈਂਟ ਦੀਆਂ ਫਾਈਲਾਂ, ਜਿਨ੍ਹਾਂ ’ਚ ਨਿਯਮਾਂ ਦੇ ਉਲਟ ਜਾ ਕੇ ਐੱਨ. ਡੀ. ਸੀ., ਐੱਨ. ਓ. ਸੀ. ਅਤੇ ਟਰਾਂਸਫਰ ਲੈਟਰ ਜਾਰੀ ਕਰ ਕੇ ਲੱਖਾਂ ਰੁਪਏ ਦਾ ਹੇਰ-ਫੇਰ ਕੀਤਾ ਗਿਆ ਹੈ, ਦਾ ਰਿਕਾਰਡ ਟਰੱਸਟ ’ਚੋਂ ਗਾਇਬ ਕਰਵਾ ਦਿੱਤਾ ਗਿਆ ਹੈ। ਪਿਛਲੇ ਦਿਨੀਂ ਲੋਕਲ ਬਾਡੀਜ਼ ਦੇ ਚੀਫ ਵਿਜੀਲੈਂਸ ਅਧਿਕਾਰੀ ਵੱਲੋਂ ਟਰੱਸਟ ਦਫ਼ਤਰ ਦੇ ਕੀਤੇ ਅਚਾਨਕ ਮੁਆਇਨੇ ਦੌਰਾਨ ਵੀ ਵਿਭਾਗ ਨੂੰ ਮਿਲੀਆਂ ਸ਼ਿਕਾਇਤਾਂ ਨਾਲ ਸਬੰਧਤ ਕਈ ਫਾਈਲਾਂ ਅਜੇ ਵੀ ਨਹੀਂ ਮਿਲ ਪਾ ਰਹੀਆਂ ਪਰ ਹੁਣ ਕੇਸ ਦਰਜ ਕਰਵਾਉਣ ਦੀਆਂ ਹਦਾਇਤਾਂ ਤੋਂ ਬਾਅਦ ਅਜਿਹੇ ਮੁਲਾਜ਼ਮਾਂ ਵਿਚ ਹੜਕੰਪ ਮਚ ਗਿਆ ਹੈ। ਜ਼ਿਕਰਯੋਗ ਹੈ ਕਿ ਈ. ਓ. ਨੇ ਟਰੱਸਟ ਦੀਆਂ ਸਕੀਮਾਂ ਦੀਆਂ ਗੁੰਮ ਹੋਈਆਂ ਫਾਈਲਾਂ ਅਤੇ ਰਿਕਾਰਡ ਸਬੰਧੀ 11 ਅਪ੍ਰੈਲ 2022 ਨੂੰ ਡਾਇਰੈਕਟਰ ਲੋਕਲ ਬਾਡੀਜ਼ ਪੰਜਾਬ ਨੂੰ ਇਕ ਚਿੱਠੀ ਲਿਖ ਕੇ ਅਗਲੀ ਕਾਰਵਾਈ ਲਈ ਦਿਸ਼ਾ-ਨਿਰਦੇਸ਼ ਮੰਗੇ ਗਏ ਸਨ।


Manoj

Content Editor

Related News