ਸੁਰਜੀਤ ਹਾਕੀ ਟੂਰਨਾਮੈਂਟ, ਪੰਜਾਬ ਐਂਡ ਸਿੰਧ ਬੈਂਕ 12ਵੀਂ ਵਾਰ ਚੈਂਪੀਅਨ

10/20/2019 4:52:47 PM

ਜਲੰਧਰ (ਜ. ਬ.)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 36ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਦਾ ਖਿਤਾਬ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਦੀ ਟੀਮ ਨੇ ਮੁੱਖ ਸਪਾਂਸਰ ਇੰਡੀਅਨ ਆਇਲ ਮੁੰਬਈ ਦੀ ਟੀਮ ਨੂੰ ਪੈਨਲਟੀ ਸ਼ੂਟਆਊਟ 'ਚ 6-3 ਨਾਲ ਹਰਾ ਕੇ ਜਿੱਤਿਆ। ਇਸ ਦੇ ਨਾਲ ਹੀ ਉਹ 12ਵੀਂ ਵਾਰ ਇਸ ਟੂਰਨਾਮੈਂਟ ਦੀ ਚੈਂਪੀਅਨ ਬਣ ਗਈ ਹੈ। ਫਾਈਨਲ 'ਚ ਇੰਡੀਅਨ ਆਇਲ ਟੀਮ ਨੇ ਪਹਿਲੇ ਕੁਆਰਟਰ 'ਚ ਹੀ 2-0 ਦੀ ਬੜ੍ਹਤ ਹਾਸਲ ਕਰ ਲਈ ਸੀ। ਸਿੰਧ ਬੈਂਕ ਦੀ ਟੀਮ ਨੂੰ ਪਹਿਲੇ ਹਾਫ 'ਚ ਮਿਲੇ ਪੈਨਲਟੀ ਕਾਰਨਰ ਨੂੰ ਇੰਡੀਅਨ ਆਇਲ ਦੇ ਗੋਲਕੀਪਰ ਨੇ ਗੋਲ ਲਾਈਨ 'ਤੇ ਰੋਕ ਦਿੱਤਾ।

ਦੂਜੇ ਕੁਆਰਟਰ 'ਚ ਪੰਜਾਬ ਐਂਡ ਸਿੰਧ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਸਕੋਰ 1-2 ਕਰ ਦਿੱਤਾ। ਪੰਜਾਬ ਐਂਡ ਸਿੰਧ ਬੈਂਕ ਲਈ ਆਸ਼ੀਸ਼ ਪਾਲ ਨੇ ਸਿੰਗਲ ਕੋਸ਼ਿਸ਼ ਰਾਹੀਂ ਗੋਲ ਕਰਕੇ ਸਕੋਰ 2-2 ਕਰ ਦਿੱਤਾ, ਜਿਹੜਾ ਕਿ ਹਾਫ ਤਕ ਬਰਕਰਾਰ ਰਿਹਾ। ਤੀਜੇ ਕੁਆਰਟਰ 'ਚ ਬੈਂਕ ਟੀਮ ਨੂੰ ਸ਼ੁਰੂਆਤੀ ਮਿੰਟਾਂ 'ਚ ਪੈਨਲਟੀ ਕਾਰਨਰ ਮਿਲਿਆ ਪਰ ਸਹੀ ਨਤੀਜਾ ਨਹੀਂ ਮਿਲ ਸਕਿਆ। ਤੀਜੇ ਕੁਆਰਟਰ ਤੋਂ ਬਾਅਦ ਵੀ ਦੋਵੇਂ ਟੀਮਾਂ 2-2 ਦੀ ਬਰਾਬਰੀ 'ਤੇ ਰਹੀਆਂ। ਚੌਥੇ ਅਤੇ ਆਖਰੀ ਕੁਆਰਟਰ 'ਚ ਟੀਮਾਂ ਦੀ ਥਕਾਵਟ ਸ਼ੁਰੂਆਤੀ ਮਿੰਟਾਂ 'ਚ ਸਾਫ ਦੇਖਣ ਨੂੰ ਮਿਲ ਰਹੀ ਸੀ। ਦੋਵਾਂ ਟੀਮਾਂ ਨੇ ਇਸ ਕੁਆਰਟਰ 'ਚ ਇਕ-ਦੂਜੇ ਦੇ ਗੋਲ ਪੋਸਟ ਤਕ ਦੌੜ ਤਾਂ ਲਾਈ ਪਰ ਸਫਲਤਾ ਨਸੀਬ ਨਹੀਂ ਹੋਈ। ਬੈਂਕ ਦੇ ਹਰਮਨਜੀਤ ਨੇ 58ਵੇਂ ਮਿੰਟ 'ਚ ਇੰਡੀਅਨ ਆਇਲ ਟੀਮ ਦੇ ਗੋਲ ਕਰਨ ਦੀ ਕੋਸ਼ਿਸ਼ ਨੂੰ ਅਸਫਲ ਕੀਤਾ। ਨਿਰਧਾਰਤ ਸਮੇਂ 'ਤੇ ਟੀਮਾਂ 2-2 ਦੀ ਬਰਾਬਰੀ 'ਤੇ ਰਹੀਆਂ। ਫਿਰ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਕੀਤਾ ਗਿਆ। ਬੈਂਕ ਦੇ ਗਗਨਪ੍ਰੀਤ ਸਿੰਘ ਨੂੰ ਟੂਰਨਾਮੈਂਟ ਦਾ ਬੈਸਟ ਖਿਡਾਰੀ ਐਲਾਨ ਕੀਤਾ ਗਿਆ।

... ਜਦੋਂ ਗੁਰਨਾਮ ਭੁੱਲਰ ਨੂੰ 'ਤੇਰੇ ਗੁੱਟ ਨੂੰ ਕੜਾ ਸਰਦਾਰਨੀਏ' ਕਰਨਾ ਪਿਆ ਰਿਪੀਟ
ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਗੁਰਨਾਮ ਸਿੰਘ ਭੁੱਲਰ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕੀਤਾ ਤੇ ਦਰਸ਼ਕਾਂ ਨੂੰ ਨੱਚਣ ਲਈ ਮਜੂਬਰ ਕਰ ਦਿੱਤਾ। ਇਸ ਦੌਰਾਨ ਦਰਸ਼ਕਾਂ ਦੀ ਫਰਮਾਇਸ਼ 'ਤੇ 'ਤੇਰੇ ਗੁੱਟ ਨੂੰ ਕੜਾ ਸਰਦਾਰਨੀਏ' ਨੂੰ ਦੋ ਵਾਰ ਰਿਪੀਟ ਕੀਤਾ ਗਿਆ। ਇਸ ਤੋਂ ਇਲਾਵਾ ਭੁੱਲਰ ਨੇ 'ਤੇਰੇ ਨਾਲ ਮੈਂ ਜਚਦੀ, ਜਿਵੇਂ ਗੁੱਡੀਆਂ ਨਾਲ ਪਟੋਲੇ', 'ਮੁੰਡਾ ਕੈਨੇਡਾ 'ਚ ਕਰਦਾ ਡਰੈਵਰੀ ਤੈਨੂੰ ਰਿਸ਼ਤਾ ਕਰਵਾ ਸਾਲੀਏ', 'ਲੋਕÎਾਂ ਦਾ ਤਾਂ ਨਾਂ ਚਲਦਾ ਪਰ ਮਿੱਤਰਾਂ ਦਾ ਚਲਦਾ ਉਧਾਰ ਬੱਲੀਏ' ਗਾ ਕੇ ਹਾਕੀ ਪ੍ਰੇਮੀਆਂ ਦਾ ਮਨੋਰੰਜਨ ਕੀਤਾ। ਸਮਾਪਤੀ ਮੌਕੇ ਪੰਜਾਬੀ ਮੁਟਿਆਰਾਂ ਨੇ ਪੰਜਾਬ ਦਾ ਮਸ਼ਹੂਰ ਲੋਕ ਨਾਚ ਗਿੱਧਾ ਪੇਸ਼ ਕੀਤਾ।

ਮੁੱਖ ਮਹਿਮਾਨ ਵਜੋਂ ਇਨ੍ਹਾਂ ਨੇ ਕੀਤੀ ਸ਼ਿਰਕਤ
ਇਸ ਮੌਕੇ 'ਤੇ ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਰਾਜਨ ਸਿੱਧੂ, ਡੀ. ਸੀ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ, ਐੈੱਸ. ਐੱਸ. ਪੀ. ਨਵਜੋਤ ਸਿੰਘ ਮਾਹਲ, ਅਮਲੋਕ ਸਿੰਘ ਗਾਖਲ ਪ੍ਰਵਾਸੀ ਭਾਰਤੀ, ਨੱਥਾ ਸਿੰਘ ਗਾਖਲ, ਹਰਜਿੰਦਰ ਲਿੱਧੜ, ਜਸਕਰਨ ਗਾਖਲ, ਸਾਧੂ ਸਿੰਘ, ਹਰਦੀਪ ਗਾਖਲ, ਲਸ਼ਕਰ ਸਿੰਘ ਢਿੱਲੋਂ, ਅਮਰੀਕ ਸਿੰਘ ਪੁਆਰ ਡੀ. ਸੀ. ਪੀ., ਇਕਬਾਲ ਸਿੰਘ ਸੰਧੂ ਏ. ਡੀ. ਸੀ., ਸੁਰਿੰਦਰ ਸਿੰਘ ਭਾਪਾ, ਰਾਮ ਪ੍ਰਤਾਪ, ਤਰਲੋਕ ਸਿੰਘ ਭੁੱਲਰ ਕੌਮਾਂਤਰੀ ਹਾਕੀ ਅੰਪਾਇਰ ਕੈਨੇਡਾ, ਲਖਵਿੰਦਰਪਾਲ ਸਿੰਘ ਖਹਿਰਾ, ਕੁਲਵਿੰਦਰ ਸਿੰਘ ਥਿਆੜਾ, ਜਸਵੀਰ ਸਿੰਘ ਏ. ਡੀ. ਸੀ., ਜਰਨੈਲ ਸਿੰਘ ਕੁਲਾਰ, ਜੈਇੰਦਰ ਸਿੰਘ ਐੱਸ. ਡੀ. ਐੱਮ. ਜਲੰਧਰ, ਗੁਰਵਿੰਦਰ ਗੁੱਲੂ, ਰਣਬੀਰ ਸਿੰਘ ਰਾਣਾ ਟੁੱਟ ਤੇ ਹੋਰ ਹਾਜ਼ਰ ਸਨ।

ਗਾਖਲ ਪਰਿਵਾਰ ਵਲੋਂ ਸਾਢੇ 5 ਲੱਖ ਰੁਪਏ ਦਾ ਇਨਾਮ
ਜੇਤੂ ਟੀਮ ਨੂੰ ਪਹਿਲਾ ਇਨਾਮ ਪ੍ਰਵਾਸੀ ਭਾਰਤੀ ਤੇ ਖੇਡ ਪ੍ਰਮੋਟਰ ਅਮੋਲਕ ਸਿੰਘ ਗਾਖਲ ਵੱਲੋਂ ਦਿੱਤਾ ਗਿਆ ਅਤੇ ਗਾਖਲ ਪਰਿਵਾਰ ਨੇ ਇਹ ਵੀ ਐਲਾਨ ਕੀਤਾ ਕਿ ਜਿਹੜਾ ਵੀ ਪੰਜਾਬ ਦਾ ਖਿਡਾਰੀ ਓਲੰਪਿਕ ਖੇਡਾਂ ਵਿਚ ਸੋਨ ਤਮਗਾ ਜਿੱਤੇਗਾ, ਉਸ ਨੂੰ ਵਿਸ਼ੇਸ਼ ਤੌਰ 'ਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਕਿਸ ਨੂੰ ਕੀ ਮਿਲਿਆ
5.50 ਲੱਖ ਰੁਪਏ ਪੰਜਾਬ ਐਂਡ ਸਿੱਧ ਬੈਂਕ ਦੀ ਜੇਤੂ ਟੀਮ ਨੂੰ ਮਿਲੇ
2.51 ਲੱਖ ਰੁਪਏ ਇੰਡੀਅਨ ਆਇਲ ਦੀ  ਟੀਮ ਨੂੰ ਮਿਲੇ
51 ਹਜ਼ਾਰ ਰੁਪਏ ਪੰਜਾਬ ਐਂਡ ਸਿੱਧ ਬੈਂਕ ਦੇ ਗਗਨਪ੍ਰੀਤ ਨੂੰ ਮਿਲੇ। ਗਗਨਪ੍ਰੀਤ ਨੂੰ ਟੂਰਨਾਮੈਂਟ ਬੈਸਟ ਖਿਡਾਰੀ ਵੀ ਐਲਾਨਿਆ ਗਿਆ ਹੈ।


shivani attri

Content Editor

Related News