ਫੋਕਲ ਪੁਆਇੰਟ ਤੇ ਬਸਤੀ ਗੁਜ਼ਾਂ ਦੀਆਂ ਇਕਾਈਆਂ ਨੇ ਸਰੰਡਰ ਕੀਤੇ 2.50 ਕਰੋੜ

10/06/2019 6:13:58 PM

ਜਲੰਧਰ (ਵਿਨੀਤ)— ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਇਨਕਮ ਟੈਕਸ ਕਮਿਸ਼ਨਰ-1 ਡਾ. ਸਿੰਮੀ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਬੀਤੇ ਦਿਨ ਫੋਕਲ ਪੁਆਇੰਟ ਅਤੇ ਬਸਤੀ ਗੁਜ਼ਾਂ ਇਲਾਕੇ 'ਚ ਪੈਂਦੀਆਂ ਉਦਯੋਗਿਕ ਇਕਾਈਆਂ 'ਚ ਚੱਲ ਰਹੇ ਸਰਵੇ 'ਚ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਦੋਵਾਂ ਫਰਮਾਂ ਵੱਲੋਂ ਕੁਲ 2.50 ਕਰੋੜ ਦੀ ਅਣ-ਐਲਾਨੀ ਆਮਦਨ ਵਿਭਾਗ ਨੂੰ ਸਰੰਡਰ ਕੀਤੀ ਗਈ। ਜ਼ਿਕਰਯੋਗ ਹੈ ਕਿ ਸਰਵੇ 'ਚ ਜੁਆਇੰਟ ਕਮਿਸ਼ਨਰ ਅਮਿਤ ਧੀਰ, ਸਹਾਇਕ ਕਮਿਸ਼ਨਰ ਸੀ. ਐੱਮ. ਮੀਣਾ, ਡਿਪਟੀ ਕਮਿਸ਼ਨਰ ਰਾਹੁਲ ਪਾਧਾ ਦੀ ਅਗਵਾਈ 'ਚ ਇੰਸ. ਸੁਨੀਲ ਏਰੀ, ਅਨਿਲ ਕੁਮਾਰ ਅਤੇ ਕਮਲਦੀਪ ਸਿੰਘ ਨੇ ਧਾਰਾ 133ਏ ਦੇ ਤਹਿਤ ਜਾਂਚ ਸ਼ੁਰੂ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਉਕਤ ਫਰਮਾਂ ਦੇ ਅਕਾਊਂਟਾਂ 'ਚ ਕਾਫੀ ਫਰਕ ਵੇਖਣ ਨੂੰ ਮਿਲਿਆ। ਹੁਣ ਇਨ੍ਹਾਂ ਫਰਮਾਂ ਨੂੰ ਅਣ-ਐਲਾਨੀ ਆਮਦਨ 'ਤੇ ਬਣਦਾ ਟੈਕਸ ਵਿਭਾਗ ਨੂੰ ਦੇਣਾ ਪਵੇਗਾ।

ਈਮਾਨਦਾਰੀ ਨਾਲ ਬਣਦਾ ਟੈਕਸ ਦਿਓ
ਸੀਨੀਅਰ ਅਧਿਕਾਰੀਆਂ ਅਨੁਸਾਰ ਇਸ ਵੱਡੀ ਸਫਲਤਾ ਦਾ ਸਿਹਰਾ ਇਨਕਮ ਟੈਕਸ ਦੇ ਸਾਰੇ ਅਧਿਕਾਰੀਆਂ ਅਤੇ ਟੀਮ ਮੈਂਬਰਾਂ ਨੂੰ ਜਾਂਦਾ ਹੈ। ਇਸ ਕਾਰਵਾਈ ਤੋਂ ਉਨ੍ਹਾਂ ਟੈਕਸਦਾਤਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਜੋ ਆਪਣੀ ਆਮਦਨ ਦੀ ਸਹੀ ਜਾਣਕਾਰੀ ਰਿਟਰਨ 'ਚ ਨਹੀਂ ਦਿੰਦੇ। ਸਾਰੇ ਟੈਕਸਦਾਤਿਆਂ ਨੂੰ ਈਮਾਨਦਾਰੀ ਅਤੇ ਸਮੇਂ 'ਤੇ ਆਪਣਾ ਬਣਦਾ ਇਨਕਮ ਟੈਕਸ ਦੇਣਾ ਚਾਹੀਦਾ ਹੈ ਤਾਂ ਜੋ ਵਿਭਾਗ ਨੂੰ ਅਜਿਹੀਆਂ ਕਾਰਵਾਈਆਂ ਕਰਨ ਦੀ ਲੋੜ ਹੀ ਨਾ ਪਵੇ। ਟੈਕਸਦਾਤਾ ਅਜਿਹਾ ਕਰਕੇ ਜਿੱਥੇ ਖੁਦ ਚੈਨ ਨਾਲ ਰਹੇਗਾ, ਉਥੇ ਦੇਸ਼ ਦੇ ਵਿਕਾਸ 'ਚ ਵੀ ਆਪਣਾ ਯੋਗਦਾਨ ਪਾਵੇਗਾ।


shivani attri

Content Editor

Related News