ਨੈਸ਼ਨਲ ਕਮਿਸ਼ਨ ''ਚ ਸੁਣਵਾਈ ਤੋਂ ਪਹਿਲਾਂ ਦੇਣੇ ਪੈਣਗੇ 10.50 ਲੱਖ ਰੁਪਏ

01/25/2020 6:22:57 PM

ਜਲੰਧਰ (ਚੋਪੜਾ)— ਇੰਦਰਾ ਪੁਰਮ ਮਾਸਟਰ ਗੁਰਬੰਤਾ ਸਿੰਘ ਐਨਕਲੇਵ ਨਾਲ ਸਬੰਧਤ 2 ਅਲਾਟੀਆਂ ਜੈ ਚੰਦ ਅਤੇ ਬਲਵੀਰ ਸਿੰਘ ਨਾਲ ਸਬੰਧਤ ਮਾਮਲੇ ਵਿਚ ਰਾਹਤ ਲੈਣ ਨੈਸ਼ਨਲ ਕਮਿਸ਼ਨ ਪਹੁੰਚੇ ਇੰਪੂਰਵਮੈਂਟ ਟਰੱਸਟ ਨੂੰ ਕਮਿਸ਼ਨ ਨੇ ਪਹਿਲਾਂ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਟਰੱਸਟ ਦੋਵੇਂ ਅਲਾਟੀਆਂ ਨੂੰ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਦੇ ਆਦੇਸ਼ਾਂ ਮੁਤਾਬਕ ਬਣਦੀ ਰਕਮ ਦੇ 50-50 ਫੀਸਦੀ ਜੋ ਕਿ ਕਰੀਬ 10.50 ਲੱਖ ਪਹਿਲਾਂ ਜਮ੍ਹਾ ਕਰਵਾਓ। ਇਸ ਦੇ ਨਾਲ ਹੀ ਅਲਾਟੀਆਂ ਨੂੰ ਦਿੱਲੀ ਆਉਣ-ਜਾਣ ਦੇ 6-6 ਹਜ਼ਾਰ ਰੁਪਏ ਵੱਖਰੇ ਦੇਣੇ ਹੋਣਗੇ। ਕਮਿਸ਼ਨ ਨੇ ਕੇਸ ਦੀ ਅਗਲੀ ਸੁਣਵਾਈ 29 ਮਈ ਨੂੰ ਨਿਰਧਾਰਿਤ ਕੀਤੀ ਹੈ।

ਜ਼ਿਕਰਯੋਗ ਹੈ ਕਿ ਦੋਵੇਂ ਅਲਾਟੀਆਂ ਨੂੰ ਸਕੀਮ ਵਿਚ ਫਲੈਟ ਅਲਾਟ ਹੋਏ ਸਨ ਪਰ ਟਰੱਸਟ ਵਲੋਂ ਸਕੀਮ ਵਿਚ ਮੂਲ ਸਹੂਲਤਾਂ ਨਾ ਮੁਹੱਈਆ ਕਰਵਾਏ ਜਾ ਸਕਣ ਦੇ ਕਾਰਣ ਅਲਾਟੀਆਂ ਨੇ ਟਰੱਸਟ ਦੇ ਵਿਰੁੱਧ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਵਿਚ ਕੇਸ ਦਾਇਰ ਕੀਤਾ ਸੀ, ਜਿਸ ਦਾ ਫੈਸਲਾ 19 ਮਾਰਚ 2019 ਨੂੰ ਅਲਾਟੀਆਂ ਦੇ ਪੱਖ ਵਿਚ ਆਇਆ ਸੀ। ਫੋਰਮ ਨੇ ਟਰੱਸਟ ਨੂੰ ਅਲਾਟੀਆਂ ਦੇ ਪ੍ਰਿੰਸੀਪਲ ਅਮਾਊਂਟ 'ਤੇ 12 ਫੀਸਦੀ ਵਿਆਜ, 50 ਹਜ਼ਾਰ ਮੁਆਵਜ਼ਾ ਅਤੇ 7 ਹਜ਼ਾਰ ਰੁਪਏ ਕਾਨੂੰਨੀ ਖਰਚੇ ਹਰੇਕ ਅਲਾਟੀ ਨੂੰ ਦੇਣ ਨੂੰ ਕਿਹਾ ਸੀ। ਟਰੱਸਟ ਨੇ ਇਸ ਕੇਸ ਦੀ ਅਪੀਲ ਸਟੇਟ ਕਮਿਸ਼ਨ ਵਿਚ ਕੀਤੀ ਸੀ ਪਰ 15 ਮਈ 2019 ਨੂੰ ਕਮਿਸ਼ਨ ਨੇ ਟਰੱਸਟ ਦੀ ਅਪੀਲ ਸਿਰੇ ਤੋਂ ਖਾਰਿਜ ਕਰ ਦਿੱਤੀ ਸੀ ਅਤੇ ਨਾਲ ਹੀ ਹੇਠਲੀ ਅਦਾਲਤ ਦੇ ਫੈਸਲੇ ਤੋਂ ਇਲਾਵਾ 25-25 ਹਜ਼ਾਰ ਰੁਪਏ ਦਾ ਕਾਨੂੰਨੀ ਖਰਚਾ ਹੋਰ ਲਗਾ ਦਿੱਤਾ ਸੀ। ਦੱਸਣਯੋਗ ਹੈ ਕਿ ਅਲਾਟੀ ਜੈ ਚੰਦ ਦੇ ਕੇਸ ਵਿਚ 23 ਸਤੰਬਰ 2019 ਨੂੰ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਅਰੈਸਟ ਵਾਰੰਟ ਵੀ ਜਾਰੀ ਹੋ ਚੁੱਕੇ ਹਨ। ਹੁਣ ਜੇਕਰ ਟਰੱਸਟ ਨੇ ਇਸ ਕੇਸ ਵਿਚ ਕੋਈ ਰਾਹਤ ਪਾਉਣੀ ਹੈ ਤਾਂ ਉਸ ਨੂੰ ਪਹਿਲਾਂ ਨੈਸ਼ਨਲ ਕਮਿਸ਼ਨ ਦੇ ਹੁਕਮਾਂ ਅਨੁਸਾਰ 7 ਫਰਵਰੀ ਤੱਕ 10.50 ਲੱਖ ਰੁਪਏ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਵਿਚ ਜਮ੍ਹਾ ਕਰਵਾਉਣੇ ਪੈਣਗੇ।


shivani attri

Content Editor

Related News