ਇੰਪਰੂਵਮੈਂਟ ਟਰੱਸਟ ਨੇ ਅਲਾਟੀਆਂ ਨੂੰ ਅਦਾ ਨਹੀਂ ਕੀਤੇ 80 ਲੱਖ ਰੁਪਏ

Sunday, Aug 09, 2020 - 11:21 AM (IST)

ਇੰਪਰੂਵਮੈਂਟ ਟਰੱਸਟ ਨੇ ਅਲਾਟੀਆਂ ਨੂੰ ਅਦਾ ਨਹੀਂ ਕੀਤੇ 80 ਲੱਖ ਰੁਪਏ

ਜਲੰਧਰ(ਚੋਪੜਾ) – ਮਾੜੇ ਦੌਰ ਵਿਚੋਂ ਲੰਘ ਰਹੀ ਇੰਪਰੂਵਮੈਂਟ ਟਰੱਸਟ ਵਲੋਂ ਡਿਸਟ੍ਰਿਕਟ ਕੰਜ਼ਿਊਮਰ ਡਿਸਪਿਊਟਸ ਰੈਡਰੇਸੀਅਲ ਫੋਰਮ ਦੇ ਹੁਕਮਾਂ ਦੇ ਬਾਵਜੂਦ ਅਲਾਟੀਆਂ ਦੇ 80 ਲੱਖ ਰੁਪਏ ਨਾ ਅਦਾ ਕਰਨ ’ਤੇ ਈ. ਓ. ਜਤਿੰਦਰ ਸਿੰਘ ਦੇ 6 ਵੱਖ-ਵੱਖ ਕੇਸਾਂ ਵਿਚ 6 ਗੈਰ-ਜ਼ਮਾਨਤੀ ਆਰੈਸਟ ਵਾਰੰਟ ਜਾਰੀ ਹੋਏ ਹਨ ਅਤੇ ਉਨ੍ਹਾਂ ਨੂੰ 8 ਸਤੰਬਰ ਤੱਕ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਬੀਬੀ ਭਾਨੀ ਕੰਪਲੈਕਸ ਨਾਲ ਸਬੰਧਤ ਇਨ੍ਹਾਂ ਅਲਾਟੀਆਂ, ਜਿਨ੍ਹਾਂ ਵਿਚ ਕੇਵਲ ਰਾਮ, ਬਲਬੀਰ ਸਿੰਘ ਸੈਣੀ, ਗੀਤਿਕਾ ਐੱਮ. ਗਰੋਵਰ, ਰਾਜਿੰਦਰ ਕੁਮਾਰ ਵਿੱਜ, ਹਰਬੀਰ ਸਿੰਘ ਅਰਨੇਜਾ, ਸੁਰਿੰਦਰਪਾਲ ਸ਼ਾਮਲ ਹਨ, ਨੇ ਟਰੱਸਟ ਵਲੋਂ ਉਨ੍ਹਾਂ ਨਾਲ ਕੀਤੀ ਧੋਖਾਦੇਹੀ ਸਬੰਧੀ ਫੋਰਮ ਵਿਚ ਕੇਸ ਦਾਇਰ ਕੀਤੇ ਸਨ। ਜਿਸ ਦਾ ਫੈਸਲਾ ਅਲਾਟੀਆਂ ਦੇ ਪੱਖ ਵਿਚ ਆਇਆ ਅਤੇ ਅਦਾਲਤ ਨੇ ਟਰੱਸਟ ਦੇ ਅਲਾਟੀਆਂ ਵਲੋਂ ਜਮ੍ਹਾ ਕਰਵਾਏ ਪ੍ਰਿੰਸੀਪਲ ਅਮਾਊਂਟ, ਉਸਦਾ ਬਣਦਾ ਵਿਆਜ, ਕਾਨੂੰਨੀ ਖਰਚ ਤੋਂ ਇਲਾਵਾ ਮੁਆਵਜ਼ਾ ਵੀ ਵਾਪਸ ਦੇਣ ਦੇ ਹੁਕਮ ਜਾਰੀ ਕੀਤੇ ਸਨ, ਜੋ ਕਿ ਕੁਲ ਰਕਮ ਕਰੀਬ 80 ਲੱਖ ਰੁਪਏ ਬਣਦੀ ਹੈ। ਟਰੱਸਟ ਨੇ ਧੋਖਾਦੇਹੀ ਦਾ ਸ਼ਿਕਾਰ ਹੋਏ ਅਲਾਟੀਆਂ ਨੂੰ ਪੈਸਾ ਰਿਫੰਡ ਕਰਨ ਦੀ ਬਜਾਏ ਸਟੇਟ ਕਮਿਸ਼ਨ ਵਿਚ ਇਨ੍ਹਾਂ ਮਾਮਲਿਆਂ ਦੀ ਅਪੀਲ ਦਾਇਰ ਕੀਤੀ ਪਰ ਸਟੇਟ ਕਮਿਸ਼ਨ ਨੇ ਅਪੀਲ ਸੁਣਨ ਤੋਂ ਪਹਿਲਾਂ ਅਲਾਟੀਆਂ ਨੂੰ ਕਾਨੂੰਨੀ ਖਰਚ ਦੇਣ ਦੇ ਹਰੇਕ ਕੇਸ ਦੇ 25-25 ਹਜ਼ਾਰ ਰੁਪਏ ਟਰੱਸਟ ਵਲੋਂ ਜਮ੍ਹਾ ਕਰਵਾਉਣ ਲਈ ਕਿਹਾ, ਜਿਸ ਤੋਂ ਬਾਅਦ ਕਮਿਸ਼ਨ ਨੇ 23 ਜੂਨ 2020 ਨੂੰ ਟਰੱਸਟ ਦੀਆਂ ਅਪੀਲਾਂ ਨੂੰ ਰੱਦ ਕਰਦੇ ਹੋਏ ਟਰੱਸਟ ਨੂੰ ਹੁਕਮ ਜਾਰੀ ਕੀਤਾ ਕਿ ਉਹ ਅਲਾਟੀਆਂ ਨੂੰ 22-22 ਹਜ਼ਾਰ ਰੁਪਏ ਵਾਧੂ ਕਾਨੂੰਨੀ ਖਰਚ ਦੀ ਅਦਾਇਗੀ ਕਰੇ। ਟਰੱਸਟ ਨੇ ਇਨ੍ਹਾਂ ਹੁਕਮਾਂ ’ਤੇ ਵੀ ਅਲਾਟੀਆਂ ਨੂੰ ਰਿਫੰਡ ਨਹੀਂ ਕੀਤਾ ਤਾਂ ਜ਼ਿਲਾ ਫੋਰਮ ਨੇ ਇਨ੍ਹਾਂ ਕੇਸਾਂ ਨੂੰ ਲੈ ਕੇ ਦਾਇਰ ਐਗਜ਼ੀਕਿਊਸ਼ਨ ਦੀ ਸੁਣਵਾਈ ਕਰਦੇ ਹੋਏ 5 ਅਗਸਤ ਨੂੰ ਈ. ਓ. ਖਿਲਾਫ 6 ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ।


author

Harinder Kaur

Content Editor

Related News