ਮੋਗਾ ''ਚ ਪਿੰਡ ਦੀ ਪੰਚਾਇਤ ਨੇ 22 ਲੱਖ ਲਗਾ ਖੋਲ੍ਹਿਆ ਜਿਮ, ਮਨੀਸ਼ ਸਿਸੋਦੀਆ ਨੇ ਕੀਤਾ ਉਦਘਾਟਨ
Thursday, Jun 26, 2025 - 05:45 PM (IST)

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਜ਼ਿਲੇ ਦੇ ਪਿੰਡ ਦਾਰਾਪੁਰ ਵਿਖੇ ਪਿੰਡ ਦੀ ਪੰਚਾਇਤ ਵੱਲੋਂ 22 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਜਿਮ ਜਿਸ ਦਾ ਉਦਘਾਟਨ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ 'ਆਪ' ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਵੀ ਮੌਜੂਦ ਰਹੇ। ਜਾਣਕਾਰੀ ਦਿੰਦੇ ਹੋਏ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਜ਼ਿਲੇ ਵਿਚ ਇਹ ਪਹਿਲਾ ਜਿਮ ਹੈ ਜੋ ਕਿ ਪਿੰਡ ਦੀ ਪੰਚਾਇਤ ਵੱਲੋਂ 22 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੱਜ ਦਾਰਾਪੁਰ ਦੇ ਸਰਪੰਚ ਮਨਦੀਪ ਸ਼ਰਮਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਹੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਸਰਪੰਚਾਂ ਨੂੰ ਵੀ ਇਹ ਅਪੀਲ ਕਰਾਂਗੇ ਕਿ ਉਹ ਵੀ ਨੌਜਵਾਨਾਂ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਨ ਤਾਂ ਜੋ ਨੌਜਵਾਨ ਪੀੜੀ ਨਸ਼ੇ ਤੋਂ ਬਚ ਰਹਿ ਸਕੇ।
ਇਸ ਮੌਕੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਹਰ ਪਿੰਡ ਵਿੱਚੋਂ ਨਸ਼ਾ ਖਤਮ ਕਰਨ ਲਈ ਨੌਜਵਾਨਾਂ ਨੂੰ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅੱਜ ਅਸੀਂ ਪਿੰਡ ਦਾਰਾਪੁਰ ਵਿਖੇ ਪਹੁੰਚੇ ਹਾਂ ਜਿੱਥੇ ਕਿ ਦਾਰਾਪੁਰ ਦੇ ਸਰਪੰਚ ਮਨਦੀਪ ਸ਼ਰਮਾ ਵੱਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਜਿਸ ਵਿਚ ਇਕ ਜਿਮ ਤਿਆਰ ਕਰਵਾਇਆ ਅਤੇ ਪਿੰਡ ਵਾਸੀਆਂ ਲਈ ਫਰੀ ਐਂਟਰੀ ਰੱਖੀ ਗਈ ਹੈ। ਇਸ ਨਾਲ ਨੌਜਵਾਨ ਅਤੇ ਬੱਚੇ, ਮਹਿਲਾਵਾਂ ਨੂੰ ਵੀ ਫਾਇਦਾ ਹੋਵੇਗਾ। ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ਉੱਪਰ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਪਹਿਲਾਂ ਸਰਕਾਰਾਂ ਜੋ ਬਣੀਆਂ ਸਨ ਉਨ੍ਹਾਂ ਨੇ ਨਸ਼ਾ ਹੀ ਵੇਚਿਆ ਹੈ ਜਿਸ ਨਾਲ ਨੌਜਵਾਨਾਂ ਦਾ ਭਵਿੱਖ ਖਰਾਬ ਹੋਇਆ, ਸਾਡੀ ਸਰਕਾਰ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।