35 ਲੱਖ ਰੁਪਏ ਲਈ ਚਲਵਾਈ ਸੀ ਪ੍ਰਾਪਰਟੀ ਡੀਲਰ ’ਤੇ ਗੋਲੀ

Wednesday, Jun 25, 2025 - 12:49 PM (IST)

35 ਲੱਖ ਰੁਪਏ ਲਈ ਚਲਵਾਈ ਸੀ ਪ੍ਰਾਪਰਟੀ ਡੀਲਰ ’ਤੇ ਗੋਲੀ

ਜ਼ੀਰਕਪੁਰ (ਜੁਨੇਜਾ) : ਥਾਣੇ ਤੋਂ ਮਹਿਜ਼ 50 ਮੀਟਰ ਦੀ ਦੂਰੀ ’ਤੇ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰਨ ਦੇ ਮਾਮਲੇ ’ਚ ਇਕ ਦਿਨ ਬਾਅਦ ਹੀ ਪੁਲਸ ਨੇ ਸਾਜਿਸ਼ਕਰਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਸਲਿੰਦਰ ਸਿੰਘ ਵਾਸੀ ਪਿੰਡ ਸੁੰਡਰਾਂ ਵਜੋਂ ਹੋਈ ਹੈ, ਜੋ ਪ੍ਰਾਪਰਟੀ ਡੀਲਰ ਦਾ ਹੀ ਪੁਰਾਣਾ ਪਾਰਟਨਰ ਹੈ। ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹਮਲਾ ਕਰਵਾਇਆ ਸੀ। ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਲਿੰਦਰ ਸਿੰਘ ਤੇ ਜ਼ਖ਼ਮੀ ਪ੍ਰਾਪਰਟੀ ਡੀਲਰ ਜਗਤਾਰ ਸਿੰਘ ਪਹਿਲਾਂ ਪਾਰਟਨਰ ਸਨ।

ਦੋਹਾਂ ਦਾ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਮੁਲਜ਼ਮ ਮੁਤਾਬਕ ਜਗਤਾਰ ਸਿੰਘ ਨਾਲ 35 ਲੱਖ ਰੁਪਏ ਦਾ ਲੈਣ-ਦੇਣ ਹੈ, ਜਿਸ ਨੂੰ ਉਹ ਨਿਬੇੜਨ ਦੀ ਥਾਂ ਟਾਲ-ਮਟੋਲ ਕਰ ਰਿਹਾ ਸੀ। ਇਸ ਲਈ ਆਪਣੇ ਕੋਲ ਕੰਮ ਕਰਦੇ ਪਰਵਾਸੀ ਤੋਂ ਵਾਰਦਾਤ ਕਰਵਾਈ ਸੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜਗਤਾਰ ਸਿੰਘ ਸਾਥੀ ਨਾਲ ਐਕਟਿਵਾ ’ਤੇ ਜ਼ੀਰਕਪੁਰ ਤਹਿਸੀਲ ਵੱਲ ਜਾ ਰਿਹਾ ਸੀ। ਰਾਹ ’ਚ 2 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਚਲਾ ਦਿੱਤੀ।

ਗੋਲੀ ਐਕਟਿਵਾ ਦੇ ਪਿੱਛੇ ਬੈਠੇ ਜਗਤਾਰ ਦੀ ਪਿੱਠ ’ਚ ਲੱਗ ਗਈ ਅਤੇ ਛਰਲਾ ਦੋਸਤ ਦੇ ਲੱਗਿਆ। ਦੋਹਾਂ ਦਾ ਸੈਕਟਰ-32 ਹਸਪਤਾਲ (ਚੰਡੀਗੜ੍ਹ) ’ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਹਮਲਾਵਰ ਕਾਫੀ ਲੰਬੇ ਸਮੇਂ ਤੋਂ ਮੁਲਜ਼ਮ ਕੋਲ ਕੰਮ ਕਰਦਾ ਹੈ, ਜਿਸ ਦੀ ਹਾਲੇ ਪਛਾਣ ਨਹੀਂ ਹੋ ਸਕੀ। ਦਾਅਵਾ ਕੀਤਾ ਕਿ ਗੋਲੀ ਚਲਾਉਣ ਵਾਲੇ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਜਾਂਚ ’ਚ ਸਾਹਮਣੇ ਆਇਆ ਕਿ ਹਮਲਾਵਰ ਨੇ .315 ਬੋਰ ਦੇ ਦੇਸੀ ਕੱਟੇ ਨਾਲ ਗੋਲੀ ਚਲਾਈ ਸੀ।
 


author

Babita

Content Editor

Related News