ਇੰਪਰੂਵਮੈਂਟ ਟਰੱਸਟ ਦੀ 289 ਕਰੋੜ ਦੀ ਪ੍ਰਾਪਰਟੀ ਦੀ ਪੀ. ਐੱਨ. ਬੀ. ਨੇ ਸ਼ੁਰੂ ਕਰਵਾਈ ਰੀ-ਵੈਲਿਊਏਸ਼ਨ

09/19/2018 10:38:38 AM

ਜਲੰਧਰ (ਪੁਨੀਤ)—175 ਕਰੋੜ ਦਾ ਲੋਨ ਲੈਂਦੇ ਸਮੇਂ ਪੀ. ਐੱਨ. ਬੀ. ਬੈਂਕ ਕੋਲ ਗਹਿਣੇ  ਰੱਖੀ ਗਈ 577 ਕਰੋੜ ਦੀ ਪ੍ਰਾਪਰਟੀ ਵਿਚੋਂ 289 ਕਰੋੜ ਦੀ ਪ੍ਰਾਪਰਟੀ ਦੀ ਪੀ. ਐੱਨ. ਬੀ.  ਵਲੋਂ ਰੀ-ਵੈਲਿਊਏਸ਼ਨ ਸ਼ੁਰੂ ਕਰਵਾ ਦਿੱਤੀ ਗਈ ਹੈ ਤਾਂ ਜੋ ਇਸ ਨੂੰ ਨੀਲਾਮ ਕਰ ਕੇ ਪ੍ਰੋਸੈੱਸ  ਨੂੰ ਅੱਗੇ ਵਧਾਇਆ ਜਾ ਸਕੇ। ਪੀ. ਐੱਨ. ਬੀ. ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ  ਫਿਲਹਾਲ ਰੀ-ਵੈਲਿਊਏਸ਼ਨ ਤੋਂ ਬਾਹਰ ਰੱਖਿਆ ਗਿਆ ਹੈ ਪਰ ਆਉਣ ਵਾਲੇ ਸਮੇਂ ਵਿਚ ਕੁਲੈਕਟਰ ਦੀ  ਇਜਾਜ਼ਤ ਮਿਲਣ ਤੋਂ ਬਾਅਦ ਜਦੋਂ ਸਟੇਡੀਅਮ ਨੂੰ ਨੀਲਾਮ ਕਰਨ ਦਾ ਪ੍ਰੋਸੈੱਸ ਅੱਗੇ ਵਧੇਗਾ ਤਾਂ  ਇਸਦੀ ਵੀ ਰੀ-ਵੈਲਿਊਏਸ਼ਨ ਕਰਵਾਈ ਜਾਵੇਗੀ। ਆਪਣੇ ਵੈਲਿਊਅਰ ਤੋਂ ਸ਼ੁਰੂ ਕਰਵਾਈ ਗਈ  ਰੀ-ਵੈਲਿਊਏਸ਼ਨ ਵਿਚ 170 ਏਕੜ ਸਕੀਮ ਐਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ, 94.97 ਏਕੜ  ਸੂਰਿਆ ਐਨਕਲੇਵ ਐਕਸਟੈਂਸ਼ਨ ਸਕੀਮਾਂ ਦੇ ਪਲਾਟ ਆਦਿ ਸ਼ਾਮਲ ਹਨ। 

ਬੈਂਕ ਨੇ ਆਪਣੇ ਵਲੋਂ  ਸਾਰੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਹੁਣ ਨੀਲਾਮੀ ਦਾ ਅੰਤਿਮ ਪੜਾਅ ਚੱਲ ਰਿਹਾ ਹੈ।  112 ਕਰੋੜ ਰੁਪਏ ਦਾ ਪੈਂਡਿੰਗ ਲੋਨ ਹੋਣ ਕਾਰਨ ਬੈਂਕ ਵਲੋਂ ਇਹ ਕਦਮ ਚੁੱਕਿਆ ਗਿਆ ਹੈ।  ਬੈਂਕ ਨੂੰ ਲੋਨ ਮੋੜਨ ਵਿਚ ਅਸਮਰੱਥ ਇੰਪਰੂਵਮੈਂਟ ਟਰੱਸਟ ਕਿਰਕਿਰੀ ਤੋਂ ਬਚਣ ਲਈ ਖੁਦ ਹੀ  ਆਪਣੀ ਪ੍ਰਾਪਰਟੀ ਨੀਲਾਮ ਕਰਵਾਉਣ ਜਾ ਰਿਹਾ ਹੈ। ਟਰੱਸਟ ਦੀ ਚਿੰਤਾ ਦਾ ਵਿਸ਼ਾ ਕਰੋੜਾਂ  ਰੁਪਏ ਦੀ ਇਨਹਾਂਸਮੈਂਟ ਹੈ, ਜਿਸ ਦੇ ਲਈ ਸੁਪਰੀਮ ਕੋਰਟ ਵਿਚ ਅਧਿਕਾਰੀਆਂ ਦੀ ਪੇਸ਼ੀ ਹੋ  ਰਹੀ ਹੈ। ਸਰਕਾਰ ਕੋਲੋਂ ਟਰੱਸਟ ਵਲੋਂ ਜੋ ਮਦਦ ਮੰਗੀ ਗਈ ਹੈ, ਉਸ ਵਿਚ ਆਉਣ ਵਾਲੇ ਦਿਨਾਂ  ਵਿਚ ਕੀ ਹੋਵੇਗਾ? ਇਹ ਵੇਖਣ ਵਾਲੀ ਗੱਲ ਹੈ ਕਿਉਂਕਿ ਟਰੱਸਟ ਨੂੰ 225 ਕਰੋੜ ਤੋਂ ਵੱਧ ਰਕਮ  ਦੀ ਲੋੜ ਹੈ। ਵੇਖਣਾ ਹੋਵੇਗਾ ਕਿ ਕਿੰਨੀ ਮਦਦ ਮਿਲਦੀ ਹੈ। 

 

ਕੱਲ ਤੋਂ ਸ਼ੁਰੂ ਹੋਵੇਗਾ ਇਨਹਾਂਸਮੈਂਟ ਤੈਅ ਕਰਨ ਦਾ ਕੰਮ
 ਮੁਲਾਜ਼ਮ  ਚੋਣ ਡਿਊਟੀ 'ਚ ਰੁਝੇ ਹਨ, ਜਿਸ ਕਾਰਨ ਸਾਰੇ ਕੰਮਕਾਜ ਠੱਪ ਹਨ। ਦਫਤਰ ਆਉਣ ਵਾਲੇ ਲੋਕਾਂ  ਨੂੰ ਨਿਰਾਸ਼ ਹੋ ਕੇ ਪਰਤਣਾ ਪੈ ਰਿਹਾ ਹੈ। ਅੱਜ ਚੋਣਾਂ ਹੋਣ ਤੋਂ ਬਾਅਦ ਕੱਲ ਤੋਂ  ਇਨਹਾਂਸਮੈਂਟ ਦੀ ਰਕਮ ਤੈਅ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਟਰੱਸਟ ਵਲੋਂ  ਪਿਛਲੇ ਸਮੇਂ  ਦੌਰਾਨ ਕਈ ਮੀਟਿੰਗਾਂ ਕੀਤੀਆਂ ਗਈਆਂ ਪਰ ਇਹ ਫਾਈਨਲ ਨਹੀਂ ਹੋ ਸਕਿਆ ਕਿ ਸੂਰਿਆ ਐਨਕਲੇਵ  ਦੇ ਪਲਾਟਧਾਰਕਾਂ ਕੋਲੋਂ ਕਿੰਨੀ ਇਨਹਾਂਸਮੈਂਟ ਵਸੂਲ ਕੀਤੀ ਜਾਣੀ ਹੈ। ਇਸ ਘਟਨਾ ਚੱਕਰ ਵਿਚ  ਅੱਜ ਸੂਰਿਆ ਐਨਕਲੇਵ ਵਾਸੀਆਂ ਨੇ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਨਾਲ ਮੁਲਾਕਾਤ ਕਰ  ਕੇ ਇਨਹਾਂਸਮੈਂਟ ਬਾਰੇ ਗੱਲਬਾਤ ਕਰਦਿਆਂ ਇਨਹਾਂਸਮੈਂਟ ਰਕਮ ਦਾ ਵਿਰੋਧ ਕੀਤਾ। ਇਲਾਕਾ  ਵਾਸੀਆਂ ਨੇ ਕਿਹਾ ਕਿ ਟਰੱਸਟ ਨੂੰ ਆਪਣੀ ਕਮਾਈ ਵਿਚੋਂ ਇਨਹਾਂਸਮੈਂਟ ਦੇਣੀ ਚਾਹੀਦੀ ਹੈ,  ਜਦੋਂਕਿ  ਉਲਟਾ  ਲੋਕਾਂ 'ਤੇ ਬੋਝ ਪਾਇਆ ਜਾ ਰਿਹਾ ਹੈ।

94.97 ਏਕੜ ਸਕੀਮ 'ਚ ਮੁੜ ਹੋਣ ਲੱਗੇ ਕਬਜ਼ੇ 

ਟਰੱਸਟ  ਵਲੋਂ 94.97 ਏਕੜ ਸਕੀਮ ਵਿਚ ਕਈ ਥਾਵਾਂ 'ਤੇ ਕਬਜ਼ੇ ਹਟਾਏ ਗਏ ਸਨ ਪਰ ਅੱਜ ਫਿਰ ਕਈ  ਥਾਵਾਂ 'ਤੇ ਲੋਕਾਂ ਵਲੋਂ ਉਸਾਰੀ ਕਰ ਕੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਗਏ। ਲੋਕਾਂ ਦਾ  ਕਹਿਣਾ ਹੈ ਕਿ ਇਸ ਸਬੰਧ ਵਿਚ ਟਰੱਸਟ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਪਰ ਇਸ ਦਾ ਉਨ੍ਹਾਂ  ਨੂੰ ਕੋਈ ਰਿਸਪਾਂਸ ਨਹੀਂ ਮਿਲਿਆ। ਉਕਤ ਸਥਾਨ 'ਤੇ ਸੁਪਰਿੰਟੈਂਡੈਂਟ ਇੰਜੀਨੀਅਰ ਵਲੋਂ  ਕਬਜ਼ੇ ਹਟਵਾਏ ਗਏ ਸਨ, ਉਥੇ ਅਜੀਤ ਨਗਰ ਵਲ ਜਾਂਦੀ ਸੜਕ ਉਤੋਂ ਵੀ ਕਬਜ਼ੇ ਹਟਾਏ ਗਏ ਸਨ।  ਜਿਥੇ ਅੱਜ ਤੱਕ ਸੜਕ ਨਹੀਂ ਬਣ ਸਕੀ। ਜਦੋਂਕਿ ਟਰੱਸਟ ਅਧਿਕਾਰੀਆਂ ਦਾ ਦਾਅਵਾ ਸੀ ਕਿ ਕੁਝ  ਦਿਨਾਂ ਵਿਚ ਸੜਕ ਬਣ ਜਾਵੇਗੀ। ਇਸ ਗੱਲ ਨੂੰ ਵੀ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ  ਹੈ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ।


Related News