ਸ਼ਤਾਬਦੀ, ਸ਼ਾਨ-ਏ-ਪੰਜਾਬ ਸਣੇ ਜਲੰਧਰ ਦੀਆਂ ਅਹਿਮ ਟਰੇਨਾਂ ਨੇ ਕਰਵਾਈ ਘੰਟਿਆਂ ਤੱਕ ਉਡੀਕ

06/29/2024 3:09:39 PM

ਜਲੰਧਰ (ਪੁਨੀਤ)- ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਤੋਂ ਦਿੱਲੀ ਜਾਣ ਵਾਲੀਆਂ ਸ਼ਤਾਬਦੀ ਵਰਗੀਆਂ ਅਹਿਮ ਰੇਲ ਗੱਡੀਆਂ ਪਿਛਲੇ ਕੁਝ ਦਿਨਾਂ ਤੋਂ ਸਮੇਂ ਸਿਰ ਪਹੁੰਚ ਰਹੀਆਂ ਸਨ, ਜਿਸ ਕਾਰਨ ਯਾਤਰੀਆਂ ਤੇ ਰੇਲਵੇ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੈ ਪਰ ਹੁਣ ਰੇਲ ਯਾਤਰੀਆਂ ਦੀਆਂ ਮੁਸ਼ਕਿਲਾਂ ਫਿਰ ਤੋਂ ਸ਼ੁਰੂ ਹੁੰਦੀਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਬੀਤੇ ਦਿਨ ਕਈ ਅਹਿਮ ਟਰੇਨਾਂ ਘੰਟਿਆਂਬੱਧੀ ਲੇਟ ਰਹੀਆਂ।

ਲੇਟ ਰਹਿਣ ਵਾਲੀਆਂ ਟਰੇਨਾਂ ’ਚ ਸਵਰਨ ਸ਼ਤਾਬਦੀ, ਸ਼ਾਨ-ਏ-ਪੰਜਾਬ, ਦਿੱਲੀ, ਅੰਮ੍ਰਿਤਸਰ, ਜਲੰਧਰ-ਦਿੱਲੀ, ਅੰਮ੍ਰਿਤਸਰ ਸੁਪਰਫ਼ਾਸਟ, ਪਠਾਨਕੋਟ ਐਕਸਪ੍ਰੈੱਸ ਵਰਗੀਆਂ ਕਈ ਟਰੇਨਾਂ ਸ਼ਾਮਲ ਹਨ। ਦੇਖਿਆ ਗਿਆ ਸੀ ਕਿ ਰੇਲਗੱਡੀਆਂ ਆਮ ਵਾਂਗ ਚੱਲਣ ਕਾਰਨ ਮੁਸਾਫ਼ਰ ਰੁਟੀਨ ਸਮੇਂ ਅਨੁਸਾਰ ਸਟੇਸ਼ਨ ’ਤੇ ਪਹੁੰਚ ਰਹੇ ਸਨ। ਇਸ ਲੜੀ ਤਹਿਤ ਸਮੇਂ ਸਿਰ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖ਼ਾਸ ਤੌਰ ’ਤੇ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਅੱਜ ਸਾਰੀਆਂ ਮਹੱਤਵਪੂਰਨ ਟਰੇਨਾਂ ਲੇਟ ਹੋ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਆਪਣੇ ਰੂਟ ’ਤੇ ਗੱਡੀਆਂ ਦਾ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਜਲੰਧਰ ਪੁਲਸ ਦੀ ਇਤਿਹਾਸਕ ਪਹਿਲ, 56 ਹਥਿਆਰਬੰਦ ਲਾਇਸੈਂਸ ਕੀਤੇ ਰੱਦ, ਦਿੱਤੀ ਚਿਤਾਵਨੀ

ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਕਾਰ ਚੱਲ ਰਹੀ 12498 ਸ਼ਾਨ-ਏ-ਪੰਜਾਬ ਸ਼ਾਮ 4.13 ਵਜੇ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ ਢਾਈ ਘੰਟੇ ਦੀ ਦੇਰੀ ਨਾਲ ਸ਼ਾਮ 6.43 ਵਜੇ ਸਟੇਸ਼ਨ ਤੋਂ ਰਵਾਨਾ ਹੋਈ। ਨਵੀਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸ 12460 ਜਲੰਧਰ ਸਵੇਰੇ 7.20 ਵਜੇ ਤੋਂ ਕਰੀਬ 3.5 ਘੰਟੇ ਦੀ ਦੇਰੀ ਨਾਲ 10.45 ’ਤੇ ਸਟੇਸ਼ਨ ’ਤੇ ਪਹੁੰਚੀ। ਇਸੇ ਲੜੀ ਤਹਿਤ ਦੁਪਹਿਰ 12.06 ਪਹੁੰਚਣ ਵਾਲੀ 12029 ਸਵਰਨ ਸ਼ਤਾਬਦੀ 1.13 ਘੰਟੇ ਦੀ ਦੇਰੀ ਨਾਲ ਕਰੀਬ 1.19 ਵਜੇ ਸਿਟੀ ਸਟੇਸ਼ਨ ਪਹੁੰਚੀ। ਨਵੀਂ ਦਿੱਲੀ-ਜਲੰਧਰ ਐਕਸਪ੍ਰੈੱਸ 14681 ਵੀਰਵਾਰ ਨੂੰ ਰਾਤ 12.52 ਵਜੇ ਸਟੇਸ਼ਨ 'ਤੇ ਪਹੁੰਚੀ, ਜੋ ਕਿ 1.12 ਘੰਟੇ ਲੇਟ ਸੀ। ਦਿੱਲੀ ਜੰਕਸ਼ਨ ਤੋਂ ਪਠਾਨਕੋਟ ਲਈ ਪਠਾਨਕੋਟ ਐਕਸਪ੍ਰੈੱਸ 22429 ਦੁਪਹਿਰ 2 ਵਜੇ ਦੇ ਆਪਣੇ ਨਿਰਧਾਰਤ ਸਮੇਂ ਤੋਂ 6.5 ਘੰਟੇ ਦੀ ਦੇਰੀ ਨਾਲ 8.36 ਵਜੇ ਸਟੇਸ਼ਨ ’ਤੇ ਪਹੁੰਚੀ। 12483 ਅੰਮ੍ਰਿਤਸਰ ਸੁਪਰਫਾਸਟ 11.50 ਤੋਂ ਕਰੀਬ 8 ਘੰਟੇ ਦੀ ਦੇਰੀ ਨਾਲ 7.46 ’ਤੇ ਸਿਟੀ ਸਟੇਸ਼ਨ ’ਤੇ ਪਹੁੰਚੀ। ਬਾਂਦਰਾ ਟਰਮੀਨਲ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ 12471 ਸਵਰਾਜ ਐਕਸਪ੍ਰੈੱਸ ਜਲੰਧਰ ਕੈਂਟ ਤੋਂ ਸਵੇਰੇ 11.13 ਵਜੇ 8 ਘੰਟੇ ਦੀ ਦੇਰੀ ਨਾਲ ਸ਼ਾਮ 7.20 ਵਜੇ ਸਟੇਸ਼ਨ ’ਤੇ ਪਹੁੰਚੀ। ਇਸੇ ਤਰ੍ਹਾਂ ਜੈ ਨਗਰ ਤੋਂ ਅੰਮ੍ਰਿਤਸਰ ਜਾਣ ਵਾਲੀ ਰੇਲਗੱਡੀ ਨੰ. 14673 ਸ਼ਹੀਦ ਐਕਸਪ੍ਰੈਸ ਦੁਪਹਿਰ 3.23 ਤੋਂ 1.11 ਘੰਟੇ ਦੀ ਦੇਰੀ ਨਾਲ 4.34 ਵਜੇ ਸਟੇਸ਼ਨ ’ਤੇ ਪੁੱਜੀ।

ਹੁੰਮਸ ਭਰੇ ਮਾਹੌਲ ’ਚ ਉਡੀਕ ਕਰਨੀ ਮੁਸ਼ਕਿਲ
ਪਿਛਲੇ ਸਮੇਂ ਦੌਰਾਨ ਅੱਤ ਦੀ ਗਰਮੀ ਸੀ ਪਰ ਹੁੰਮਸ ਸ਼ੁਰੂ ਨਹੀਂ ਹੋਈ ਸੀ, ਜਿਸ ਕਾਰਨ ਸਮਾਂ ਕਿਸੇ ਤਰ੍ਹਾਂ ਬੀਤ ਜਾਂਦਾ ਸੀ ਪਰ ਹੁਣ ਹੁੰਮਸ ਸ਼ੁਰੂ ਹੋ ਗਈ ਹੈ। ਅਜਿਹੇ ਮੌਸਮ ’ਚ ਟਰੇਨਾਂ ਦਾ ਇੰਤਜ਼ਾਰ ਕਰਦੇ ਹੋਏ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਨੂੰ ਲੈ ਕੇ ਆਉਣ ਵਾਲੇ ਲੋਕਾਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਲੇਟਫਾਰਮ ’ਤੇ ਆਪਣੇ ਬੱਚੇ ਨਾਲ ਰੂਟ ਦੀ ਰੇਲਗੱਡੀ ਦਾ ਇੰਤਜ਼ਾਰ ਕਰ ਰਹੀਆਂ ਵਿਸ਼ਾਖਾ, ਪੂਜਾ, ਵੈਸ਼ਨਵੀ ਅਤੇ ਸ਼ਾਲਿਨੀ ਨੇ ਦੱਸਿਆ ਕਿ ਬੈਠਣ ਲਈ ਜਗ੍ਹਾ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: PUBG ਦੀ ਦੀਵਾਨਗੀ ਨੇ ਲਈ 12ਵੀਂ ਦੇ ਵਿਦਿਆਰਥੀ ਦੀ ਜਾਨ, ਮਾਂ ਨੇ ਰੋਕਿਆ ਤਾਂ ਕਰ ਲਈ ਖ਼ੁਦਕੁਸ਼ੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News