2 ਸਬ-ਸਟੇਸ਼ਨਾਂ ਨੂੰ ਜੋੜਨ ਵਾਲੀ 66 ਕੇ. ਵੀ. ਅਹਿਮ ‘ਅੰਡਰਗਰਾਊਂਡ ਕੇਬਲ’ ਮੁੜ ਹੋਈ ਖ਼ਰਾਬ, ਲੋਕ ਪ੍ਰੇਸ਼ਾਨ
Saturday, Mar 02, 2024 - 12:25 PM (IST)
ਜਲੰਧਰ (ਪੁਨੀਤ) - ਪਾਵਰਕਾਮ ਅਧੀਨ ਆਉਂਦੇ 66 ਕੇ.ਵੀ. ਪਟੇਲ ਚੌਕ ਸਬ-ਸਟੇਸ਼ਨ ਨੂੰ ਟੀ. ਵੀ. ਟਾਵਰ ਸਬ-ਸਟੇਸ਼ਨ (66 ਕੇ.ਵੀ.) ਨਾਲ ਜੋੜਨ ਵਾਲੀ ਅੰਡਰਗਰਾਊਂਡ ਕੇਬਲ ਦਿਨ ਭਰ ਖ਼ਰਾਬ ਰਹੀ। ਵਿਭਾਗ ਵੱਲੋਂ ਲੋਡ ਸ਼ਿਫ਼ਟ ਕਰਕੇ ਇਸ ਲਾਈਨ ਦੀ ਸਪਲਾਈ ਆਰਜ਼ੀ ਤੌਰ ’ਤੇ ਸ਼ੁਰੂ ਕਰ ਦਿੱਤੀ ਗਈ ਸੀ ਪਰ ਕਈ ਕਾਰਨਾਂ ਕਰਕੇ ਲਾਈਨ ਦਾ ਖ਼ਰਾਬ ਹੋਣਾ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ। ਮੁਰੰਮਤ ਦੇ ਕੰਮ ਲਈ ਮੁੱਖ ਸੜਕ ਨੂੰ 15 ਫੁੱਟ ਤੱਕ ਪੁੱਟ ਦਿੱਤਾ ਗਿਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਕਪੂਰਥਲਾ ਚੌਕ ਨੇੜੇ ਐੱਮ. ਜੀ. ਐੱਨ. ਸਕੂਲ ਵਾਲੀ ਰੋਡ ਦੇ ਬਾਹਰ ਉਕਤ ਅੰਡਰਗਰਾਊਂਡ ਕੇਬਲ ਲੰਘਦੀ ਹੈ। ਬਹੁਤ ਮਹੱਤਵਪੂਰਨ ਮੰਨੀ ਜਾਂਦੀ ਇਸ ਕੇਬਲ ਦਾ ਵਾਰ-ਵਾਰ ਖਰਾਬ ਹੋਣਾ ਪਾਵਰਕਾਮ ਦੇ ਟੀ. ਐੱਲ. (ਟਾਵਰ ਲਾਈਨ) ਵਿੰਗ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲਾ ਰਿਹਾ ਹੈ। ਦੇਖਣ ਵਿੱਚ ਆਇਆ ਕਿ ਪਾਵਰਕਾਮ ਵੱਲੋਂ ਅੰਡਰਗਰਾਊਂਡ ਲਾਈਨ ਦੀ ਮੁਰੰਮਤ ਲਈ ਸਵੇਰੇ ਇਕ ਵੱਡਾ ਟੋਇਆ ਪੁੱਟਿਆ ਗਿਆ ਸੀ, ਜਿਸ ਕਾਰਨ ਆਵਾਜਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਸਕੀ ਅਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਲੋਕਾਂ ਦਾ ਕਹਿਣਾ ਹੈ ਕਿ ਕਪੂਰਥਲਾ ਚੌਂਕ ਵਾਲੀ ਇਸ ਮੁੱਖ ਸੜਕ ’ਤੇ ਕਾਫ਼ੀ ਆਵਾਜਾਈ ਰਹਿੰਦੀ ਹੈ। ਬੱਸਾਂ ਆਦਿ ਸਮੇਤ ਵੱਡੇ ਵਾਹਨ ਇੱਥੋਂ ਵੱਡੀ ਗਿਣਤੀ ’ਚ ਲੰਘਦੇ ਹਨ ਤੇ ਪਾਵਰਕਾਮ ਦੇ ਕੰਮਕਾਜ ਕਾਰਨ ਲੋਕਾਂ ਦਾ ਪ੍ਰੇਸ਼ਾਨ ਹੋਣਾ ਸੁਭਾਵਿਕ ਹੈ। ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਰਾਤ ਨੂੰ ਕੰਮ ਕੀਤਾ ਜਾ ਸਕਦਾ ਸੀ ਪਰ ਕੰਮ ਸਵੇਰੇ ਕਰਵਾਇਆ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੀ ਜਾਰੀ ਰਿਹਾ ਤਾਂ ਗਰਮੀ ਦੇ ਮੌਸਮ ਦੌਰਾਨ ਬਿਜਲੀ ਖਪਤਕਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਹ ਇਕ ਬਹੁਤ ਮਹੱਤਵਪੂਰਨ ਲਾਈਨ ਹੈ, ਜਿਸ ਰਾਹੀਂ ਦੋ ਸਬ-ਸਟੇਸ਼ਨਾਂ ਦੇ ਸਪਲਾਈ ਜੁੜੀ ਹੋਈ ਹੈ।
ਇਹ ਵੀ ਪੜ੍ਹੋ: ਅੱਜ ਜਲੰਧਰ ਦਾ ਦੌਰਾ ਕਰਨਗੇ CM ਕੇਜਰੀਵਾਲ ਤੇ CM ਭਗਵੰਤ ਮਾਨ, ਕਰ ਸਕਦੇ ਨੇ ਵੱਡੇ ਐਲਾਨ
ਕੁਝ ਸਮਾਂ ਪਹਿਲਾਂ ਸਮਾਰਟ ਸਿਟੀ ਪ੍ਰਾਜੈਕਟ ਦੌਰਾਨ ਉਕਤ 66 ਕੇ. ਵੀ. ਅੰਡਰਗਰਾਊਂਡ ਕੇਬਲ ਡੈਮੇਜ ਹੋ ਗਈ ਸੀ। ਉਸ ਸਮੇਂ ਪਾਵਰਕਾਮ ਨੇ ਨਗਰ ਨਿਗਮ ਤੇ ਸਮਾਰਟ ਸਿਟੀ ਦਾ ਕੰਮ ਕਰ ਰਹੀ ਪ੍ਰਾਈਵੇਟ ਕੰਪਨੀ ਦੀ ਕਾਰਜਪ੍ਰਣਾਲੀ ਨੂੰ ਗਲਤ ਕਰਾਰ ਦਿੱਤਾ ਸੀ ਪਰ ਹੁਣ ਉਹੀ ਕੇਬਲ ਮੁੜ ਖਰਾਬ ਹੋ ਗਈ ਹੈ, ਜਿਸ ਨੇ ਪਾਵਰਕਾਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜੋ ਲਾਈਨਾਂ ਡੈਮੇਜ ਹੋ ਗਈਆਂ ਉਹ ਸ਼ਹਿਰ ਦੇ ਪਾਸ਼ ਇਲਾਕਿਆਂ ਨੂੰ ਬਿਜਲੀ ਸਪਲਾਈ ਦਿੰਦੀਆਂ ਹਨ। ਪਟੇਲ ਚੌਕ ਸਬ-ਸਟੇਸ਼ਨ ਨੂੰ ਟੀ. ਵੀ. ਸੈਂਟਰ ਸਬ-ਸਟੇਸ਼ਨ ਨੂੰ ਜੋੜਨ ਵਾਲੀ 66 ਕੇ. ਵੀ. ਉਕਤ ਲਾਈਨ ਦੀ ਮੁਰੰਮਤ ਲਈ ਪਾਵਰਕਾਮ ਦੇ ਅਧਿਕਾਰੀਆਂ ਨੂੰ ਸਾਰਾ ਦਿਨ ਮੁਸ਼ੱਕਤ ਕਰਨੀ ਪਈ। ਦੇਰ ਸ਼ਾਮ ਤੱਕ ਲਾਈਨ ਦੀ ਮੁਰੰਮਤ ਦਾ ਕੰਮ ਪੂਰਾ ਨਹੀਂ ਹੋਇਆ ਸੀ।
ਲਾਈਨ ਦੀ ਮੁਰੰਮਤ ਲਈ ਪ੍ਰਾਈਵੇਟ ਕੰਪਨੀ ਨੂੰ ਕੀਤਾ 6 ਲੱਖ ਰੁਪਏ ਦਾ ਜੁਰਮਾਨਾ
ਪਿਛਲੀ ਵਾਰ ਕੇਬਲ ਖ਼ਰਾਬ ਹੋਣ ’ਤੇ ਪਾਵਰਕਾਮ ਨੇ ਪ੍ਰਾਈਵੇਟ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਕਾਰਨ ਪਾਵਰਕਾਮ ਨੇ ਲਾਈਨ ਦੀ ਮੁਰੰਮਤ ਲਈ ਪ੍ਰਾਈਵੇਟ ਕੰਪਨੀ ਨੂੰ 6 ਲੱਖ ਰੁਪਏ ਦਾ ਜੁਰਮਾਨਾ ਕੀਤਾ ਸੀ। ਉਸ ਸਮੇਂ ਸਮਾਰਟ ਸਿਟੀ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਪਾਈਪਾਂ ਲਾਉਣ ਲਈ ਪ੍ਰਾਈਵੇਟ ਕੰਪਨੀ ਨੇ ਐੱਮ. ਜੀ. ਐੱਨ. ਸਕੂਲ ਦੇ ਬਾਹਰ ਸੜਕ ’ਤੇ ਟੋਏ ਪੁੱਟੇ ਸਨ। ਇਸ ਦੌਰਾਨ ਪਾਵਰਕਾਮ ਦੇ 66 ਕੇ.ਵੀ. ਅੰਡਰਗਰਾਊਂਡ ਕੇਬਲ ਡੈਮੇਜ ਹੋ ਗਈ। ਮੁਆਵਜ਼ੇ ਵਜੋਂ ਪਾਵਰਕਾਮ ਨੇ ਕੰਪਨੀ ’ਤੇ 6 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਾਇਆ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਜਲਦੀ ਹੀ ਡਰੈੱਸ ਕੋਡ 'ਚ ਨਜ਼ਰ ਆਉਣਗੇ ਆਟੋ ਚਾਲਕ, ਟਰੈਫਿਕ ਪੁਲਸ ਵੱਲੋਂ ਹਦਾਇਤਾਂ ਜਾਰੀ
ਅੰਡਰਗਰਾਊਂਡ ਕੇਬਲ ’ਚ ਦੂਜੀ ਕਿਉਂ ਪਿਆ ਫਾਲਟ?
ਖ਼ਰਾਬੀ ਕਾਰਨ ਟੀ. ਐੱਲ. ਲਾਈਨ ਦੇ ਕੰਮਕਾਜ ’ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਲਾਈਨ ਦੀ ਪਿਛਲੇ ਦਿਨੀਂ ਮੁਰੰਮਤ ਕੀਤੀ ਗਈ ਸੀ ਤੇ ਹੁਣ ਦੁਬਾਰਾ ਡੈਮੇਜ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਕੰਮ ਠੀਕ ਨਾ ਹੋਣ ਕਾਰਨ ਲਾਈਨ ’ਚ ਮੁੜ ਨੁਕਸ ਪੈਣ ਦਾ ਖ਼ਦਸ਼ਾ ਹੈ। ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਪਿਛਲੇ ਕੀਤੇ ਗਏ ਕੰਮ ਦੌਰਾਨ ਮਹਿਕਮਾ ਸਹੀ ਢੰਗ ਨਾਲ ਕੇਬਲ ਦੀ ਮੁਰੰਮਤ ਨਹੀਂ ਕਰ ਸਕਿਆ? ਕੀ ਉਸ ਸਮੇਂ ਕੰਮ ਕਰਦੇ ਸਮੇਂ ਕੋਈ ਗਲਤੀ ਰਹਿ ਗਈ ਸੀ, ਜਿਸ ਕਾਰਨ ਦੋਬਾਰਾ ਫਾਲ ਪੈ ਗਿਆ?