ਬਣਨ ਤੋਂ ਪਹਿਲਾਂ ਹੀ 87 ਲੱਖ ਰੁਪਏ ''ਚ ਵਿਕ ਗਈਆਂ ਨਾਜਾਇਜ਼ ਦੁਕਾਨਾਂ

10/19/2019 9:54:17 AM

ਜਲੰਧਰ (ਖੁਰਾਣਾ)— ਸ਼ਹਿਰ 'ਚ ਇਨ੍ਹੀਂ ਦਿਨੀਂ ਨਾਜਾਇਜ਼ ਨਿਰਮਾਣਾਂ ਦਾ ਹੜ੍ਹ ਆਇਆ ਹੋਇਆ ਹੈ। ਪਿਛਲੇ ਦਿਨੀਂ ਨਿਗਮ ਨੇ ਦਿਖਾਵੇ ਦੇ ਤੌਰ 'ਤੇ 3 ਨਾਜਾਇਜ਼ ਨਿਰਮਾਣਾਂ ਨੂੰ ਸੀਲ ਕੀਤਾ ਪਰ ਉਨ੍ਹਾਂ 'ਚੋਂ 2 ਨਾਜਾਇਜ਼ ਨਿਰਮਾਣ ਅਜਿਹੇ ਸਨ, ਜੋ ਹਾਈ ਕੋਰਟ 'ਚ ਦਾਇਰ ਪਟੀਸ਼ਨ 'ਚ ਦਰਜ ਹਨ। ਇਸ ਤੋਂ ਇਲਾਵਾ ਸ਼ਹਿਰ 'ਚ ਦਰਜਨਾਂ ਦੀ ਗਿਣਤੀ 'ਚ ਨਾਜਾਇਜ਼ ਨਿਰਮਾਣ ਹੋ ਰਹੇ ਹਨ, ਜਿਸ 'ਚ ਜ਼ਿਆਦਾਤਰ ਨੂੰ ਰਾਜਨੀਤਕ ਸਰਪ੍ਰਸਤੀ ਪ੍ਰਾਪਤ ਹੈ।
ਇਨ੍ਹੀਂ ਦਿਨੀਂ ਸ਼ਹਿਰ ਦੇ ਇਕ ਕਾਂਗਰਸੀ ਆਗੂ ਨੇ ਇਕ ਹੋਲਸੇਲ ਮੰਡੀ 'ਚ ਪੁਰਾਣੀ ਹਵੇਲੀ ਨੂੰ ਤੋੜ ਕੇ ਨਾਜਾਇਜ਼ ਤੌਰ 'ਤੇ ਦੁਕਾਨਾਂ ਬਣਾਉਣ ਦਾ ਕੰਮ ਸ਼ੁਰੂ ਕਰ ਕੇ ਰੱਖਿਆ ਹੈ। ਚਿੱਟੇ ਰੰਗ ਦੀ ਪੁਰਾਣੀ ਹਵੇਲੀ ਨੂੰ 2 ਮੁੱਖ ਸੜਕਾਂ ਲੱਗਦੀਆਂ ਹਨ, ਜਿਸ ਕਾਰਣ ਦੁਕਾਨਾਂ ਦੀ ਵੈਲਿਊ ਜ਼ਿਆਦਾ ਮੰਨੀ ਜਾ ਰਹੀ ਹੈ। ਇਨ੍ਹਾਂ ਦੁਕਾਨਾਂ ਦਾ ਨਿਰਮਾਣ ਚੋਰੀ-ਛੁਪੇ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਪੁਰਾਣੀ ਬਿਲਡਿੰਗ ਵਿਚੋਂ ਦਿਖਾਈ ਦੇ ਰਹੇ ਸੀਮੈਂਟ ਦੇ ਨਵੇਂ ਬਣੇ ਪਿੱਲਰ ਸਾਫ ਦਰਸਾਉਂਦੇ ਹਨ ਕਿ ਹਵੇਲੀ ਵਿਚ ਕਮਰਿਆਂ ਦੀ ਥਾਂ 'ਤੇ ਦੁਕਾਨਾਂ ਤਿਆਰ ਹੋ ਚੁੱਕੀਆਂ ਹਨ।

ਸੈਂਟਰਲ ਵਿਧਾਨ ਸਭਾ ਖੇਤਰ ਨਾਲ ਸਬੰਧਤ ਇਸ ਕਾਂਗਰਸੀ ਆਗੂ ਨੇ ਦੁਕਾਨਾਂ ਬਣਨ ਤੋਂ ਪਹਿਲਾਂ ਇਨ੍ਹਾਂ ਦਾ ਸੌਦਾ ਹੀ ਕਰ ਲਿਆ ਹੈ। ਇਕ ਦੁਕਾਨ 87 ਲੱਖ ਰੁਪਏ, ਜਦਕਿ ਦੂਜੀ ਦੁਕਾਨ 82 ਲੱਖ ਰੁਪਏ ਵਿਚ ਵੇਚੇ ਜਾਣ ਦੀ ਚਰਚਾ ਹੈ। ਬਾਕੀ 3-4 ਦੁਕਾਨਾਂ ਵੀ ਵੇਚੇ ਜਾਣ ਦੀ ਪ੍ਰਕਿਰਿਆ ਵਿਚ ਹੈ। ਕੁੱਲ ਮਿਲਾ ਕੇ ਇਹ ਪ੍ਰਾਜੈਕਟ 4-5 ਕਰੋੜ ਰੁਪਏ ਦਾ ਬਣਨ ਜਾ ਰਿਹਾ ਹੈ, ਜਿਸ ਵਿਚ ਇਸ ਕਾਂਗਰਸੀ ਆਗੂ ਦਾ ਆਕਾ ਵੀ ਹਿੱਸੇਦਾਰ ਦੱਸਿਆ ਜਾ ਰਿਹਾ ਹੈ।

ਨਿਗਮ ਅਧਿਕਾਰੀਆਂ ਤਕ ਪੁੱਜ ਚੁੱਕੀ ਹੈ ਸ਼ਿਕਾਇਤ
ਮੰਨਿਆ ਜਾ ਰਿਹਾ ਹੈ ਕਿ ਹਵੇਲੀ ਦੀ ਬਾਹਰੀ ਕੰਧ ਨੂੰ ਤੋੜੇ ਬਿਨਾਂ ਅੰਦਰ ਬਣਾਈਆਂ ਜਾ ਰਹੀਆਂ ਦੁਕਾਨਾਂ ਬਾਰੇ ਸ਼ਿਕਾਇਤ ਨਿਗਮ ਅਧਿਕਾਰੀਆਂ ਤਕ ਪਹੁੰਚ ਚੁੱਕੀ ਹੈ ਪਰ ਨਿਗਮ 'ਚ ਕਾਫ਼ੀ ਪ੍ਰਭਾਵਸ਼ਾਲੀ ਮੰਨੇ ਜਾਂਦੇ ਆਕਾ ਦੇ ਕਾਰਨ ਨਿਗਮ ਦੁਕਾਨਾਂ ਦਾ ਲੈਂਟਰ ਪਾਏ ਜਾਣ ਦੇ ਇੰਤਜ਼ਾਰ 'ਚ ਹੈ।

ਨਹੀਂ ਬਣ ਰਹੀਆਂ ਨਾਜਾਇਜ਼ ਕਾਲੋਨੀਆਂ ਅਤੇ ਵਿਆਹ ਪੈਲੇਸਾਂ ਦੀ ਸੂਚੀ
ਸ਼ਹਿਰ 'ਚ ਪਿਛਲੇ ਸਮੇਂ ਦੌਰਾਨ ਬਣੀਆਂ ਨਾਜਾਇਜ਼ ਕਾਲੋਨੀਆਂ ਅਤੇ ਵਿਆਹ ਪੈਲੇਸਾਂ ਦੀ ਸੂਚੀ ਬਣਾਉਣ 'ਚ ਨਿਗਮ ਅਧਿਕਾਰੀ ਲਾਪ੍ਰਵਾਹ ਦਿਸ ਰਹੇ ਹਨ। ਜ਼ਿਕਰਯੋਗ ਹੈ ਕਿ ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਇਹ ਸੂਚੀ ਬਣਾਉਣ ਲਈ ਸਟਾਫ ਨੂੰ ਦੋ ਦਿਨ ਦਾ ਸਮਾਂ ਦਿੱਤਾ ਸੀ ਪਰ ਕਈ ਦਿਨ ਲੰਘ ਜਾਣ ਤੋਂ ਬਾਅਦ ਵੀ ਇਹ ਸੂਚੀ ਨਹੀਂ ਬਣ ਸਕੀ। ਇਸ ਤੋਂ ਪਹਿਲਾਂ ਵੀ ਅਜਿਹੀ ਸੂਚੀ ਨੂੰ ਲੈ ਕੇ ਜੁਆਇੰਟ ਕਮਿਸ਼ਨਰ ਨੂੰ ਕਈ ਹਫ਼ਤੇ ਲਾਰਾ ਲਾਇਆ ਗਿਆ।

ਬੁਲੰਦਪੁਰ ਪੁਲੀ ਨੇੜੇ ਕੱਟੀ ਜਾ ਰਹੀ ਹੈ ਨਾਜਾਇਜ਼ ਕਾਲੋਨੀ
ਪੰਜਾਬ ਸਰਕਾਰ ਨੇ ਭਾਵੇ ਨਾਜਾਇਜ਼ ਕਾਲੋਨੀਆਂ ਦੇ ਕੱਟਣ 'ਤੇ ਰੋਕ ਲਗਾ ਰੱਖੀ ਹੈ ਪਰ ਫਿਰ ਵੀ ਜਲੰਧਰ 'ਚ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਟਰਾਂਸਪੋਰਟ ਨਗਰ ਤੋਂ ਗਊਸ਼ਾਲਾ ਹੁੰਦੇ ਹੋਏ ਬੁਲੰਦਪੁਰ ਦੀ ਪੁਲੀ ਆਉਂਦੀ ਹੈ, ਉਥੇ ਗਦਈਪੁਰ ਰੋਡ 'ਤੇ ਸ਼ਰੇਆਮ ਨਾਜਾਇਜ਼ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ। ਉਥੇ ਕਾਲੋਨੀ ਦੇ ਅੱਗੇ ਨਾਜਾਇਜ਼ ਤੌਰ 'ਤੇ ਦੁਕਾਨਾਂ ਦਾ ਨਿਰਮਾਣ ਪੂਰਾ ਕਰ ਲਿਆ ਗਿਆ ਹੈ ਅਤੇ ਬਾਕੀ ਨਿਰਮਾਣ ਧੜੱਲੇ ਨਾਲ ਚੱਲ ਰਿਹਾ ਹੈ। ਨਿਗਮ ਅਧਿਕਾਰੀਆਂ ਨੂੰ ਇਸ ਕਾਲੋਨੀ ਬਾਰੇ ਪੂਰੀ ਜਾਣਕਾਰੀ ਹੈ ਪਰ ਫਿਰ ਵੀ ਇਸ 'ਤੇ ਕਾਰਵਾਈ ਕਰਨ 'ਚ ਦਿਲਚਸਪੀ ਨਹੀਂ ਦਿਖਾਈ ਜਾ ਰਹੀ। ਇਸ ਤੋਂ ਇਲਾਵਾ ਬੁਲੰਦਪੁਰ ਰੋਡ 'ਤੇ ਗਊਸ਼ਾਲਾ ਦੇ ਨਾਲ ਲੱਗਦੀ ਸੜਕ 'ਤੇ ਵੀ ਅੱਗੇ ਜਾ ਕੇ ਇਕ ਨਾਜਾਇਜ਼ ਕਾਲੋਨੀ ਕੱਟੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਥੇ ਮਿੱਟੀ ਪਾ ਕੇ ਸੜਕਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਪਲਾਟ ਕੱਟੇ ਜਾ ਰਹੇ ਹਨ ਪਰ ਨਿਗਮ ਅਧਿਕਾਰੀ ਚੁੱਪ ਬੈਠੇ ਹਨ।

ਨਿਗਮ ਦੇ ਐੱਸ. ਈ. ਅਸ਼ਵਨੀ ਚੌਧਰੀ ਦਾ ਤਬਾਦਲਾ, ਸਿਆਲ ਹੋਣਗੇ ਨਵੇਂ ਐੱਸ. ਈ.
ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਨੇ ਜਲੰਧਰ ਨਗਰ ਨਿਗਮ ਦੇ ਐੱਸ. ਈ. (ਬੀ. ਐਂਡ. ਆਰ.) ਅਸ਼ਵਨੀ ਚੌਧਰੀ ਦਾ ਤਬਾਦਲਾ ਪਟਿਆਲਾ ਨਗਰ ਨਿਗਮ 'ਚ ਕਰ ਦਿੱਤਾ ਹੈ, ਉਨ੍ਹਾਂ ਕੋਲ ਮੋਹਾਲੀ ਨਗਰ ਨਿਗਮ ਦਾ ਵਾਧੂ ਕੰਮ ਵੀ ਰਹੇਗਾ। ਚੌਧਰੀ ਦੀ ਥਾਂ 'ਤੇ ਐੱਮ. ਐੱਮ. ਸਿਆਲ ਨੂੰ ਜਲੰਧਰ ਨਿਗਮ ਦਾ ਨਵਾਂ ਐੱਸ. ਈ. ਲਾਇਆ ਗਿਆ ਹੈ। ਧਿਆਨਯੋਗ ਹੈ ਕਿ ਸਿਆਲ ਇਸ ਤੋਂ ਪਹਿਲਾਂ ਵੀ ਜਲੰਧਰ ਨਿਗਮ 'ਚ ਕੁਝ ਸਮਾਂ ਤਾਇਨਾਤ ਰਹੇ।

ਨਿਗਮ ਨੇ ਕੱਟੇ 6 ਵਾਟਰ ਕੁਨੈਕਸ਼ਨ
ਨਗਰ ਨਿਗਮ ਦੇ ਵਾਟਰ ਟੈਕਸ ਵਿਭਾਗ ਨੇ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਅਤੇ ਸੁਪਰਿੰਟੈਂਡੈਂਟ ਮਨੀਸ਼ ਦੁੱਗਲ ਦੇ ਨਿਰਦੇਸ਼ਾਂ 'ਤੇ ਬੀਤੇ ਦਿਨ ਇੰਡਸਟਰੀਅਲ ਅਸਟੇਟ ਅਤੇ ਜ਼ੋਨ ਨੰ. 7 ਦੇ ਖੇਤਰ 'ਚ ਕਾਰਵਾਈ ਕੀਤੀ, ਜਿਸ ਦੌਰਾਨ ਡਿਫਾਲਟਰਾਂ ਦੇ 6 ਵਾਟਰ ਕੁਨੈਕਸ਼ਨ ਕੱਟ ਦਿੱਤੇ। ਜ਼ੋਨ ਦੇ ਫੀਲਡ ਸਟਾਫ ਨੇ ਮੌਕੇ 'ਤੇ 11.50 ਲੱਖ ਰੁਪਏ ਵੀ ਵਸੂਲੇ।


shivani attri

Content Editor

Related News