ਪੁੱਡਾ ਤੋਂ ਬੇਖੌਫ ਹੋ ਕੇ ਪਿੰਡਾਂ ''ਚ ਧੜੱਲੇ ਨਾਲ ਕੱਟੀਆਂ ਜਾ ਰਹੀਆਂ ਹਨ ਨਾਜਾਇਜ਼ ਕਾਲੋਨੀਆਂ

02/27/2020 5:04:16 PM

ਜਲੰਧਰ (ਮਹੇਸ਼)— ਨਗਰ ਨਿਗਮ ਦੀ ਕਾਰਵਾਈ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਹਿਰੀ ਖੇਤਰ 'ਚ ਨਾਜਾਇਜ਼ ਨਿਰਮਾਣ ਜ਼ੋਰਾਂ 'ਤੇ ਚੱਲ ਹੀ ਰਿਹਾ ਹੈ, ਉਥੇ ਹੀ ਪੁੱਡਾ ਤੋਂ ਬੇਖੌਫ ਹੋ ਕੇ ਪਿੰਡਾਂ 'ਚ ਵੀ ਧੜੱਲੇ ਨਾਲ ਨਾਜਾਇਜ਼ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ, ਜਿਸ ਦੀ ਮਿਸਾਲ ਆਦਮਪੁਰ ਵਿਧਾਨ ਸਭਾ ਹਲਕੇ ਦੇ ਸਰਕਲ ਪਤਾਰਾ ਅਤੇ ਜਲੰਧਰ ਕੈਂਟ ਹਲਕਾ ਦੇ ਅਧੀਨ ਆਉਂਦੇ ਕੁੱਕੜ ਪਿੰਡ ਸਮੇਤ ਹੋਰ ਕਈ ਪਿੰਡਾਂ 'ਚ ਕੱਟੀਆਂ ਜਾ ਰਹੀ ਕਾਲੋਨੀਆਂ ਹਨ। ਕੁੱਕੜ ਪਿੰਡ 'ਚ ਕੱਟੀਆਂ ਗਈਆਂ ਕਾਲੋਨੀਆਂ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ। ਇੰਨਾ ਹੀ ਨਹੀਂ ਇਸ ਕਾਲੋਨੀ ਦੇ ਕਈ ਪਲਾਟ ਵੀ ਵਿਕ ਚੁੱਕੇ ਹਨ। ਨਾਜਾਇਜ਼ ਕਾਲੋਨੀਆਂ 'ਚ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਵਾਅਦਾ ਕਰ ਕੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦਕਿ ਸਹੂਲਤ ਕੋਈ ਵੀ ਨਹੀਂ ਦਿੱਤੀ ਜਾ ਰਹੀ। 

ਪਤਾਰਾ ਦੇ ਆਲੇ ਦੁਆਲੇ ਪੈਂਦੀਆਂ ਕਈ ਨਾਜਾਇਜ਼ ਕਾਲੋਨੀਆਂ ਦਾ ਨਿਰਮਾਣ ਸਾਫ ਦੱਸ ਰਿਹਾ ਹੈ ਕਿ ਇਹ ਕੰਮ ਕਿਸੇ ਮਿਲੀਭਗਤ ਜਾਂ ਫਿਰ ਰਾਜਨੀਤਕ ਦਬਾਅ ਦੇ ਬਿਨਾਂ ਨਹੀਂ ਹੋ ਸਕਦੇ। ਸ਼ਹਿਰੀ ਖੇਤਰ ਦੇ ਮੁਕਾਬਲੇ ਦਿਹਾਤੀ ਖੇਤਰ 'ਚ ਜ਼ਮੀਨਾਂ ਦੇ ਰੇਟ ਕਾਫ਼ੀ ਘੱਟ ਹੋਣ ਕਾਰਨ ਕਾਲੋਨਾਈਜ਼ਰਾਂ ਨੇ ਪਿੰਡਾਂ ਵੱਲ ਆਪਣਾ ਰੁਖ ਕਰ ਲਿਆ ਹੈ। ਉਥੇ ਖੁਦ ਨਾ ਬੈਠ ਕੇ ਕਾਲੋਨਾਈਜ਼ਰਾਂ ਨੇ ਆਪਣੇ ਕਰਿੰਦਿਆਂ ਨੂੰ ਬਿਠਾਇਆ ਹੋਇਆ ਹੈ ਜੋ ਕਿ ਆਉਣ ਵਾਲੇ ਗਾਹਕਾਂ ਨਾਲ ਗੱਲਬਾਤ ਕਰ ਕੇ ਉਸ ਦੀ ਜਾਣਕਾਰੀ ਆਪਣੇ ਆਕਾਵਾਂ ਨੂੰ ਦਿੰਦੇ ਹਨ। ਜੇਕਰ ਪੁੱਡਾ ਚਾਹੇ ਤਾਂ ਉਕਤ ਦੋਵੇਂ ਹਲਕਿਆਂ ਦੇ ਪਿੰਡਾਂ 'ਚ ਕਈ ਨਾਜਾਇਜ਼ ਕਾਲੋਨੀਆਂ ਨੂੰ ਬੇਨਕਾਬ ਕੀਤਾ ਜਾ ਸਕਦਾ ਹੈ।


shivani attri

Content Editor

Related News