ਕਾਂਗਰਸੀ ਕੌਂਸਲਰ ਖਹਿਰਾ ਅਤੇ ਮੁਲਤਾਨੀ ਨੇ ਰੋਕੀਆਂ ਨਿਗਮ ਦੀਆਂ ਡਿੱਚ ਮਸ਼ੀਨਾਂ

06/27/2019 1:04:58 PM

ਜਲੰਧਰ (ਖੁਰਾਣਾ)— ਇਕ ਪਾਸੇ ਜਲੰਧਰ ਦੀਆਂ 250 ਤੋਂ ਵੱਧ ਨਾਜਾਇਜ਼ ਬਿਲਡਿੰਗਾਂ ਅਤੇ ਦਰਜਨਾਂ ਨਾਜਾਇਜ਼ ਕਾਲੋਨੀਆਂ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪਹੁੰਚ ਚੁੱਕਾ ਹੈ। ਜਿੱਥੇ ਇਸ ਮਾਮਲੇ 'ਚ ਸਖਤ ਕਾਰਵਾਈ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ ਕਿਉਂਕਿ ਇਸ ਮਾਮਲੇ ਵਿਚ ਪੀ. ਆਈ. ਐੱਲ. ਦੇ ਆਧਾਰ 'ਤੇ ਨਿਗਮ ਅਧਿਕਾਰੀਆਂ ਦੀ ਵੀ ਜਵਾਬਤਲਬੀ ਹੋਵੇਗੀ, ਜਿਨ੍ਹਾਂ ਨੇ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਕਈ ਸਾਲ ਇਨ੍ਹਾਂ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ।ਕਾਰਵਾਈ ਦੇ ਮਾਮਲੇ 'ਚ ਜਲੰਧਰ ਨਗਰ ਨਿਗਮ ਨੂੰ ਜਿਸ ਤਰ੍ਹਾਂ ਸਿਆਸੀ ਦਖਲ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਦੀ ਇਕ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਸੱਤਾਧਾਰੀ ਕਾਂਗਰਸ ਦੇ ਦੋ ਆਗੂਆਂ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ, ਕੌਂਸਲਰ ਪਤੀ ਗੁਰਨਾਮ ਸਿੰਘ ਮੁਲਤਾਨੀ ਨੇ ਨਿਗਮ ਦੀਆਂ ਡਿੱਚ ਮਸ਼ੀਨਾਂ ਦੇ ਸਾਹਮਣੇ ਖੜ੍ਹੇ ਹੋ ਕੇ ਨਾਜਾਇਜ਼ ਕਾਲੋਨੀ 'ਤੇ ਕਾਰਵਾਈ ਕੀਤੇ ਜਾਣ ਦਾ ਵਿਰੋਧ ਕੀਤਾ।

ਜ਼ਿਕਰਯੋਗ ਹੈ ਕਿ 'ਜਗ ਬਾਣੀ' ਦੇ 26 ਜੂਨ ਦੇ ਐਡੀਸ਼ਨ 'ਚ ਖਬਰ ਛਪੀ ਸੀ ਕਿ ਰਾਮਾ ਮੰਡੀ-ਢਿੱਲਵਾਂ ਰੋਡ 'ਤੇ ਗੁਰੂ ਅੰਗਦ ਦੇਵ ਪਬਲਿਕ ਸਕੂਲ ਦੇ ਸਾਹਮਣੇ ਧੜੱਲੇ ਨਾਲ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ ਅਤੇ ਇਹ ਕੰਮ ਨੂੰ ਇਲਾਕੇ ਦੇ ਕਾਂਗਰਸੀ ਆਗੂਆਂ ਵੱਲੋਂ ਹੀ ਅੰਜਾਮ ਦਿੱਤਾ ਜਾ ਰਿਹਾ ਹੈ। ਖਬਰ ਛਪਣ ਤੋਂ ਬਾਅਦ ਬੀਤੇ ਦਿਨ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਢਿੱਲਵਾਂ ਰੋਡ 'ਤੇ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਵਿਚ ਡਿੱਚ ਮਸ਼ੀਨਾਂ ਭੇਜੀਆਂ ਗਈਆਂ। ਇਸ ਲਈ ਨਿਗਮ ਦੇ ਐੱਮ. ਟੀ. ਪੀ. ਲਖਬੀਰ ਸਿੰਘ, ਏ. ਟੀ. ਪੀ. ਅਤੇ ਇੰਸਪੈਕਟਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਜਿਵੇਂ ਹੀ ਇਹ ਟੀਮ ਡਿੱਚ ਮਸ਼ੀਨਾਂ ਲੈ ਕੇ ਉਕਤ ਨਾਜਾਇਜ਼ ਕਾਲੋਨੀ 'ਚ ਦਾਖਲ ਹੋਈ, ਨਾਲ ਲੱਗਦੇ ਲੱਧੇਵਾਲੀ ਵਾਰਡ ਦੇ ਕਾਂਗਰਸੀ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਅਤੇ ਕੌਂਸਲਰ ਪਤੀ ਗੁਰਨਾਮ ਸਿੰਘ ਮੁਲਤਾਨੀ ਨੇ ਡਿੱਚ ਮਸ਼ੀਨਾਂ ਦਾ ਰਸਤਾ ਰੋਕ ਲਿਆ ਅਤੇ ਨਿਗਮ ਦੀ ਕਾਰਵਾਈ ਦਾ ਵਿਰੋਧ ਕੀਤਾ। ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਦੋਵਾਂ ਕਾਂਗਰਸੀ ਆਗੂਆਂ ਨੂੰ ਕਾਫੀ ਸਮਝਾਇਆ ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਹੋਣ ਦਿੱਤੀ, ਜਿਸ ਕਾਰਨ ਨਿਗਮ ਟੀਮ ਨੂੰ ਬਿਨਾਂ ਕਾਰਵਾਈ ਕੀਤੇ ਪਰਤਣਾ ਪਿਆ। ਇਸ ਨਾਲ ਨਿਗਮ ਦੀ ਕਾਫੀ ਬੇਇੱਜ਼ਤੀ ਵੀ ਹੋਈ। ਪਤਾ ਲੱਗਾ ਹੈ ਕਿ ਮੌਕੇ 'ਤੇ ਕਾਂਗਰਸੀ ਕੌਂਸਲਰਾਂ ਦੀ ਨਿਗਮ ਕਮਿਸ਼ਨਰ ਨਾਲ ਟੈਲੀਫੋਨ 'ਤੇ ਗੱਲ ਵੀ ਹੋਈ, ਜਿਸ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਇਸ ਕਾਲੋਨੀ ਦਾ ਸੀ. ਐੱਲ. ਯੂ. ਪਾਸ ਕਰਵਾ ਲੈਣਗੇ ਅਤੇ ਫਾਈਲ ਨਿਗਮ ਵਿਚ ਸਬਮਿਟ ਕਰ ਦਿੱਤੀ ਜਾਵੇਗੀ। ਉਲਟੇ ਪੈਰੀਂ ਪਰਤੀ ਨਿਗਮ ਟੀਮ ਦੇ ਕਮਿਸ਼ਨਰ ਨੂੰ ਪੂਰੇ ਘਟਨਾਕ੍ਰਮ ਤੋਂ ਜਾਣੂ ਕਰਵਾ ਦਿੱਤਾ ਹੈ। ਹੁਣ ਇਹ ਕਮਿਸ਼ਨਰ 'ਤੇ ਹੈ ਕਿ ਉਹ ਇਸ ਮਾਮਲੇ ਦੀ ਕੀ ਕਾਰਵਾਈ ਕਰਦੇ ਹਨ।

PunjabKesari

ਕੀ ਹੁਣ ਬਾਕੀ ਕਾਲੋਨੀਆਂ 'ਤੇ ਕਾਰਵਾਈ ਕਰ ਸਕੇਗਾ ਨਿਗਮ?
ਨਾਜਾਇਜ਼ ਕਾਲੋਨੀ ਦੇ ਮਾਮਲੇ 'ਚ ਕਾਰਵਾਈ ਕਰਨ ਗਈ ਨਗਰ ਨਿਗਮ ਦੀ ਟੀਮ ਨੂੰ ਰੋਕਣ ਦੀ ਕਾਰਵਾਈ ਜਿਸ ਤਰ੍ਹਾਂ ਢਿੱਲਵਾਂ ਇਲਾਕੇ 'ਚ ਹੋਈ, ਉਸ ਨਾਲ ਸ਼ਹਿਰ 'ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਨਿਗਮ ਇਸ ਤੋਂ ਬਾਅਦ ਕਿਸੇ ਹੋਰ ਨਾਜਾਇਜ਼ ਕਾਲੋਨੀ ਬਾਰੇ ਕਾਰਵਾਈ ਕਰ ਸਕੇਗਾ। ਜੇਕਰ ਸਭ ਥਾਵਾਂ 'ਤੇ ਨਿਗਮ ਦੀ ਡਿੱਚ ਮਸ਼ੀਨ ਨੂੰ ਇੰਝ ਰੋਕਿਆ ਜਾਣ ਲੱਗਾ ਤਾਂ ਸਰਕਾਰੀ ਮਸ਼ੀਨਰੀ ਅਤੇ ਇੰਨੇ ਵੱਡੇ ਤੰਤਰ ਦੀ ਲੋੜ ਹੀ ਕੀ ਹੈ। ਫਿਰ ਤਾਂ ਹਰ ਕੋਈ ਕਿਸੇ ਨਾ ਕਿਸੇ ਨੇਤਾ ਦੀ ਸਰਪ੍ਰਸਤੀ ਲੈ ਕੇ ਹਰ ਤਰ੍ਹਾਂ ਦਾ ਕੰਮ ਕਰਨ ਲੱਗੇਗਾ।
ਜ਼ਿਕਰਯੋਗ ਹੈ ਕਿ ਕੌਂਸਲਰ ਹਾਊਸ ਦੀ ਮੀਟਿੰਗ 'ਚ ਰਾਮਾ ਮੰਡੀ ਇਲਾਕੇ ਦੇ ਹੀ ਕਾਂਗਰਸੀ ਕੌਂਸਲਰਾਂ ਨੇ ਨਾਜਾਇਜ਼ ਉਸਾਰੀਆਂ ਦੇ ਮਾਮਲੇ 'ਚ ਨਿਗਮ ਸਟਾਫ ਦੀ ਨਾਲਾਇਕੀ ਦਾ ਮੁੱਦਾ ਉਠਾ ਕੇ ਉਨ੍ਹਾਂ ਦੀ ਸਸਪੈਂਸ਼ਨ ਦੀ ਮੰਗ ਕੀਤੀ ਸੀ ਅਤੇ ਹੁਣ ਇਹੀ ਕਾਂਗਰਸੀ ਕੌਂਸਲਰ ਸ਼ਰੇਆਮ ਨਾਜਾਇਜ਼ ਉਸਾਰੀਆਂ ਨੂੰ ਸਰਪ੍ਰਸਤੀ ਦਿੰਦੇ ਦਿਸ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪੋਲੀਟੀਕਲ ਪ੍ਰੈਸ਼ਰ ਦਾ ਇਹ ਮਾਮਲਾ ਹਾਈ ਕੋਰਟ ਵਿਚ ਵੀ ਉਠਾਇਆ ਜਾ ਸਕਦਾ ਹੈ।

ਨਿਗਮ ਨੇ ਤੋੜੀ ਪਰਸ਼ੂ ਰਾਮ ਕਾਲੋਨੀ
ਢਿੱਲਵਾਂ ਰੋਡ 'ਤੇ ਗੁਰੂ ਅੰਗਦ ਦੇਵ ਸਕੂਲ ਦੇ ਸਾਹਮਣੇ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ 'ਤੇ ਕਾਰਵਾਈ ਕਰਨ ਦੀ ਹਿੰਮਤ ਤਾਂ ਨਿਗਮ ਨਹੀਂ ਜੁਟਾ ਸਕਿਆ ਪਰ ਟਰਾਂਸਪੋਰਟ ਨਗਰ ਤੋਂ ਅੱਗੇ ਗਊਸ਼ਾਲਾ ਦੇ ਨੇੜੇ ਨਾਜਾਇਜ਼ ਤੌਰ 'ਤੇ ਕੱਟੀ ਜਾ ਰਹੀ ਪਰਸ਼ੂ ਰਾਮ ਕਾਲੋਨੀ 'ਤੇ ਨਿਗਮ ਟੀਮ ਨੇ ਡਿੱਚ ਮਸ਼ੀਨਾਂ ਚਲਾ ਦਿੱਤੀਆਂ। ਉਥੇ ਕੱਟੀ ਜਾ ਰਹੀ ਕਾਲੋਨੀ ਦੀਆਂ ਸੜਕਾਂ ਨੂੰ ਤੋੜ ਦਿੱਤਾ ਗਿਆ ਅਤੇ ਸੀਵਰ ਪਾਉਣ ਲਈ ਲਾਈਆਂ ਗਈਆਂ ਪਾਈਪਾਂ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ। ਇਹ ਕਾਰਵਾਈ ਸਵੇਰੇ-ਸਵੇਰੇ ਕੀਤੀ ਗਈ ਤਾਂ ਜੋ ਕੋਈ ਵਿਰੋਧ ਨਾ ਕਰ ਸਕੇ। ਇਸ ਕਾਰਵਾਈ ਦੀ ਅਗਵਾਈ ਐੱਮ. ਟੀ. ਪੀ. ਲਖਵੀਰ ਸਿੰਘ ਨੇ ਕੀਤੀ।


shivani attri

Content Editor

Related News