ਨਵੇਂ ਸਾਲ ਮੌਕੇ ਹੋਟਲ ਬੁੱਕ ਕਰਨ ਨੂੰ ਲੈ ਕੇ ਹੋਟਲ ''ਚ ਹੋਇਆ ਭਾਰੀ ਹੰਗਾਮਾ, ਮਾਹੌਲ ਹੋਇਆ ਤਣਾਅਪੂਰਨ

Wednesday, Nov 01, 2023 - 12:09 PM (IST)

ਜਲੰਧਰ (ਸੁਧੀਰ) : ਨਵਾਂ ਸਾਲ 2024 ਦੇ ਆਗਮਨ ਤਹਿਤ 31 ਦਸੰਬਰ ਦੀ ਨਾਈਟ ਪਾਰਟੀ ਬੁੱਕ ਕਰਨ ਸਬੰਧੀ ਸ਼ਹਿਰ ਦੇ ਪ੍ਰਸਿੱਧ ਹੋਟਲ ਦੇ ਭਾਈਵਾਲਾਂ ਵਿਚਕਾਰ ਜੰਮ ਕੇ ਬਹਿਸਬਾਜ਼ੀ ਹੋਈ। ਹੋਟਲ ਵਿਚ ਸਥਿਤੀ ਤਣਾਅਪੂਰਨ ਹੁੰਦੀ ਦੇਖ ਇਕ ਧਿਰ ਦੇ ਭਾਈਵਾਲ ਨੇ ਆਪਣੇ ਸੈਂਕੜੇ ਸਮਰਥਕ ਹੋਟਲ ਵਿਚ ਬੁਲਾ ਲਏ, ਜਿਸ ਤੋਂ ਬਾਅਦ ਵਿਵਾਦ ਹੋਰ ਵਧ ਗਿਆ। ਭਾਈਵਾਲ ਦੇ ਸੈਂਕੜੇ ਸਮਰਥਕਾਂ ਨੇ ਦੂਜੀ ਧਿਰ ਦੇ ਲੋਕਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਨਾਲ ਹੋਟਲ ਦਾ ਮਾਹੌਲ ਤਣਾਅਪੂਰਨ ਬਣ ਗਿਆ।

ਇਸਦੇ ਨਾਲ ਹੀ ਨਾਰਾਜ਼ ਹੋਟਲ ਦੇ ਇਕ ਭਾਈਵਾਲ ਨੇ ਦੂਜੇ ਭਾਈਵਾਲਾਂ ’ਤੇ ਕਾਰਵਾਈ ਕਰਵਾਉਣ ਲਈ ਚੰਡੀਗੜ੍ਹ ਵਿਚ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀਆਂ ਤੋਂ ਲੈ ਕੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ। ਹੋਟਲ ਵਿਚ ਹੰਗਾਮਾ ਹੁੰਦਾ ਦੇਖ ਕੇ ਰੈਸਟੋਰੈਂਟ ਵਿਚ ਖਾਣਾ ਖਾਣ ਆਏ ਲੋਕਾਂ ਵਿਚ ਭਾਜੜ ਮਚ ਗਈ। ਇਸਦੇ ਨਾਲ ਹੀ ਕਈ ਲੋਕ ਰੈਸਟੋਰੈਂਟ ਤੋਂ ਬਾਹਰ ਵੱਲ ਭੱਜ ਖੜ੍ਹੇ ਹੋਏ।  ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ’ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਇਕ ਪ੍ਰਸਿੱਧ ਹੋਟਲ ਦੇ ਕੁਝ ਭਾਈਵਾਲਾਂ ਨੇ ਨਵਾਂ ਸਾਲ 2024 ਦੇ ਆਗਮਨ ਕਾਰਨ 31 ਦਸੰਬਰ ਦੀ ਨਾਈਟ ਬੁੱਕ ਕਰਨ ਲਈ ਹੋਟਲ ਦੇ ਦੋਵੇਂ ਬੈਂਕੁਇਟ ਹਾਲ ਬੁੱਕ ਕਰ ਲਏ ਹਨ। ਉਕਤ ਭਾਈਵਾਲਾਂ ਨੇ ਦੋਵੇਂ ਹਾਲ ਬੁੱਕ ਕਰਨ ਲਈ ਐਡਵਾਂਸ ਦੀਆਂ ਰਸੀਦਾਂ ਵੀ ਕਟਵਾ ਦਿੱਤੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਪੁਲਸ ਤੇ ਗੈਂਗਸਟਰਾਂ 'ਚ ਮੁਕਾਬਲਾ, ਨਾਮੀ ਗੈਂਗਸਟਰ ਦਾ ਕਰ 'ਤਾ ਐਨਕਾਊਂਟਰ

ਕੁਝ ਦੇਰ ਬਾਅਦ ਜਦੋਂ ਹੋਟਲ ਦੇ ਹੋਰਨਾਂ ਭਾਈਵਾਲਾਂ ਨੂੰ 31 ਦਸੰਬਰ ਦੀ ਨਾਈਟ ਪਾਰਟੀ ਬੁੱਕ ਕਰਨ ਦਾ ਪਤਾ ਲੱਗਾ ਤਾਂ ਉਨ੍ਹਾਂ ਹੋਟਲ ਦੇ ਸਟਾਫ ਨੂੰ ਪਹਿਲੇ ਭਾਈਵਾਲ ਵੱਲੋਂ ਬੁੱਕ ਕਰਵਾਈ ਪਾਰਟੀ ਨੂੰ ਕੈਂਸਲ ਕਰਨ ਲਈ ਕਿਹਾ, ਜਿਸ ਦੇ ਕੁਝ ਦੇਰ ਬਾਅਦ ਹੀ ਹੋਟਲ ਦੇ ਦੂਜੇ ਭਾਈਵਾਲਾਂ ਨੇ ਪਾਰਟੀ ਬੁੱਕ ਕਰਵਾਉਣ ਵਾਲੇ ਭਾਈਵਾਲ ਨੂੰ ਖੁਦ ਫੋਨ ਕਰ ਕੇ ਪਾਰਟੀ ਰੱਦ ਕਰਨ ਨੂੰ ਕਿਹਾ, ਜਿਸ ਸਬੰਧੀ ਦੋਵਾਂ ਧਿਰਾਂ ਵਿਚ ਫੋਨ’ਤੇ ਜੰਮ ਕੇ ਬਹਿਸਬਾਜ਼ੀ ਹੋਈ।  ਦੋਵਾਂ ਧਿਰਾਂ ਵਿਚਕਾਰ ਵਿਵਾਦ ਇੰਨਾ ਵਧ ਗਿਆ ਕਿ ਉਨ੍ਹਾਂ ਇਕ-ਦੂਜੇ ਨੂੰ ਕਥਿਤ ਰੂਪ ਨਾਲ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਦੇਰ ਬਾਅਦ ਹੀ ਦੋਵਾਂ ਧਿਰਾਂ ਦੇ ਸੈਂਕੜੇ ਸਮਰਥਕ ਹੋਟਲ ਵਿਚ ਇਕੱਠੇ ਹੋ ਗਏ, ਜਿਥੇ ਜੰਮ ਕੇ ਹੰਗਾਮਾ ਹੋਇਆ। ਦੂਜੇ ਪਾਸੇ ਸੰਪਰਕ ਕਰਨ ’ਤੇ ਡੀ.ਸੀ.ਪੀ. ਜਗਮੋਹਨ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਮਹਾਡਿਬੇਟ ਦੀਆਂ ਤਿਆਰੀਆਂ, CM ਮਾਨ ਦੇ ਲੈਫਟ ਹੈਂਡ ਸੁਖਬੀਰ ਤੇ ਰਾਈਟ ਹੈਂਡ ਲੱਗੀ ਜਾਖੜ ਦੀ ਕੁਰਸੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Harnek Seechewal

Content Editor

Related News