ਰਜਿਸਟਰੀ ਹੋਈ ਮਹਿੰਗੀ, ਤਤਕਾਲ ਰਜਿਸਟਰੀ ਲਈ ਦੇਣੀ ਪਵੇਗੀ 5 ਹਜ਼ਾਰ ਵਾਧੂ ਫੀਸ

01/25/2020 4:57:43 PM

ਜਲੰਧਰ— ਰਜਿਸਟਰੀ ਕਰਵਾਉਣ ਲਈ ਹੁਣ ਲੋਕਾਂ ਨੂੰ 500 ਤੋਂ 5 ਹਜ਼ਾਰ ਰੁਪਏ ਤੱਕ ਜ਼ਿਆਦਾ ਖਰਚ ਕਰਨੇ ਹੋਣਗੇ। ਫਰਦ ਦੀ ਕਾਪੀ ਵੀ 5 ਰੁਪਏ ਪ੍ਰਤੀ ਪੇਜ਼ ਦੇ ਹਿਸਾਬ ਨਾਲ ਮਹਿੰਗੀ ਮਿਲੇਗੀ। ਪੰਜਾਬ ਸਰਕਾਰ ਨੇ ਇਹ ਬੋਝ ਗੁਪਤ ਤਰੀਕੇ ਨਾਲ ਫੈਸੀਲਿਟੇਸ਼ਨ ਚਾਰਜਿਸ ਦੇ ਨਾਂ ਨਾਲ ਪਾ ਦਿੱਤਾ ਹੈ, ਜੋਕਿ 1 ਫਰਵਰੀ ਤੋਂ ਲਾਗੂ ਹੋਵੇਗਾ। ਇਹ ਰਕਮ ਰਜਿਸਟਰੀ ਦੀ ਅਪੁਆਇੰਟਮੈਂਟ ਲੈਂਦੇ ਹੀ ਆਨਲਾਈਨ ਜਮ੍ਹਾ ਕਰਵਾਉਣੀ ਹੋਵੇਗੀ।

ਇਸ ਦੇ ਬਾਰੇ ਮਾਲੀਆ ਵਿਭਾਗ ਨੇ ਡਿਪਟੀ ਕਮਿਸ਼ਨਰ, ਪੰਜਾਬ ਲੈਂਡ ਰਿਕਾਰਡ ਸੋਸਾਇਟੀ ਦੇ ਡਾਇਰੈਕਟਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੂੰ ਪੱਤਰ ਭੇਜ ਕੇ ਸੂਚਿਤ ਕੀਤਾ ਹੈ। ਸਰਕਾਰ ਨੇ ਪੰਜਾਬ ਦੀ ਚਿੰਤਾਜਨਕ ਵਿੱਤੀ ਹਾਲਤ ਨੂੰ ਦੇਖਦੇ ਹੋਏ ਲੋਕਾਂ ਤੋਂ ਇਹ ਵਸੂਲੀ ਕਰਨ ਦੀ ਯੋਜਨਾ ਬਣਾਈ ਹੈ। ਮੌਜੂਦਾ ਸਮੇਂ 'ਚ ਜਲੰਧਰ ਵਨ ਟੂ ਵਨ, ਨਕੋਦਰ, ਫਿਲੌਰ ਅਤੇ ਸ਼ਾਹਕੋਟ ਪੰਜ ਤਹਿਸੀਲਾਂ ਹਨ। ਇਸ ਦੇ ਇਲਾਵਾ ਆਦਮਪੁਰ, ਕਰਤਾਰਪੁਰ, ਭੋਗਪੁਰ, ਗੋਰਾਇਆ, ਨੂਰਮਹਿਲ, ਮੇਹਤਪੁਰ ਅਤੇ ਲੋਹੀਆਂ ਸੱਤ ਤਹਿਸੀਲਾਂ ਹਨ। ਇਥੇ ਰੋਜ਼ਾਨਾ ਔਸਤਨ 125 ਤੋਂ 150 ਰਜਿਸਟਰੀਆਂ ਹੁੰਦੀਆਂ ਹਨ। ਹੁਣ ਮਹੀਨੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਲੋਕਾਂ ਨੂੰ ਕਰੀਬ 20 ਲੱਖ ਰੁਪਏ ਵਾਧੂ ਚੁਕਾਉਣੇ ਹੋਣਗੇ। ਤਤਕਾਲ ਰਜਿਸਟਰੀ ਜ਼ਿਆਦਾ ਨਹੀਂ ਹੈ ਕਿਉਂਕਿ ਅਪੁਆਇੰਟਮੈਂਟ ਆਸਾਨੀ ਨਾਲ ਮਿਲ ਜਾਂਦੀ ਹੈ। ਹਾਲਾਂਕਿ ਐਮਰਜੈਂਸੀ ਨਾਲ ਰਜਿਸਟਰੀ ਕਰਵਾਉਣ 'ਤੇ 5 ਹਜ਼ਾਰ ਰੁਪਏ ਦੇਣੇ ਪੈਣਗੇ।

ਪਹਿਲਾਂ ਲੱਗਦੀ ਸੀ ਸਰਕਾਰੀ ਫੀਸ
ਪੰਜਾਬ ਮਾਲੀਆ ਵਿਭਾਗ ਦੇ ਅੰਡਰ ਸੈਕਰੇਟਰੀ ਦੇ ਪੱਤਰ ਮੁਤਾਬਕ ਹੁਣ ਰਜਿਸਟਰੀ ਲਈ ਆਨਲਾਈਨ ਅਪੁਆਇੰਟਮੈਂਟ ਲੈਂਦੇ ਸਮੇਂ 500 ਰੁਪਏ ਵਾਧੂ ਦੇਣੇ ਪੈਣਗੇ। ਪਹਿਲਾਂ ਇਸ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ ਸੀ। ਸਿਰਫ ਸਰਕਾਰੀ ਫੀਸ ਹੀ ਦੇਣੀ ਪੈਂਦੀ ਸੀ। ਜੇਕਰ ਕਿਸੇ ਨੂੰ ਤੁਰੰਤ ਰਜਿਸਟਰੀ ਕਰਵਾਉਣੀ ਹੈ ਤਾਂ ਇਸ ਦੇ ਲਈ 5 ਹਜ਼ਾਰ ਰੁਪਏ ਵਾਧੂ ਖਰਚਣੇ ਪੈਣਗੇ।

ਫਰਦ ਦਾ ਇਕ ਪੇਜ਼ 25 ਰੁਪਏ 'ਚ
ਫਰਦ ਦੀ ਕਾਪੀ ਲੈਣ ਲਈ ਸਰਕਾਰ ਪਹਿਲਾਂ ਪ੍ਰਤੀ ਪੇਜ਼ 20 ਰੁਪਏ ਫੀਸ ਲੈਂਦੀ ਸੀ। ਹੁਣ ਇਸ ਨੂੰ ਵਧਾ ਕੇ 25 ਰੁਪਏ ਕਰ ਦਿੱਤੀ ਹੈ। ਜਲੰਧਰ ਜ਼ਿਲੇ ਦੀ ਗੱਲ ਕੀਤੀ ਜਾਵੇ ਤਾਂ ਇਥੇ ਮਹੀਨੇ ਫਰਦ ਦੇ ਇਕ ਤੋਂ ਸਵਾ ਲੱਖ ਪੇਜ਼ ਨਿਕਲਦੇ ਹਨ। ਸਪਸ਼ਟ ਹੈ ਕਿ ਫਰਦ ਲੈਣ ਵਾਲਿਆਂ ਤੋਂ ਹੀ ਸਰਕਾਰ ਨੂੰ ਮਹੀਨੇ ਦਾ ਲਗਭਗ 5 ਤੋਂ 6 ਲੱਖ ਰੁਪਏ ਵਾਧੂ ਮਾਲੀਆ ਮਿਲੇਗਾ।


shivani attri

Content Editor

Related News