ਦੂਜੇ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ਲਈ ਹੋਮ ਕੁਆਰੰਟੀਨ ਹੋਣਾ ਜ਼ਰੂਰੀ : ਅਪਨੀਤ ਰਿਆਤ

07/02/2020 2:10:30 AM

ਹੁਸ਼ਿਆਰਪੁਰ : ਤਾਲਾਬੰਦੀ ਦੌਰਾਨ ਜਿਥੇ ਜ਼ਰੂਰਤਮੰਦਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਪ੍ਰਸ਼ਾਸਨ ਵਲੋਂ ਸਥਾਪਿਤ ਕੀਤਾ ਗਿਆ ਕੰਟਰੋਲ ਰੂਮ ਸਹਾਇਕ ਸਾਬਤ ਹੋਇਆ, ਉਥੇ ਹੁਣ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੰਟਰੋਲ ਰੂਮ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜੋ ਵੀ ਕੋਈ ਵਿਅਕਤੀ ਦੂਜੇ ਸੂਬੇ ਤੋਂ ਆਇਆ ਹੈ, ਉਸ ਲਈ ਖੁਦ ਨੂੰ ਹੋਮ ਕੁਆਰਨਟੀਨ ਕਰਨਾ ਅਤੇ ਜ਼ਿਲਾ ਕੰਟਰੋਲ ਰੂਮ ਨੂੰ ਸੂਚਿਤ ਕਰਨਾ ਜ਼ਰੂਰੀ ਹੈ, ਤਾਂ ਜੋ ਉਸ ਦੇ ਸੈਂਪਲ ਦੀ ਜਾਂਚ ਕਰਵਾਈ ਜਾ ਸਕੇ। ਉਨਾਂਕਿਹਾ ਕਿ ਜ਼ਿਲਾ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਇਹ ਫੈਸਲਾ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਹ ਕੰਟਰੋਲ ਰੂਮ ਰੋਜ਼ਾਨਾ ਪੂਰਾ ਹਫ਼ਤਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਾ ਰਹੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਮਾਲ ਅਫ਼ਸਰ ਸ਼੍ਰੀ ਅਮਨਪਾਲ ਸਿੰਘ ਇਸ ਕੰਟਰੋਲ ਰੂਮ ਦੇ ਨੋਡਲ ਅਫ਼ਸਰ ਹਨ ਅਤੇ ਇਹ ਕੰਟਰੋਲ ਰੂਮ ਕਮਰਾ ਨੰਬਰ 204, ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਾਪਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਹਰ ਵਿਅਕਤੀ ਲਈ ਇਹ ਜ਼ਰੂਰੀ ਹੈ ਕਿ ਉਹ ਹੋਮ ਕੁਆਰਨਟੀਨ ਹੋ ਕੇ ਜ਼ਿਲਾ ਪੱਧਰੀ ਕੰਟਰਲ ਰੂਮ ਦੇ ਨੰਬਰ 01882-220412 'ਤੇ ਸੰਪਰਕ ਕਰਕੇ ਆਪਣੇ ਬਾਰੇ ਜਾਣਕਾਰੀ ਦੇਵੇ। ਉਨਾਂ ਪਿੰਡਾਂ ਦੇ ਸਰਪੰਚਾਂ ਅਤੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਪਿੰਡ ਜਾਂ ਇਲਾਕੇ ਵਿੱਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ਸਬੰਧੀ ਜਾਣਕਾਰੀ ਦੇ ਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ, ਤਾਂ ਜੋ ਉਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਦੇਸ਼ ਜਾਰੀ ਕਰਦਾ ਹੈ, ਇਸ ਲਈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਸਮੇਂ-ਸਮੇਂ 'ਤੇ ਜਾਰੀ ਹੁਕਮਾਂ ਦੀ ਪਾਲਣਾ ਕਰਨ। ਉਨਾਂ ਕਿਹਾ ਕਿ ਲੋਕਾਂ ਦੁਆਰਾ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਦੇਣ ਲਈ 24 ਘੰਟੇ ਅੰਦਰ ਉਕਤ ਵਿਅਕਤੀਆਂ ਦਾ ਸੈਂਪਲ ਲਿਆ ਜਾਵੇਗਾ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਅੱਗੇ ਆਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


Deepak Kumar

Content Editor

Related News