ਅੰਬਰਾਂ ''ਤੇ ਲਿਖਿਆ ਗਿਆ ਇਤਿਹਾਸ: 350ਵੇਂ ਸ਼ਹੀਦੀ ਦਿਹਾੜੇ ਮੌਕੇ ਆਨੰਦਪੁਰ ਸਾਹਿਬ ਦੇ ਅਸਮਾਨ ''ਚ ਗੂੰਜੀ ''ਹਿੰਦ ਦੀ ਚਾਦਰ''
Tuesday, Nov 25, 2025 - 08:10 PM (IST)
ਆਨੰਦਪੁਰ ਸਾਹਿਬ- ਆਨੰਦਪੁਰ ਸਾਹਿਬ ਵਿਚ ਇਤਿਹਾਸ ਬਣ ਗਿਆ ਜਦੋਂ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਦੁਨੀਆ ਦਾ ਪਹਿਲਾ ਧਾਰਮਿਕ ਡਰੋਨ ਸ਼ੋਅ ਕਰਵਾਇਆ। ਇਸ ਵਿਲੱਖਣ ਸਮਾਗਮ ਨੂੰ ਦੇਖਣ ਲਈ 50 ਹਜ਼ਾਰ ਤੋਂ ਵੱਧ ਸ਼ਰਧਾਲੂ ਅਤੇ ਮਹਿਮਾਨ ਪਹੁੰਚੇ, ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਦੀ ਮਹਾਨ ਸ਼ਹਾਦਤ ਨੂੰ ਇਕ ਅਨੋਖੇ ਢੰਗ ਨਾਲ ਯਾਦ ਕੀਤਾ।
3 ਹਜ਼ਾਰ ਤੋਂ ਵੱਧ ਡਰੋਨਾਂ ਨੇ ਆਸਮਾਨ ਨੂੰ ਰੌਸ਼ਨੀ ਨਾਲ ਚਮਕਾ ਦਿੱਤਾ, ਜਿਵੇਂ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ ਅਤੇ ਧਾਰਮਿਕ ਆਜ਼ਾਦੀ ਲਈ ਦਿੱਤੀ ਸ਼ਹੀਦੀ ਦੀ ਕਹਾਣੀ ਨੂੰ ਰੌਸ਼ਨੀ ਨਾਲ ਲਿਖ ਦਿੱਤਾ ਹੋਵੇ। ਜਿਵੇਂ ਹੀ ਹਨ੍ਹੇਰਾ ਛਾਇਆ, ਡਰੋਨ ਇਕੱਠੇ ਆਸਮਾਨ ’ਚ ਉੱਡੇ ਤੇ ਖੰਡੇ ਦੀ ਪਵਿੱਤਰ ਨਿਸ਼ਾਨੀ ਬਣਾਈ, ਜੋ ਰਾਤ ਦੇ ਹਨ੍ਹੇਰੇ ਵਿਚ ਸੋਨੇ ਵਾਂਗ ਚਮਕ ਰਹੀ ਸੀ। ਭੀੜ ਨੇ ਸ਼ਰਧਾ ਤੇ ਹੈਰਾਨੀ ਨਾਲ ਇਹ ਨਜ਼ਾਰਾ ਦੇਖਿਆ।
ਪੰਜਾਬ ਦੇ ਮੁੱਖ ਮੰਤਰੀ ਨੇ ਇਸ ਇਤਿਹਾਸਕ ਸ਼ੋਅ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਇਹ ਪਹਿਲ ਸਿੱਖ ਵਿਰਾਸਤ ਦਾ ਸਤਿਕਾਰ ਕਰਨ ਅਤੇ ਆਧੁਨਿਕ ਤਕਨਾਲੋਜੀ ਨੂੰ ਅਪਣਾਉਣ ਲਈ ਸਰਕਾਰ ਦੀ ਵਚਨਬੱਧਤਾ ਦਿਖਾਉਂਦੀ ਹੈ। ਉਨ੍ਹਾਂ ਕਿਹਾ, “ਗੁਰੂ ਤੇਗ ਬਹਾਦਰ ਜੀ ਨੇ ਹਰੇਕ ਧਰਮ ਦੇ ਲੋਕਾਂ ਦੀ ਆਜ਼ਾਦੀ ਦੀ ਰੱਖਿਆ ਲਈ ਆਪਣੀ ਜਾਨ ਵਾਰ ਦਿੱਤੀ। ਅੱਜ ਅਸੀਂ ਤਕਨਾਲੋਜੀ ਦੇ ਜ਼ਰੀਏ ਉਨ੍ਹਾਂ ਦਾ ਸਹਿਨਸ਼ੀਲਤਾ ਅਤੇ ਹਿੰਮਤ ਦਾ ਸੁਨੇਹਾ ਦੁਨੀਆ ਭਰ 'ਚ ਪਹੁੰਚਾ ਰਹੇ ਹਾਂ।”

15 ਮਿੰਟਾਂ ਦਾ ਇਹ ਡਰੋਨ ਸ਼ੋਅ ਦਰਸ਼ਕਾਂ ਨੂੰ ਇਤਿਹਾਸ ਦੀ ਇਕ ਭਾਵਨਾਤਮਕ ਯਾਤਰਾ ’ਤੇ ਲੈ ਗਿਆ। ਡਰੋਨਾਂ ਨੇ ਗੁਰੂ ਜੀ ਦੇ ਧਿਆਨ ਵਿਚ ਬੈਠਣ, ਲਾਲ ਕਿਲੇ ’ਚ ਕੈਦ ਹੋਣ ਤੇ ਜ਼ੰਜੀਰਾਂ ਟੁੱਟਣ ਦੇ ਦਰਸ਼ ਪੇਸ਼ ਕੀਤੇ, ਜੋ ਮੁਕਤੀ ਦਾ ਪ੍ਰਤੀਕ ਸਨ। ਹਰ ਤਸਵੀਰ ਦੇ ਨਾਲ ਕੀਰਤਨ ਅਤੇ ਇਤਿਹਾਸਕ ਜਾਣਕਾਰੀ ਦਿੱਤੀ ਗਈ, ਜਿਸ ਨਾਲ ਇਹ ਪ੍ਰੋਗਰਾਮ ਨੌਜਵਾਨ ਪੀੜ੍ਹੀ ਲਈ ਇੱਕ ਦ੍ਰਿਸ਼ਟੀ ਖੂਬਸੂਰਤ ਅਤੇ ਸਿਖਲਾਈ ਭਰਿਆ ਤਜਰਬਾ ਬਣ ਗਿਆ।
ਤਕਨੀਕੀ ਮਾਹਿਰਾਂ ਨੇ ਦੱਸਿਆ ਕਿ ਇਸ ਜਟਿਲ ਸ਼ੋਅ ਨੂੰ ਤਿਆਰ ਕਰਨ ਲਈ ਮਹੀਨਿਆਂ ਦੀ ਯੋਜਨਾ ਅਤੇ ਸਹਿਯੋਗ ਲੱਗਾ। ਟੀਮ ਨੇ ਸਿੱਖ ਵਿਦਵਾਨਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਕੰਮ ਕੀਤਾ ਤਾਂ ਜੋ ਹਰ ਤਸਵੀਰ ਅਤੇ ਨਿਸ਼ਾਨੀ ਧਾਰਮਿਕ ਤੌਰ ’ਤੇ ਸਹੀ ਅਤੇ ਆਤਮਿਕ ਤੌਰ ’ਤੇ ਸਤਿਕਾਰਯੋਗ ਹੋਵੇ। ਧਾਰਮਿਕ ਨਿਸ਼ਾਨੀਆਂ ਨੂੰ ਪੂਰੇ ਆਦਰ ਅਤੇ ਸਹੀ ਤਰੀਕੇ ਨਾਲ ਦਰਸਾਉਣ ’ਤੇ ਖਾਸ ਧਿਆਨ ਦਿੱਤਾ ਗਿਆ।
ਸਮਾਗਮ ਮੁਕੰਮਲ ਹੋਣ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਵੀਡੀਓ ਅਤੇ ਤਸਵੀਰਾਂ ਦਾ ਹੜ੍ਹ ਆ ਗਿਆ। ਡਰੋਨ ਸ਼ੋਅ ਨਾਲ ਜੁੜੇ ਹੈਸ਼ਟੈਗ ਰਾਸ਼ਟਰੀ ਪੱਧਰ ’ਤੇ ਟ੍ਰੈਂਡ ਕਰਨ ਲੱਗੇ। ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਦੇ ਇਸ ਨਵੇਂ ਤਰੀਕੇ ਦੀ ਸ਼ਲਾਘਾ ਕੀਤੀ। ਅੰਤਰਰਾਸ਼ਟਰੀ ਮੀਡੀਆ ਨੇ ਵੀ ਇਸ ਖ਼ਬਰ ਨੂੰ ਪ੍ਰਮੁੱਖ ਤੌਰ ’ਤੇ ਦਰਸਾਇਆ ਤੇ ਇਸਨੂੰ ਤਕਨਾਲੋਜੀ ਅਤੇ ਆਤਮਿਕਤਾ ਦੇ ਮਿਲਾਪ ਦਾ ਵਿਲੱਖਣ ਉਦਾਹਰਨ ਕਿਹਾ।
ਸਮਾਗਮ ਵਿੱਚ ਮੌਜੂਦ ਧਾਰਮਿਕ ਆਗੂਆਂ ਨੇ ਕਿਹਾ ਕਿ ਇਹ ਪੈਲ ਨੌਜਵਾਨਾਂ ਨੂੰ ਸਿੱਖ ਇਤਿਹਾਸ ਤੇ ਮੁੱਲਾਂ ਨਾਲ ਜੋੜਣ ਦਾ ਇੱਕ ਤਗੜਾ ਜ਼ਰੀਆ ਹੈ। ਪ੍ਰਸਿੱਧ ਸਿੱਖ ਵਿਦਵਾਨ ਬਾਬਾ ਹਰਜਿੰਦਰ ਸਿੰਘ ਨੇ ਕਿਹਾ, “ਗੁਰੂ ਦਾ ਸੁਨੇਹਾ ਸਮੇਂ ਤੋਂ ਪਰੇ ਹੈ ਅਤੇ ਇਹ ਸ਼ੋਅ ਸਾਬਤ ਕਰਦਾ ਹੈ ਕਿ ਭਗਤੀ ਹਰ ਯੁੱਗ ਦੀ ਆਪਣੀ ਬੋਲੀ ਹੁੰਦੀ ਹੈ। ਰਵਾਇਤੀ ਤਰੀਕੇ ਅਹਿਮ ਹਨ ਪਰ ਅਜਿਹੇ ਨਵੇਂ ਤਰੀਕੇ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਡੂੰਘੇ ਤੌਰ ’ਤੇ ਜੋੜਦੇ ਹਨ।”
ਪੰਜਾਬ ਸਰਕਾਰ ਨੇ ਇਸ ਡਰੋਨ ਸ਼ੋਅ ਨੂੰ ਦਸਤਾਵੇਜ਼ੀ ਰੂਪ ਦੇਣ ਅਤੇ ਵਿਸ਼ਵ ਪੱਧਰ ’ਤੇ ਸਿੱਖਿਆ ਸੰਸਥਾਵਾਂ ਲਈ ਉਪਲੱਬਧ ਕਰਨ ਦੀ ਘੌਸ਼ਣਾ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਇਤਿਹਾਸਕ ਸਮਾਗਮ ਦਰਸਾਂਦਾ ਹੈ ਕਿ ਕਿਵੇਂ ਰਾਜ ਸਰਕਾਰਾਂ ਗੰਭੀਰਤਾ ਅਤੇ ਸ਼ਰਧਾ ਨਾਲ ਤਕਨਾਲੋਜੀ ਰਾਹੀਂ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾ ਸਕਦੀਆਂ ਹਨ। ਆਨੰਦਪੁਰ ਸਾਹਿਬ ਵਿਚ ਹੋਏ ਇਸ ਪਹਿਲੇ ਧਾਰਮਿਕ ਡਰੋਨ ਸ਼ੋਅ ਦੀ ਕਾਮਯਾਬੀ ਨੇ ਪੂਰੇ ਦੇਸ਼ ਵਿਚ ਚਰਚਾ ਚਲਾ ਦਿੱਤੀ ਹੈ।
