ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ ਸ਼ਹਿਰ ਨਿਵਾਸੀ

06/24/2018 3:26:34 PM

ਕਪੂਰਥਲਾ (ਗੁਰਵਿੰਦਰ ਕੌਰ)— ਇਕ ਪਾਸੇ ਜਿੱਥੇ ਪਿੰਡਾਂ ਅੰਦਰ ਬੇਸਹਾਰਾ ਪਸ਼ੂਆਂ ਵੱਲੋਂ ਕਿਸਾਨਾਂ ਦੀਆਂ ਫਸਲਾਂ ਦੇ ਕੀਤੇ ਜਾ ਰਹੇ ਵੱਡੇ ਨੁਕਸਾਨ ਕਾਰਨ ਕਿਸਾਨ ਵਰਗ ਚਿੰਤਾਵਾਂ 'ਚੋਂ ਨਿਕਲ ਨਹੀਂ ਰਿਹਾ, ਉਥੇ ਹੀ ਹੁਣ ਬੇਸਹਾਰਾ ਪਸ਼ੂਆਂ ਨੇ ਸ਼ਹਿਰਾਂ ਦੀਆਂ ਮੁੱਖ ਸੜਕਾਂ 'ਤੇ ਮਨੁੱਖੀ ਜਾਨਾਂ ਨੂੰ ਵੀ ਆਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਪੂਰੇ ਪੰਜਾਬ ਅੰਦਰ ਬੇਸਹਾਰਾ ਪਸ਼ੂਆਂ ਦੀ ਇਕ ਗੰਭੀਰ ਸਮੱਸਿਆ ਬਣ ਗਈ ਹੈ। ਭਾਵੇਂ ਸਮੇਂ ਦੀਆਂ ਸਰਕਾਰਾਂ ਮੂਹਰੇ ਪਿੰਡਾਂ ਅਤੇ ਸ਼ਹਿਰਾਂ ਦੇ ਬੁੱਧੀਜੀਵੀ ਵਰਗ ਨੇ ਇਸ ਸਮੱਸਿਆ ਦੇ ਹੱਲ ਦਾ ਮਾਮਲਾ ਵੱਡੇ ਪੱਧਰ 'ਤੇ ਉਠਾਇਆ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਰਹਿਣ ਕਰ ਕੇ ਲੋਕ ਅੰਤਾਂ ਦੀ ਪ੍ਰੇਸ਼ਾਨੀ ਝੱਲ ਰਹੇ ਹਨ। 
ਗਊ ਸੈੱਸ ਤੋਂ ਕਰੋੜਾਂ ਰੁਪਏ ਇਕੱਠੇ ਕਰਨ ਤੋਂ ਬਾਅਦ ਵੀ ਨਹੀਂ ਹੋ ਰਿਹੈ ਕੋਈ ਹੱਲ 
ਸ਼ਹਿਰ ਨਿਵਾਸੀਆਂ ਅਤੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸਾਲ ਗਊ ਸੈੱਸ ਤੋਂ ਕਰੋੜਾਂ ਰੁਪਏ ਇਕੱਠੇ ਕਰਦੀ ਹੈ ਪਰ ਫਿਰ ਵੀ ਕਪੂਰਥਲਾ ਸ਼ਹਿਰ ਅੰਦਰ ਬੇਸਹਾਰਾ ਪਸ਼ੂਆਂ ਦੀ ਭਰਮਾਰ ਹੋਣ ਕਰ ਕੇ ਲੋਕਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਇਥੋਂ ਤੱਕ ਕੀ ਸਰਕਾਰੀ ਅਦਾਰਿਆਂ 'ਚ ਵੀ ਬੇਸਹਾਰਾ ਪਸ਼ੂ ਆਮ ਤੌਰ 'ਤੇ ਦੇਖੇ ਜਾ ਸਕਦੇ ਹਨ ਪਰ ਫਿਰ ਵੀ ਪ੍ਰਸ਼ਾਸਨ ਇਸ ਸਮੱਸਿਆ ਨੂੰ ਅਣਦੇਖਾ ਕਰ ਰਿਹਾ ਹੈ। ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਜੇਕਰ ਸਰਕਾਰਾਂ ਵੱਲੋਂ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਹੀ ਨਹੀਂ ਕਰਨਾ ਹੈ ਤਾਂ ਗਊ ਸੈੱਸ ਲੈਣ ਦਾ ਕੋਈ ਮਤਲਬ ਨਹੀਂ ਹੈ। 
ਹਰਿਆਲੀ ਨੂੰ ਵੀ ਪਹੁੰਚਾ ਰਹੇ ਹਨ ਨੁਕਸਾਨ
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਕਪੂਰਥਲਾ, ਸਮਾਜ ਸੇਵੀ ਸੰਸਥਾਵਾਂ ਤੇ ਹੋਰਨਾਂ ਵੱਲੋਂ ਸ਼ਹਿਰ ਨੂੰ ਸੁੰਦਰ ਤੇ ਹਰਿਆ-ਭਰਿਆ ਬਣਾਉਣ ਲਈ ਵੱਖ-ਵੱਖ ਖਾਲੀ ਥਾਵਾਂ, ਸੜਕਾਂ ਦੇ ਕੰਢੇ ਤੇ ਵਿਚਕਾਰ ਬਣੇ ਡਿਵਾਈਡਰਾਂ 'ਚ ਰੁੱਖ ਲਾਏ ਜਾ ਰਹੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ, ਇਥੋਂ ਤੱਕ ਕਿ ਰੁੱਖਾਂ ਦੀ ਸੇਫਟੀ ਲਈ ਉਨ੍ਹਾਂ ਦੇ ਆਲੇ-ਦੁਆਲੇ ਟ੍ਰੀ-ਗਾਰਡ ਵੀ ਲਾਏ ਗਏ ਹਨ ਪਰ ਇਸ ਦੇ ਬਾਵਜੂਦ ਵੀ ਬੇਸਹਾਰਾ ਪਸ਼ੂਆਂ ਵੱਲੋਂ ਹਰੇ ਰੁੱਖਾਂ ਨੂੰ ਲਗਾਤਾਰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਬੇਸਹਾਰਾ ਪਸ਼ੂਆਂ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ
ਸੰਘਣੀ ਆਬਾਦੀ ਵਾਲੇ ਸ਼ਹਿਰ ਕਪੂਰਥਲਾ 'ਚ ਪਸ਼ੂਆਂ ਦੀ ਦਿਨ-ਪ੍ਰਤੀ-ਦਿਨ ਵੱਧਦੀ ਗਿਣਤੀ ਨੇ ਜਿਥੇ ਆਮ ਲੋਕਾਂ ਅਤੇ ਵਾਹਨ ਚਾਲਕਾਂ ਲਈ ਇਕ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ ਉਥੇ ਹੀ ਬੇਸਹਾਰਾ ਪਸ਼ੂਆਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ ਹਨ। ਇਸ ਸਬੰਧੀ ਸ਼ੇਖੂਪੁਰ ਦੇ ਇਕ ਕਿਸਾਨ ਨੇ ਦੱਸਿਆ ਕਿ ਦਿਨ ਵੇਲੇ ਇਥੇ ਸਿਰਫ 5 ਤੋਂ 8 ਤੱਕ ਬੇਸਹਾਰਾ ਪਸ਼ੂ ਸਨ ਪਰ ਬੀਤੀ ਰਾਤ ਇਨ੍ਹਾਂ ਦੀ ਗਿਣਤੀ ਕਰੀਬ 12 ਤੋਂ 15 ਤੱਕ ਦੀ ਹੋ ਗਈ ਤੇ ਇਨ੍ਹਾਂ ਬੇਸਹਾਰਾ ਪਸ਼ੂਆਂ ਨੇ ਉਨ੍ਹਾਂ ਦੀਆਂ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ-ਆਪਣੇ ਖੇਤਾਂ ਦੇ ਆਲੇ-ਦੁਆਲੇ ਕੰਡਿਆਲੀ ਤਾਰ ਲਾਈ ਗਈ ਹੈ ਪਰ ਫਿਰ ਵੀ ਇਹ ਬੇਸਹਾਰਾ ਪਸ਼ੂ ਉਨ੍ਹਾਂ ਨੂੰ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਹਨ, ਜਿਸ ਤੋਂ ਬਾਅਦ ਇਹ ਫਸਲਾਂ ਦਾ ਕਾਫੀ ਨੁਕਸਾਨ ਕਰਦੇ ਹਨ। 

PunjabKesari
ਪਸ਼ੂਆਂ ਨੂੰ ਫੜਨ ਸਬੰਧੀ ਚਲਾਈ ਮੁਹਿੰਮ ਠੰਡੇ ਬਸਤੇ 'ਚ
ਜ਼ਿਕਰਯੋਗ ਹੈ ਕਿ ਡੀ. ਸੀ. ਮੁਹੰਮਦ ਤਈਅਬ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੈਟਲ ਕੈਚਿੰਗ ਸਕੀਮ ਤਹਿਤ ਪਸ਼ੂ ਪਾਲਣ ਵਿਭਾਗ ਪਟਿਆਲਾ ਤੋਂ ਆਈ ਟੀਮ ਦੇ ਸਹਿਯੋਗ ਨਾਲ ਪਸ਼ੂ ਪਾਲਣ ਵਿਭਾਗ ਕਪੂਰਥਲਾ ਅਤੇ ਨਗਰ ਕੌਂਸਲ ਕਪੂਰਥਲਾ ਦੀ ਟੀਮ ਵੱਲੋਂ ਸਾਂਝੇ ਤੌਰ 'ਤੇ ਕਪੂਰਥਲਾ ਸ਼ਹਿਰ 'ਚੋਂ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਕਮਾਲਪੁਰ (ਮੋਠਾਂਵਾਲ) 'ਚ ਭੇਜਣ ਦੀ ਮੁਹਿੰਮ ਵੀ ਚਲਾਈ ਗਈ ਸੀ ਤੇ ਕਰੀਬ 15 ਬੇਸਹਾਰਾ ਪਸ਼ੂਆਂ ਨੂੰ ਟਰਾਲੀਆਂ 'ਚ ਲੱਦ ਕੇ ਗਊਸ਼ਾਲਾ ਕਮਾਲਪੁਰ ਵਿਖੇ ਭੇਜਿਆ ਗਿਆ ਸੀ ਪਰ ਹੁਣ ਇਸ ਤੋਂ ਬਾਅਦ ਲਗਭਗ 2 ਮਹੀਨੇ ਬੀਤ ਜਾਣ ਦੇ ਬਾਅਦ ਦੀ ਇਸ ਮੁਹਿੰਮ ਤਹਿਤ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਇਹ ਮੁਹਿੰਮ ਠੰਡੇ ਬਸਤੇ 'ਚ ਪਈ ਨਜ਼ਰ ਆ ਰਹੀ ਹੈ। 
ਹਾਦਸਿਆਂ ਦਾ ਕਾਰਨ ਬਣਦੇ ਹਨ ਬੇਸਹਾਰਾ ਪਸ਼ੂ
ਕਪੂਰਥਲਾ ਸ਼ਹਿਰ ਦੀਆਂ ਸੜਕਾਂ 'ਤੇ ਇਹ ਬੇਸਹਾਰਾ ਪਸ਼ੂ ਝੁੰਡ ਬਣਾ ਕੇ ਘੁੰਮਦੇ ਹਨ, ਜਿਸ ਕਾਰਨ ਇਹ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਅਤੇ ਇਨ੍ਹਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਬੇਸਹਾਰਾ ਪਸ਼ੂਆਂ ਕਾਰਨ ਕਈ ਲੋਕ ਗੰਭੀਰ ਜ਼ਖਮੀ ਹੋਏ ਹਨ ਅਤੇ ਕਈਆਂ ਦੀਆਂ ਜਾਨਾਂ ਤੱਕ ਜਾ ਚੁੱਕੀਆਂ ਹਨ ਪਰ ਪ੍ਰਸ਼ਾਸਨ ਇਨ੍ਹਾਂ ਪ੍ਰਤੀ ਬਿਲਕੁਲ ਵੀ ਗੰਭੀਰ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਦੁੱਧ ਦੇਣ ਵਾਲੇ ਪਸ਼ੂਆਂ ਨੂੰ ਹੀ ਜਾਂਦੈ ਫੜਿਆ 
ਦੇਖਣ 'ਚ ਆਇਆ ਹੈ ਕਿ ਸ਼ਹਿਰ 'ਚ ਬਹੁਤ ਸਾਰੀਆਂ ਗਊਸ਼ਾਲਾਵਾਂ ਸਥਿਤ ਹਨ ਪਰ ਇਸ ਦੇ ਬਾਵਜੂਦ ਬੇਸਹਾਰਾ ਪਸ਼ੂਆਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ, ਇਸ ਦਾ ਮੁੱਖ ਕਾਰਨ ਇਹ ਹੈ ਕਿ ਕੁਝ ਗਊਸ਼ਾਲਾਵਾਂ 'ਚ ਕਰੀਬ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਹੀ ਰੱਖਿਆ ਜਾ ਰਿਹਾ ਹੈ ਅਤੇ ਦੂਜੇ ਪਸ਼ੂਆਂ ਨੂੰ ਛੱਡ ਦਿੱਤਾ ਜਾਂਦਾ ਹੈ। ਇਸ ਦੇ ਨਾਲ-ਨਾਲ ਲੋਕਾਂ ਵੱਲੋਂ ਵੀ ਜੋ ਪਸ਼ੂ ਦੁੱਧ ਦੇਣਾ ਬੰਦ ਕਰ ਦਿੰਦੇ ਹਨ, ਉਨ੍ਹਾਂ ਨੂੰ ਰਾਤ ਦੇ ਸਮੇਂ ਸੜਕਾਂ 'ਤੇ ਛੱਡ ਦਿੱਤਾ ਜਾਂਦਾ ਹੈ। 
ਪਸ਼ੂਆਂ ਨੂੰ ਬੇਸਹਾਰਾ ਛੱਡਣ ਵਾਲਿਆਂ ਵਿਰੁੱਧ ਹੋਵੇ ਸਖਤ ਕਾਰਵਾਈ
ਕਪੂਰਥਲਾ ਨਿਵਾਸੀਆਂ ਨੇ ਬੇਸਹਾਰਾ ਪਸ਼ੂਆਂ ਦੇ ਸਬੰਧ 'ਚ ਕੋਈ ਯੋਗ ਕਾਰਵਾਈ ਨਾ ਕਰਨ ਲਈ ਜ਼ਿਲਾ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਜੋ ਲੋਕ ਇਨ੍ਹਾਂ ਪਸ਼ੂਆਂ ਨੂੰ ਛੱਡਦੇ ਹਨ ਉਨ੍ਹਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਬੇਸਹਾਰਾ ਪਸ਼ੂਆਂ ਸਬੰਧੀ ਕੋਈ ਸਥਾਈ ਹੱਲ ਲੱਭਿਆ ਜਾਵੇ।


Related News