ਤੇਜ਼ ਮੀਂਹ ਨਾਲ ਰੁੜ੍ਹਿਆ ਚੱਬੇਵਾਲ ਚੋਅ ਦਾ ਕਾਜ਼ਵੇ

08/03/2019 3:02:16 PM

ਹੁਸ਼ਿਆਰਪੁਰ/ਚੱਬੇਵਾਲ (ਘੁੰਮਣ, ਗੁਰਮੀਤ)—ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਪਏ ਤੇਜ਼ ਮੀਂਹ ਨਾਲ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਪਿੰਡ ਬੱਸੀ ਕਲਾਂ ਨਜ਼ਦੀਕ ਚੱਬੇਵਾਲ ਚੋਅ ਦਾ ਪਿੰਡ ਮੈਹਨਾਂ ਨੂੰ ਜਾ ਰਹੀ ਸੜਕ 'ਤੇ ਡਰੇਨਜ਼ ਵਿਭਾਗ ਵੱਲੋਂ ਬਣਾਇਆ ਗਿਆ ਕਾਜ਼ਵੇ ਪੂਰੀ ਤਰ੍ਹਾਂ ਰੁੜ੍ਹ ਗਿਆ। ਸੂਚਨਾ ਮਿਲਣ 'ਤੇ ਡਰੇਨਜ਼ ਵਿਭਾਗ ਦੇ ਕਾਰਜਕਾਰੀ ਇੰਜੀ. ਸੁਖਵਿੰਦਰ ਸਿੰਘ ਕਲਸੀ ਦੇ ਨਿਰਦੇਸ਼ਾਂ 'ਤੇ ਨਸਰਾਲਾ ਉਪ-ਮੰਡਲ ਦੇ ਸਬ-ਡਵੀਜ਼ਨਲ ਇੰਜੀ. ਨਵਭੂਸ਼ਣ ਡੋਗਰਾ ਅਤੇ ਜੂਨੀਅਰ ਇੰਜੀ. ਹਰੀ ਸ਼ਰਨਮ ਸ਼ਰਮਾ ਦੀ ਅਗਵਾਈ ਵਿਚ ਡਰੇਨਜ਼ ਵਿਭਾਗ ਦੇ ਕਰਮਚਾਰੀਆਂ ਨੇ ਅੱਜ ਸਵੇਰੇ ਮੌਕੇ 'ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਚੱਬੇਵਾਲ ਚੋਅ ਦਾ ਇਹ ਕਾਜ਼ਵੇ ਲਗਭਗ 7 ਹਜ਼ਾਰ ਕਿਊਸਿਕ ਪਾਣੀ (ਢਾਈ-ਤਿੰਨ ਫੁੱਟ) ਆਉਣ ਕਾਰਣ ਰੁੜ੍ਹ ਗਿਆ। ਲਗਭਗ 200 ਫੁੱਟ ਲੰਬੇ ਇਸ ਕਾਜ਼ਵੇ ਦੇ ਰੁੜ੍ਹਨ ਨਾਲ ਮੈਹਨਾ ਅਤੇ ਬੱਸੀ ਕਲਾਂ ਦਾ ਸੰਪਰਕ ਟੁੱਟ ਗਿਆ ਹੈ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ।ਇਸੇ ਤਰ੍ਹਾਂ ਹੁਸ਼ਿਆਰਪੁਰ-ਊਨਾ ਰੋਡ 'ਤੇ ਸਥਿਤ ਜਾਮੁਨ ਵਾਲਾ ਚੋਅ ਵਿਚ ਵੀ ਭਾਰੀ ਹੜ੍ਹ ਆਉਣ ਨਾਲ ਚੋਅ ਦਾ ਪਾਣੀ ਬੂਥਗੜ੍ਹ ਦੇ ਨਜ਼ਦੀਕ ਨੌਗਾਵਾਂ ਪਿੰਡ 'ਚ ਦਾਖਲ ਹੋ ਗਿਆ। ਇਸ ਨਾਲ ਖੇਤਾਂ 'ਚ ਖੜ੍ਹੀਆਂ ਫਸਲਾਂ ਕਾਫੀ ਪ੍ਰਭਾਵਿਤ ਹੋਈਆਂ। ਮੀਂਹ ਕਾਰਣ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਮਹਿਲਾਂਵਾਲੀ, ਰਾਜਨੀ ਦੇਵੀ ਅਤੇ ਬਾਹੋਵਾਲ ਚੋਅ ਵੀ ਮੀਂਹ ਦੇ ਪਾਣੀ ਨਾਲ ਉੱਛਲ ਰਹੇ ਹਨ। ਪਿੰਡ ਥਥਲਾਂ ਦੇ ਚੋਅ ਵਿਚ ਵੀ ਲਗਭਗ 2 ਫੁੱਟ ਪਾਣੀ ਰਿਕਾਰਡ ਕੀਤਾ ਗਿਆ।ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਹੁਕਮ 'ਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਹਾਲਾਤ 'ਤੇ ਪੂਰੀ ਨਜ਼ਰ ਰੱਖੀ ਹੋਈ ਹੈ। ਡਰੇਨਜ਼ ਵਿਭਾਗ ਦੇ ਸੂਤਰਾਂ ਅਨੁਸਾਰ ਹੜ੍ਹ ਵਰਗੇ ਹਾਲਾਤ ਨਾਲ ਸਿੱਝਣ ਲਈ ਵਿਭਾਗ ਪੂਰੀ ਤਰ੍ਹਾਂ ਸਮਰੱਥ ਹੈ।


Shyna

Content Editor

Related News